ਕਿਸਾਨ ਮਜ਼ਦੂਰ ਜਥੇਬੰਦੀ 11 ਅਗਸਤ ਨੂੰ ਕਰੇਗੀ ਮੋਟਰਸਾਈਕਲ ਮਾਰਚ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ 11 ਅਗਸਤ ਨੂੰ ਪੰਜਾਬ ਭਰ ਵਿੱਚ ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਮੋਟਸਾਈਕਲ ਮਾਰਚ ਅਤੇ 20 ਅਗਸਤ ਨੂੰ ਜਲੰਧਰ ਦੇ ਪਿੰਡ ਕੁੱਕੜ 'ਚ ਹੋਣ ਵਾਲੀ ਮਹਾਂਰੈਲੀ ਵਿੱਚ ਲੱਖਾਂ ਕਿਸਾਨਾਂ ਦੀ ਸ਼ਮੂਲੀਅਤ ਦੀ ਤਿਆਰੀਆਂ ਵੀ ਮੁਕੰਮਲ ਕਰ ਲਈਆਂ ਗਈਆਂ ਹਨ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਸਤਨਾਮ ਸਿੰਘ ਪੰਨੂ ਨੇ ਕਿਹਾ, ‘‘ਪੰਜਾਬ ਵਿੱਚ ਧੱਕੇ ਨਾਲ ਬਣੇ ਕਥਿਤ ਸੁਪਰ ਮੁੱਖ ਮੰਤਰੀ ਕੇਜਰੀਵਾਲ ਵੱਲੋਂ ਕਾਰਪੋਰੇਟ ਜਗਤ ਤੇ ਕੇਂਦਰ ਸਰਕਾਰ ਦੀਆਂ ਡੰਡਾਉਤ ਕਰਦਿਆਂ ਲੈਂਡ ਪੂਲਿੰਗ ਸਕੀਮ ਅਧੀਨ ਪੰਜਾਬ ਦੇ ਕਿਸਾਨਾਂ ਦੀ 65,533 ਏਕੜ ਉਪਜਾਊ ਜ਼ਮੀਨ ਦਾ ਸ਼ਹਰੀਕਰਨ ਕਰਨ ਲਈ ਐਕੁਆਇਰ ਕੀਤੀ ਗਈ ਹੈ ਅਤੇ ਹਾਲੇ 1 ਲੱਖ ਏਕੜ ਹੋਰ ਵੱਡੇ ਉਦਯੋਗ ਲਾਉਣ ਲਈ ਉਦਯੋਗਿਕ ਪਾਰਕ ਦੇ ਨਾਮ ਹੇਠ ਕਿਸਾਨਾਂ ਤੋਂ ਖੋਹਣ ਦੀ ਤਿਆਰੀ ਹੈ।
ਕਿਸਾਨ ਆਗੂਆਂ ਕਿਹਾ ਦਿੱਲੀ ਤੋਂ ਆਏ ਧਾੜਵੀਆਂ ਦੇ ਇਸ ਧੱਕੇ ਨੂੰ ਰੋਕਣ ਲਈ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਦਿੱਤੇ ਗਏ 11 ਅਗਸਤ ਨੂੰ ਪੰਜਾਬ ਭਰ ਵਿੱਚ ਮੋਟਰਸਾਈਕਲ ਮਾਰਚ ਦੀਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸਭ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਕਿਹਾ 15 ਜ਼ਿਲਿਆਂ ਮੋਗਾ, ਮੁਕਤਸਰ, ਫਾਜ਼ਿਲਕਾ, ਜਲਾਲਾਬਾਦ, ਫਿਰੋਜ਼ਪੁਰ, ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਲੁਧਿਆਣਾ, ਰੋਪੜ, ਪਟਿਆਲਾ, ਬਠਿੰਡਾ ਆਦਿ ਵਿੱਚ ਹਜ਼ਾਰਾਂ ਕਿਸਾਨਾਂ, ਮਜਦੂਰਾਂ ਤੇ ਬੀਬੀਆਂ ਵੱਲੋਂ ਪੂਰੇ ਰੋਹ ਨਾਲ ਮਾਰਚ ਵਿੱਚ ਹਿੱਸਾ ਲੈ ਕੇ ਇਕ ਇੰਚ ਵੀ ਜ਼ਮੀਨ ਨਾ ਦੇਣ ਦੇ ਐਲਾਨ ਕੀਤੇ ਜਾਣਗੇ।
ਕਿਸਾਨ ਆਗੂ ਨੇ ਅੱਗੇ ਦੱਸਿਆ ਇਸੇ ਮਸਲੇ ਨੂੰ ਲੈ ਕੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਜ਼ਿਲ੍ਹਾ ਜਲੰਧਰ ਦੇ ਪਿੰਡ ਕੁੱਕੜ ਦੀ ਦਾਣਾ ਮੰਡੀ ਵਿੱਚ ਕੀਤੀ ਜਾ ਰਹੀ ਮਹਾਂਰੈਲੀ ਕੀਤੀ ਜਾਵੇਗੀ। ਪਿੰਡਾਂ ਵਿੱਚ ਮਤੇ ਪਾਸ ਕਰਕੇ ਆਮ ਆਦਮੀ ਪਾਰਟੀ, ਅਕਾਲੀ ਦਲ, ਕਾਂਗਰਸ, ਭਾਜਪਾ ਦੇ ਕਿਸੇ ਵੀ ਆਗੂ ਨੂੰ ਪਿੰਡਾਂ ਵਿੱਚ ਵੜਨ ਨਾ ਦੇਣ ਦੇ ਫੈਸਲੇ ਕੀਤੇ ਜਾ ਰਹੇ ਹਨ ਅਤੇ ਇਸ ਸਬੰਧੀ ਪਿੰਡਾਂ ਵਿੱਚ ਬੋਰਡ ਲੱਗ ਰਹੇ ਹਨ। ਕਿਸਾਨ ਆਗੂ ਨੇ ਅੱਗੇ ਕਿਹਾ ਬਿਜਲੀ ਮੁਲਾਜ਼ਮਾਂ ਵੱਲੋਂ ਬਿਜਲੀ ਦੇ ਨਿੱਜੀਕਰਨ ਦੇ ਵਿਰੋਧ ਵਿੱਚ ਲੜੇ ਜਾ ਰਹੇ ਸੰਘਰਸ਼ ਦੀ ਕਿਸਾਨ ਮਜ਼ਦੂਰ ਜਥੇਬੰਦੀ ਪੂਰੀ ਹਮਾਇਤ ਕਰਦੀ ਹੈ।