ਸੋਸ਼ਲ ਮੀਡੀਆ ’ਤੇ ਮਦਦ ਲਈ ਫਰਜ਼ੀ ਅਪੀਲਾਂ ਦਾ ‘ਹੜ੍ਹ’
ਕਈ ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਹੜ੍ਹ ਰਾਹਤ ਦੇ ਬਹਾਨੇ ਪੈਸੇ ਮੰਗਣ ਵਾਲੇ ਖਾਤਿਆਂ ਬਾਰੇ ਚਿੰਤਾ ਪ੍ਰਗਟ ਕੀਤੀ ਹੈ।
ਇੱਕ X ਉਪਭੋਗਤਾ ਅੰਕਿਤ ਬਾਂਸਲ ਨੇ ਲੋਕਾਂ ਨੂੰ ਦਾਨ ਕਰਨ ਤੋਂ ਪਹਿਲਾਂ ਸੰਗਠਨਾਂ ਦੀ ਅਸਲੀਅਤ ਦੀ ਪੁਸ਼ਟੀ ਕਰਨ ਦੀ ਅਪੀਲ ਕੀਤੀ ਹੈ। ਉਸ ਨੇ ਦਾਅਵਾ ਕੀਤਾ ਕਿ ਕੁਝ NRIs ਨੇ ਅਣਜਾਣੇ ਵਿੱਚ ਸਤਨਾਮ ਸਿੰਘ ਨਾਮ ਦੇ ਇੱਕ ਵਿਅਕਤੀ ਦੁਆਰਾ ਚਲਾਏ ਜਾ ਰਹੇ ਇੱਕ ਇੰਸਟਾਗ੍ਰਾਮ ਪੇਜ ’ਤੇ ਦਾਨ ਦਿੱਤਾ ਸੀ, ਜਿਸ ਨੂੰ ਬਾਅਦ ਵਿੱਚ ਡਿਲੀਟ ਕਰ ਦਿੱਤਾ ਗਿਆ ਹੈ। ਦਿੱਤਾ ਗਿਆ ਸੰਪਰਕ ਨੰਬਰ ਵੀ ਕਥਿਤ ਤੌਰ ’ਤੇ ਵਰਤੋਂ ਵਿੱਚ ਨਹੀਂ ਹੈ।
ਇੱਕ ਹੋਰ X ਉਪਭੋਗਤਾ A Sidhu ਨੇ ਹੜ੍ਹ ਰਾਹਤ ਲਈ 80,000 ਰੁਪਏ ਦੀ ਮੰਗ ਕਰਨ ਵਾਲੇ ਇੱਕ ਸੁਨੇਹੇ ਦਾ ਸਕਰੀਨਸ਼ਾਟ ਸਾਂਝਾ ਕੀਤਾ। ਸੁਨੇਹਾ ਭੇਜਣ ਵਾਲੇ ਕਥਿਤ ਤੌਰ ’ਤੇ ਤਰਨਤਾਰਨ ਜ਼ਿਲ੍ਹੇ ਦੇ ਵਾਸੀ ਵਿਅਕਤੀ ਨੇ ਦਾਅਵਾ ਕੀਤਾ ਕਿ ਉਸ ਦਾ ਪਿੰਡ ਡੁੱਬ ਗਿਆ ਹੈ ਅਤੇ ਉਸ ਨੇ ਪਿੰਡ ਵਾਸੀਆਂ ਲਈ ਭੋਜਨ, ਪਾਣੀ ਅਤੇ ਆਸਰਾ ਲਈ ਤੁਰੰਤ ਪੈਸੇ ਦੀ ਮੰਗ ਕੀਤੀ।
ਸਿੱਧੂ ਨੇ ਅਜਿਹੀਆਂ ਪੋਸਟਾਂ ਤੋਂ ਭਾਵੁਕ ਹੋਣ ਵਾਲਿਆਂ ਨੂੰ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਕਿਹਾ, ‘‘ਜਿਵੇਂ ਕਿ ਉਮੀਦ ਕੀਤੀ ਗਈ ਸੀ ਟਵੀਟ ਹੁਣ ਡਿਲੀਟ ਕਰ ਦਿੱਤਾ ਗਿਆ ਹੈ, ਇਸ ਲਈ ਸਕਰੀਨਸ਼ਾਟ ਸਾਂਝਾ ਕਰ ਰਿਹਾ ਹਾਂ। ਕਿਰਪਾ ਕਰਕੇ ਅਜਿਹੇ ਘੁਟਾਲੇਬਾਜ਼ਾਂ ਦੇ ਜਾਲ ਵਿੱਚ ਨਾ ਫਸੋ।’’
ਅਜਿਹੇ ਮਾਮਲਿਆਂ ਦੀ ਵਧ ਰਹੀ ਗਿਣਤੀ ਦੇ ਜਵਾਬ ਵਿੱਚ ਕੁਝ ਜਾਗਰੂਕ ਲੋਕਾਂ ਨੇ ਸਿਰਫ਼ ਭਰੋਸੇਯੋਗ NGO, ਜਾਣੇ-ਪਛਾਣੇ ਵਿਅਕਤੀਆਂ, ਜਾਂ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਅਤੇ ਪੰਜਾਬ ਮੁੱਖ ਮੰਤਰੀ ਰਾਹਤ ਫੰਡ ਰਾਹੀਂ ਹੀ ਦਾਨ ਕਰਨ ਦੀ ਅਪੀਲ ਕੀਤੀ ਹੈ।