ਮੋਬਾਇਲ ਫੋਨ ਵੇਚਣ ਵਾਲੇ ਜਾਅਲੀ ਕਾਲ ਸੈਂਟਰ ਦਾ ਪਰਦਾਫਾਸ਼ ; ਇੱਕ ਕਾਬੂ
ਸਾਈਬਰ ਕ੍ਰਾਈਮ ਪੁਲੀਸ ਸਟੇਸ਼ਨ ਨੇ ਇੱਕ ਬਹੁਤ ਸੰਗਠਿਤ ਜਾਅਲੀ ਕਾਲ ਸੈਂਟਰ ਦਾ ਪਰਦਾਫਾਸ਼ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ।
ਅੰਮ੍ਰਿਤਸਰ ਦੇ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਹ ਕਾਲ ਸੈਂਟਰ ਦੇਸ਼ ਭਰ ਦੇ ਭੋਲੇ-ਭਾਲੇ ਲੋਕਾਂ ਨਾਲ ਧੋਖਾਧੜੀ ਕਰ ਰਿਹਾ ਸੀ। ਇਸ ਮਾਮਲੇ ਵਿੱਚ ਇੱਕ ਵਿਅਕਤੀ ਰਾਘਵ ਭਾਰਦਵਾਜ, ਨਿਵਾਸੀ ਪਵਨ ਨਗਰ, ਬਟਾਲਾ ਰੋਡ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਦੇ ਮੁੱਖ ਸਾਥੀ ਅੰਕਿਤ ਗੰਗੋਤਰਾ, ਨਿਵਾਸੀ ਵਿਜੇ ਨਗਰ, ਅੰਮ੍ਰਿਤਸਰ ਨੂੰ ਫੜਨ ਲਈ ਭਾਲ ਜਾਰੀ ਹੈ।
ਪੁਲੀਸ ਕਮਿਸ਼ਨਰ ਨੇ ਕਿਹਾ ਕਿ ਇਸ ਕਾਲ ਸੈਂਟਰ ਵਿੱਚ 80 ਤੋਂ ਵੱਧ ਮਹਿਲਾ ਕਰਮਚਾਰੀ ਕੰਮ ਕਰ ਰਹੀਆਂ ਸਨ। ਇਹ ਸੈਂਟਰ ਸੀ-ਬਲਾਕ, ਰਣਜੀਤ ਐਵੀਨਿਊ, ਅੰਮ੍ਰਿਤਸਰ ਵਿੱਖੇ ਇੰਕ ਬਿਲਡਿੰਗ ਵਿੱਚ ਸਥਿਤ ਸੀ। ਕਰਮਚਾਰੀਆਂ ਨੂੰ ਓਐਲਐਕਸ ਪਲੇਟਫਾਰਮ ’ਤੇ ਡੁਪਲੀਕੇਟ ਐਪਲ ਆਈਫੋਨ ਅਤੇ ਸੈਮਸੰਗ ਐਸ24 ਮੋਬਾਈਲਾਂ ਦੀਆਂ ਪੋਸਟਾਂ ਪਾ ਕੇ ਗਾਹਕਾਂ ਨੂੰ ਲੁਭਾਉਣ ਲਈ ਵਿਸ਼ੇਸ਼ ਸਿਖਲਾਈ ਦਿੱਤੀ ਗਈ ਸੀ।
ਉਨ੍ਹਾਂ ਦੱਸਿਆ ਕਿ ਮੁਲਜ਼ਮ ਆਨਲਾਈਨ ਉਪਕਰਨਾਂ ਨਾਲ ਧੋਖਾ ਕਰਦੇ ਸਨ ਅਤੇ ਨਕਲੀ ਡਿਵਾਈਸਾਂ ਦੀਆਂ ਆਕਰਸ਼ਕ ਫੋਟੋਆਂ ਸਾਂਝੀਆਂ ਕਰਦੇ ਸਨ। ਹਰੇਕ ਹੈਂਡਸੈੱਟ ਲੱਖਾਂ ਰੁਪਏ ਦੀ ਰੇਂਜ ਵਿੱਚ ਪ੍ਰਦਰਸ਼ਿਤ ਕੀਤਾ ਜਾਂਦਾ ਸੀ।
ਇਸ ਜਾਅਲੀ ਸੈਂਟਰ ਵੱਲੋਂ ਰੋਜ਼ਾਨਾ 30-40 ਜਾਅਲੀ ਫੋਨ ਵੇਚੇ ਜਾਂਦੇ ਸਨ, ਜਿਸ ਨਾਲ ਪ੍ਰਤੀ ਦਿਨ ਲਗਭਗ 6 ਲੱਖ ਰੁਪਏ ਦਾ ਨਾਜਾਇਜ਼ ਕਾਰੋਬਾਰ ਹੁੰਦਾ ਸੀ। ਛਾਪੇਮਾਰੀ ਦੌਰਾਨ ਪੁਲੀਸ ਨੇ ਵੱਖ-ਵੱਖ ਕੰਪਨੀਆਂ ਦੇ 47 ਮੋਬਾਈਲ ਫੋਨ (29 ਐਕਟਿਵ ਸਿਮ ਵਾਲੇ), 8 ਵਾਧੂ ਸਿਮ ਕਾਰਡ, 6 ਲੈਪਟਾਪ ਅਤੇ ਹੋਰ ਸਾਜੋ-ਸਮਾਨ ਬਰਾਮਦ ਕੀਤਾ।
ਇਸ ਸਬੰਧ ਵਿੱਚ ਬੀਐਨਐਸ ਦੀਆਂ ਧਾਰਾਵਾਂ 318(4), 336(2), 338, 340(2), 336(2), 61(2), 103 ਅਤੇ 104; ਟ੍ਰੇਡ ਮਾਰਕਸ ਐਕਟ 1999; ਕਾਪੀਰਾਈਟ ਐਕਟ 1957 ਦੀ ਧਾਰਾ 63; ਅਤੇ ਆਈਟੀ ਐਕਟ 2000 ਦੀ ਧਾਰਾ 66-ਡੀ ਤਹਿਤ ਥਾਣਾ ਸਾਈਬਰ ਕਰਾਇਮ ਵਿੱਖੇ ਕੇਸ ਦਰਜ ਕੀਤਾ ਗਿਆ ਹੈ।