Explainer: ਸੁਖਬੀਰ ਬਾਦਲ ਮਾਮਲਾ: ਦੋ ਤਖ਼ਤਾਂ ਵਿਚਾਲੇ ਸੰਕਟ ਵਧਿਆ
ਨੀਰਜ ਬੱਗਾ
ਅੰਮ੍ਰਿਤਸਰ, 8 ਜੁਲਾਈ
ਸਿੱਖ ਪੰਥ ਮੌਜੂਦਾ ਸਮੇਂ ਵਿਚ ਇੱਕ ਨਵੇਂ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਬਿਹਾਰ ਸਥਿਤ ਤਖ਼ਤ ਸ੍ਰੀ ਪਟਨਾ ਸਾਹਿਬ ਨੇ ਸ਼ਨਿਚਵਾਰ ਨੂੰ ਸ਼੍ਰੋਮਣੀ ਅਕਾਲੀ ਦਲ (Shiromani Akali Dal-SAD) ਦੇ ਮੁਖੀ ਸੁਖਬੀਰ ਸਿੰਘ ਬਾਦਲ ਨੂੰ ਤਖ਼ਤ ਸਾਹਮਣੇ ਪੇਸ਼ ਨਾ ਹੋਣ ਅਤੇ ਨਿਰਦੇਸ਼ਾਂ ਨੂੰ ਨਜ਼ਰਅੰਦਾਜ਼ ਕਰਨ ਲਈ ‘ਤਨਖ਼ਾਹੀਆ’ ਐਲਾਨ ਦਿੱਤਾ। ਦੂਜੇ ਪਾਸੇ ਉਸੇ ਸ਼ਾਮ ਸਿੱਖ ਪੰਥ ਦੀ ਸਰਬਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰਾਂ ਵੱਲੋਂ ਦਿੱਤੇ ਹੁਕਮਾਂ ਨੂੰ ਰੱਦ ਕਰ ਦਿੱਤਾ।
ਤਖ਼ਤ ਪਟਨਾ ਸਾਹਿਬ ਨੇ ਸੁਖਬੀਰ ਨੂੰ 'ਤਨਖ਼ਾਹੀਆ' ਕਿਉਂ ਐਲਾਨਿਆ?
ਸੁਖਬੀਰ ਬਾਦਲ ਨੂੰ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰਾਂ ਵੱਲੋਂ ਵਾਰ-ਵਾਰ ਭੇਜੇ ਸੰਮਨਾਂ ਨੂੰ ਨਜ਼ਰਅੰਦਾਜ਼ ਕਰਨ ਲਈ ‘ਤਨਖ਼ਾਹੀਆ’ ਐਲਾਨਿਆ ਗਿਆ ਹੈ। ਜਥੇਦਾਰਾਂ ਨੇ ਸੁਖਬੀਰ ’ਤੇ ਪੰਥ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਦੇਣ ਦਾ ਦੋਸ਼ ਲਗਾਇਆ ਸੀ। ਉਨ੍ਹਾਂ ਨੂੰ ਦੋਸ਼ਾਂ ਦਾ ਜਵਾਬ ਦੇਣ ਲਈ 21 ਮਈ 2025 ਨੂੰ ਤਲਬ ਕੀਤਾ ਗਿਆ ਸੀ। ਪਰ ਐੱਸਜੀਪੀਸੀ (SGPC) ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਬੇਨਤੀ ’ਤੇ 20 ਦਿਨਾਂ ਦੀ ਵਾਧੂ ਮੋਹਲਤ ਸਮੇਤ ਤਿੰਨ ਮੌਕੇ ਦੇਣ ਦੇ ਬਾਵਜੂਦ, ਸੁਖਬੀਰ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਸਾਹਮਣੇ ਪੇਸ਼ ਹੋਣ ਵਿੱਚ ਅਸਫਲ ਰਹੇ। ਪਟਨਾ ਤੋਂ ਜਾਰੀ ਕੀਤੇ ਗਏ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਬਾਦਲ ਦੀ ਗੈਰ-ਹਾਜ਼ਰੀ ਨੇ ਉਨ੍ਹਾਂ ਦੀਆਂ ਕਾਰਵਾਈਆਂ ਵਿੱਚ ਸ਼ਮੂਲੀਅਤ ਦੀ ਪੁਸ਼ਟੀ ਕੀਤੀ ਜੋ ਤਖ਼ਤ ਦੇ ਅਧਿਕਾਰ ਨੂੰ ਚੁਣੌਤੀ ਦਿੰਦੇ ਹਨ ਅਤੇ ਇਸਦੇ ਸੰਵਿਧਾਨ ਅਤੇ ਨਿਯਮਾਂ ਦੀ ਉਲੰਘਣਾ ਕਰਦੇ ਹਨ।
ਅਕਾਲ ਤਖ਼ਤ ਦਾ ਤਖ਼ਤ ਪਟਨਾ ਸਾਹਿਬ ਦੇ ਹੁਕਮਾਂ ’ਤੇ ਕੀ ਪ੍ਰਤੀਕਰਮ?
