ਹੜ੍ਹ: ਜਾਨਾਂ ਗਵਾਉਣ ਵਾਲੇ ਚਾਰ ਜਣਿਆਂ ਦੇ ਵਾਰਿਸਾਂ ਨੂੰ ਚਾਰ-ਚਾਰ ਲੱਖ ਰੁਪਏ ਦੀ ਮਦਦ
ਚੈੱਕ ਵੰਡਣ ਉਪਰੰਤ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਸੰਬੋਧਨ ਕਰਦਿਆਂ ਕਿਹਾ ਕਿ ਹੜ੍ਹਾਂ ਦੀ ਕੁਦਰਤੀ ਮਾਰ ਹੇਠ ਜਿੱਥੇ ਪੰਜਾਬ ਦੀਆਂ ਫਸਲਾਂ ਪ੍ਰਭਾਵਿਤ ਹੋਈਆਂ ਹਨ, ਪਸ਼ੂ ਧੰਨ ਦਾ ਨੁਕਸਾਨ ਹੋਇਆ ਅਤੇ ਲੋਕਾਂ ਦੇ ਘਰ ਵੀ ਪ੍ਰਭਾਵਿਤ ਹੋਏ ਹਨ, ਉਥੇ ਹੀ ਨਾਲ ਸਭ ਤੋਂ ਦੁਖਦਾਈ ਘਟਨਾਵਾਂ ਵਾਪਰੀਆਂ ਜਿੰਨ੍ਹਾਂ ਵਿੱਚ ਬਹੁਤ ਹੀ ਕੀਮਤੀ ਜਾਨਾਂ ਚਲੀਆਂ ਗਈਆਂ। ਸਰਕਾਰ ਹਰ ਦੁੱਖ ਦੀ ਘੜੀ ਵਿੱਚ ਇਨ੍ਹਾਂ ਪਰਿਵਾਰਾਂ ਦੇ ਨਾਲ ਖੜ੍ਹੀ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਬਹੁਤ ਜਲਦੀ ਪਹਿਲ ਕਦਮੀ ਕਰਦਿਆਂ ਇਨ੍ਹਾਂ ਪਰਿਵਾਰਾਂ ਦੇ ਲਈ ਆਰਥਿਕ ਸਹਾਇਤਾ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪਠਾਨਕੋਟ ਦੇ ਅੱਠ ਪਰਿਵਾਰ ਹਨ, ਜਿਨ੍ਹਾਂ ਦੇ ਪਰਿਵਾਰਿਕ ਮੈਂਬਰ ਹੜ੍ਹਾਂ ਕਾਰਨ ਰੁੜ੍ਹ ਗਏ। ਇਨ੍ਹਾਂ ਵਿੱਚ ਪਿੰਡ ਅੱਤੇਪੁਰ ਤੋਂ ਨੌਜਵਾਨ ਜਗਤਾਰ, ਢਾਂਗੂ ਸਰਾਂ ਤੋਂ ਬੱਚਾ ਸਾਹਿਲ, ਰਾਜਪੁਰਾ ਤੋਂ ਕੇਸ਼ਵ ਕੁਮਾਰ ਅਤੇ ਰੇਸ਼ਮਾਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਬਾਕੀ ਰਹਿੰਦੇ ਚਾਰ ਪਰਿਵਾਰਾਂ ਦੇ ਕਾਗਜ਼ਾਤ ਜੋ ਪੂਰਨ ਨਹੀਂ ਹਨ ਉਨ੍ਹਾਂ ਚਾਰ ਪਰਿਵਾਰਾਂ ਨੂੰ ਵੀ ਜਲਦੀ ਆਰਥਿਕ ਸਹਾਇਤਾ ਦਿੱਤੀ ਜਾਵੇਗੀ।