ਅਕਾਲ ਤਖ਼ਤ ਨੇ ਇਸ ਘੋਸ਼ਣਾ ਨੂੰ ਰੱਦ ਕਰ ਦਿੱਤਾ ਹੈ ਅਤੇ ਇਸ ਦੀ ਬਜਾਏ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵਿੱਚੋਂ ਤਿੰਨ ਨੂੰ ‘ਤਨਖ਼ਾਹੀਆ’ ਐਲਾਨ ਦਿੱਤਾ ਹੈ ਅਤੇ ਉਨ੍ਹਾਂ ਨੂੰ 15 ਦਿਨਾਂ ਦੇ ਅੰਦਰ ਆਪਣੀ ਸਥਿਤੀ ਸਪੱਸ਼ਟ ਕਰਨ ਦਾ ਨਿਰਦੇਸ਼ ਦਿੱਤਾ ਹੈ।
ਇਹ ਫੈਸਲਾ ਅਕਾਲ ਤਖ਼ਤ ਵਿਖੇ ਕਾਰਜਕਾਰੀ ਜਥੇਦਾਰ ਦੀ ਅਗਵਾਈ ’ਚ ਹੋਈ ਮੀਟਿੰਗ ਤੋਂ ਬਾਅਦ ਲਿਆ ਗਿਆ ਜਿਸ ਵਿੱਚ ਇੱਕ ਮਤਾ ਪਾਸ ਕੀਤਾ ਗਿਆ ਕਿ ਸਾਰੇ ਤਖ਼ਤ ਦੁਨੀਆ ਭਰ ਦੇ ਸਿੱਖਾਂ ਦੁਆਰਾ ਪਵਿੱਤਰ ਅਤੇ ਸਤਿਕਾਰਤ ਹਨ, ਪਰ ਗੁਰਮਤਿ ਪਰੰਪਰਾ ਅਕਾਲ ਤਖ਼ਤ ਨੂੰ ਪੰਥਕ ਮਾਮਲਿਆਂ ’ਤੇ ਅੰਤਿਮ ਤੌਰ ’ਤੇ ਅਧਿਕਾਰਤ ਮੰਨਦੀ ਹੈ।
ਅਕਾਲ ਤਖ਼ਤ ਨੇ ਤਖ਼ਤ ਪਟਨਾ ਸਾਹਿਬ ਦੇ ਵਧੀਕ ਮੁੱਖ ਗ੍ਰੰਥੀ ਭਾਈ ਗੁਰਦਿਆਲ ਸਿੰਘ ਨੂੰ ਵੀ ਕਥਿਤ ਤੌਰ ’ਤੇ ਫੁੱਟ ਪਾਉਣ ਅਤੇ ਅਕਾਲ ਤਖ਼ਤ ਦੇ ਨਿਰਦੇਸ਼ਾਂ ਦੀ ਉਲੰਘਣਾ ਕਰਨ ਲਈ ‘ਤਨਖ਼ਾਹੀਆ’ ਐਲਾਨਿਆ ਹੈ। ਤਖ਼ਤ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਦੇ ਦੋ ਮੈਂਬਰਾਂ ਹਰਪਾਲ ਸਿੰਘ ਜੌਹਲ ਅਤੇ ਡਾ. ਗੁਰਮੀਤ ਸਿੰਘ ਨੂੰ ਵੀ ਕਥਿਤ ਤੌਰ 'ਤੇ ਮੀਡੀਆ ਮੁਹਿੰਮਾਂ ਅਤੇ ਸਾਜ਼ਿਸ਼ਾਂ ਵਿੱਚ ਸ਼ਾਮਲ ਹੋਣ ਲਈ ‘ਤਨਖ਼ਾਹੀਆ’ ਐਲਾਨਿਆ ਗਿਆ ਹੈ, ਜੋ ਅਕਾਲ ਤਖ਼ਤ ਦੀ ਪਵਿੱਤਰਤਾ ਨੂੰ ਚੁਣੌਤੀ ਦਿੰਦੇ ਹਨ। ਉਨ੍ਹਾਂ ਨੂੰ ਤਖ਼ਤ ਸਾਹਮਣੇ ਪੇਸ਼ ਹੋ ਕੇ ਮੁਆਫੀ ਮੰਗਣ ਦਾ ਨਿਰਦੇਸ਼ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਅਕਾਲ ਤਖ਼ਤ ਨੇ ਤਖ਼ਤ ਪਟਨਾ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ (ਜਿਸ ਵਿੱਚ ਪ੍ਰਧਾਨ ਜਗਜੋਤ ਸਿੰਘ ਸੋਹੀ, ਸੀਨੀਅਰ ਮੀਤ ਪ੍ਰਧਾਨ ਲਖਵਿੰਦਰ ਸਿੰਘ, ਜੂਨੀਅਰ ਮੀਤ ਪ੍ਰਧਾਨ ਗੁਰਵਿੰਦਰ ਸਿੰਘ, ਜਨਰਲ ਸਕੱਤਰ ਇੰਦਰਜੀਤ ਸਿੰਘ, ਸਕੱਤਰ ਹਰਬੰਸ ਸਿੰਘ ਅਤੇ ਮੈਂਬਰ ਗੋਬਿੰਦ ਸਿੰਘ ਲੌਂਗੋਵਾਲ, ਰਾਜਾ ਸਿੰਘ ਅਤੇ ਮਹਿੰਦਰਪਾਲ ਸਿੰਘ ਸ਼ਾਮਲ ਹਨ) ਨੂੰ 15 ਦਿਨਾਂ ਦੇ ਅੰਦਰ ਆਪਣਾ ਪੱਖ ਪੇਸ਼ ਕਰਨ ਲਈ ਤਲਬ ਕੀਤਾ ਹੈ। ਪਾਲਣਾ ਨਾ ਕਰਨ ਦੀ ਸੂਰਤ ਵਿੱਚ ਪੰਥਕ ਪਰੰਪਰਾਵਾਂ ਅਨੁਸਾਰ ਸਖ਼ਤ ਕਾਰਵਾਈ ਕੀਤੇ ਜਾਣ ਬਾਰੇ ਕਿਹਾ ਗਿਆ ਹੈ।
ਤਖ਼ਤ ਸ੍ਰੀ ਪਟਨਾ ਸਾਹਿਬ ਦੇ ਹੁਕਮਾਂ ’ਤੇ ਐੱਸਜੀਪੀਸੀ ਦੀ ਸਥਿਤੀ?
ਐੱਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇਨ੍ਹਾਂ ਹੁਕਮਾਂ ਨੂੰ ਰੱਦ ਕਰਦਿਆਂ ਇਸ ਨੂੰ ਬਿਹਾਰ ਸਥਿਤ ਤਖ਼ਤ ਦੇ ਅਧਿਕਾਰ ਖੇਤਰ ਤੋਂ ਬਾਹਰ ਕਰਾਰ ਦਿੱਤਾ ਹੈ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਅਜਿਹੀਆਂ ਕਾਰਵਾਈਆਂ ਸਿੱਖ ਸੰਸਥਾਵਾਂ ਵਿੱਚ ਵੰਡ ਨੂੰ ਡੂੰਘਾ ਕਰ ਸਕਦੀਆਂ ਹਨ ਅਤੇ ਜ਼ੋਰ ਦਿੱਤਾ ਕਿ ਪੰਥਕ ਮਾਮਲਿਆਂ ਨੂੰ ਸਿੱਖਾਂ ਦੇ ਸਰਬਉੱਚ ਸਥਾਨ ਅਕਾਲ ਤਖ਼ਤ ਦੇ ਅਧਿਕਾਰ ਹੇਠ ਨਿਬੇੜਿਇਆ ਜਾਣਾ ਚਾਹੀਦਾ ਹੈ। ਧਾਮੀ ਨੇ ਇੱਕਪਾਸੜ ਐਲਾਨਾਂ ਦੀ ਬਜਾਏ ਮੁੱਦੇ ਨੂੰ ਸੁਲਝਾਉਣ ਲਈ ਗੱਲਬਾਤ ਦੀ ਲੋੜ ਉੱਤੇ ਜ਼ੋਰ ਦਿੱਤਾ ਹੈ।
ਇਸ ਟਕਰਾਅ ਦਾ ਪਿਛੋਕੜ ਕੀ ਹੈ?
ਤਖ਼ਤ ਪਟਨਾ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਵਿਚਕਾਰ ਕਈ ਸਾਲਾਂ ਤੋਂ ਤਣਾਅ ਚੱਲ ਰਿਹਾ ਹੈ। ਦਸੰਬਰ 2022 ਵਿੱਚ ਅਕਾਲ ਤਖ਼ਤ ਨੇ ਪਟਨਾ ਸਾਹਿਬ ਦੇ ਪ੍ਰਬੰਧਕਾਂ ਭਾਈ ਬਲਦੇਵ ਸਿੰਘ ਅਤੇ ਭਾਈ ਗੁਰਦਿਆਲ ਸਿੰਘ ਨੂੰ ਕਥਿਤ ਤੌਰ 'ਤੇ ਅਕਾਲ ਤਖ਼ਤ ਦੇ ਅਧਿਕਾਰ ਨੂੰ ਚੁਣੌਤੀ ਦੇਣ ਲਈ ਅਨੁਸ਼ਾਸਿਤ ਹੋਣ ਦਾ ਨਿਰਦੇਸ਼ ਦਿੱਤਾ ਸੀ। ਇਹ ਨਿਰਦੇਸ਼ ਕਦੇ ਵੀ ਲਾਗੂ ਨਹੀਂ ਕੀਤੇ ਗਏ। ਅਕਾਲ ਤਖ਼ਤ ਸਕੱਤਰੇਤ ਨੇ ਪਟਨਾ ਸਾਹਿਬ ਦੇ ਕੁਝ ਗ੍ਰੰਥੀਆਂ ਦੇ ਆਚਰਣ ਬਾਰੇ ਵੀ ਚਿੰਤਾ ਜ਼ਾਹਿਰ ਕੀਤੀ ਸੀ, ਜਿਸ ਵਿੱਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਨਿੱਜੀ ਆਦਤਾਂ ਨਾਲ ਸਬੰਧਤ ਗੁਰਮਤਿ ਵਿਰੋਧੀ ਵਿਵਹਾਰ ਦੀਆਂ ਸ਼ਿਕਾਇਤਾਂ ਦਾ ਹਵਾਲਾ ਦਿੱਤਾ ਗਿਆ ਸੀ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸੁਖਬੀਰ ਨੂੰ ਤਨਖ਼ਾਹੀਆ ਐਲਾਨਿਆ ਗਿਆ ਹੈ। 30 ਅਗਸਤ 2024 ਨੂੰ ਸ੍ਰੀ ਅਕਾਲ ਤਖ਼ਤ ਦੇ ਤਤਕਾਲੀ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਦੇ ਉਪ ਮੁੱਖ ਮੰਤਰੀ ਅਤੇ ਅਕਾਲੀ ਦਲ ਪ੍ਰਧਾਨ ਵਜੋਂ ਆਪਣੇ ਕਾਰਜਕਾਲ ਦੌਰਾਨ ਲਏ ਗਏ ਵਿਵਾਦਪੂਰਨ ਫੈਸਲਿਆਂ ਲਈ ਸੁਖਬੀਰ ਬਾਦਲ ਵਿਰੁੱਧ ਅਜਿਹੇ ਹੀ ਹੁਕਮ ਜਾਰੀ ਕੀਤੇ ਗਏ ਸਨ। ਸੁਖਬੀਰ ਨੇ ਹਰਿਮੰਦਰ ਸਾਹਿਬ ਵਿਖੇ ‘ਸੇਵਾਦਾਰ’ ਵਜੋਂ ਸੇਵਾ ਕਰਕੇ ਧਾਰਮਿਕ ਸਜ਼ਾ ਭੁਗਤੀ, ਜਿਸ ਦੌਰਾਨ ਉਹ ਖਾਲਿਸਤਾਨੀ ਵੱਖਵਾਦੀ ਨਰਾਇਣ ਸਿੰਘ ਚੌੜਾ ਵੱਲੋਂ ਕੀਤੇ ਹਮਲੇ ਵਿਚ ਵਾਲ ਵਾਲ ਬਚੇ ਸਨ।
ਸੁਖਬੀਰ ਕੋਲ ਕੀ ਵਿਕਲਪ ਹਨ?
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੁਹਰਾਇਆ ਕਿ ਧਾਰਮਿਕ ਮਾਮਲਿਆਂ ਵਿੱਚ ਅਕਾਲ ਤਖ਼ਤ ਦਾ ਅਧਿਕਾਰ ਸਰਬਉੱਚ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਅਕਾਲ ਤਖ਼ਤ ਦੇ ਫੈਸਲੇ ਦੀ ਪਾਲਣਾ ਕਰਨਗੇ, ਨਾ ਕਿ ਤਖ਼ਤ ਪਟਨਾ ਸਾਹਿਬ ਦੇ ਫੈਸਲੇ ਦੀ। ਚੀਮਾ ਨੇ ਇਹ ਵੀ ਦੱਸਿਆ ਕਿ ਪਟਨਾ ਸਾਹਿਬ ਤੋਂ 21 ਮਈ ਦੇ ਹੁਕਮਾਂ ਵਿੱਚ ਤਿੰਨ ਹੋਰ ਜਥੇਦਾਰਾਂ ਗਿਆਨੀ ਕੁਲਦੀਪ ਸਿੰਘ ਗੜਗੱਜ, ਬਾਬਾ ਟੇਕ ਸਿੰਘ ਅਤੇ ਹੋਰਾਂ ਨੂੰ ‘ਤਨਖ਼ਾਹੀਆ’ ਐਲਾਨਿਆ ਗਿਆ ਸੀ, ਪਰ ਇਸ ਨੂੰ ਲਾਗੂ ਕਰਨ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਨਾਲ ਇਸ ਦੀ ਵਾਜਬੀਅਤ ਬਾਰੇ ਸਵਾਲ ਖੜ੍ਹੇ ਹੁੰਦੇ ਹਨ।
ਐੱਸਜੀਪੀਸੀ ਮੈਂਬਰ ਕਿਰਨਜੋਤ ਕੌਰ ਨੇ ਸੰਮਨਾਂ ਦੀ ਯੋਗਤਾ ’ਤੇ ਸਵਾਲ ਕੀਤੇ ਬਿਨਾਂ ਕਿਹਾ ਕਿ ਸੁਖਬੀਰ ਨੂੰ ਆਪਣੀ ਸਥਿਤੀ ਸਪੱਸ਼ਟ ਕਰਨ ਲਈ ਤਖ਼ਤ ਸਾਹਮਣੇ ਪੇਸ਼ ਹੋਣਾ ਚਾਹੀਦਾ ਹੈ। ਉਨ੍ਹਾਂ ਨੂੰ ਸੰਸਥਾ ਦੀ ਮਰਿਆਦਾ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ ਅਤੇ ਜੇ ਉਹ ਸੋਚਦੇ ਹਨ ਕਿ ਉਨ੍ਹਾਂ ਨੂੰ ਗਲਤ ਤਰੀਕੇ ਨਾਲ ਤਲਬ ਕੀਤਾ ਜਾ ਰਿਹਾ ਹੈ ਤਾਂ ਦ੍ਰਿੜ੍ਹਤਾ ਨਾਲ ਬੋਲਣਾ ਚਾਹੀਦਾ ਹੈ।
ਕੀ ਅਕਾਲ ਤਖ਼ਤ ਇਸ ਮਾਮਲੇ ਵਿੱਚ ਦਖਲ ਦੇ ਸਕਦਾ ਹੈ?
ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸੰਵਿਧਾਨ ਅਤੇ ਉਪ-ਨਿਯਮਾਂ ਦੀ ਧਾਰਾ 79 ਦੇ ਅਨੁਸਾਰ ਅਕਾਲ ਤਖ਼ਤ ਦਾ ਧਾਰਮਿਕ ਮਾਮਲਿਆਂ ’ਤੇ ਅੰਤਿਮ ਅਧਿਕਾਰ ਹੈ, ਕਿਉਂਕਿ ਇਹ ਸਿੱਖਾਂ ਦਾ ਸਰਬਉੱਚ ਸਥਾਨ ਹੈ।
ਇਸ ਦੇ ਫੈਸਲੇ ਸਾਰੇ ਤਖ਼ਤਾਂ ’ਤੇ ਲਾਗੂ ਹੁੰਦੇ ਹਨ। ਇਸ ਕੋਲ ਅਜਿਹੇ ਵਿਵਾਦਾਂ ਦਾ ਨਿਪਟਾਰਾ ਕਰਨ ਦੀ ਸ਼ਕਤੀ ਹੈ ਅਤੇ ਇਹ ਮੌਜੂਦਾ ਟਕਰਾਅ ਨੂੰ ਸੁਲਝਾਉਣ ਲਈ ਦਖਲ ਦੇ ਸਕਦਾ ਹੈ।