ਈਟੀਓ ਨੇ ਸੜਕ ਨੂੰ ਚੌੜਾ ਕਰਨ ਦਾ ਨੀਂਹ ਪੱਥਰ ਰੱਖਿਆ
ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 17 ਜੁਲਾਈ
ਪੰਜਾਬ ਸਰਕਾਰ ਜ਼ਿਲ੍ਹਾ ਅੰਮ੍ਰਿਤਸਰ ਅਧੀਨ ਪੈਂਦੀ ਲਿੰਕ ਸੜਕ ਸੈਦੋਕੇ ਤੋਂ ਖੱਬੇ ਰਾਜਪੂਤਾਂ ਨੂੰ 180 ਲੱਖ ਰੁਪਏ ਦੀ ਲਾਗਤ ਨਾਲ ਚੌੜਾ ਅਤੇ ਮਜ਼ਬੂਤ ਕਰੇਗੀ ਅਤੇ ਸਾਰੀਆਂ ਪਿੰਡਾਂ ਦੀਆਂ ਲਿੰਕ ਸੜਕਾਂ ਦੀ ਮੁਰੰਮਤ ਵੀ ਕੀਤੀ ਜਾਵੇਗੀ। ਇਹ ਪ੍ਰਗਟਾਵਾ ਹਰਭਜਨ ਸਿੰਘ ਈਟੀਓ ਲੋਕ ਨਿਰਮਾਣ ਮੰਤਰੀ ਨੇ ਪਿੰਡ ਮਹਿਤਾ ਅਧੀਨ ਸੂਬਾ ਸਰਕਾਰ ਵੱਲੋਂ ਪੰਜਾਬ ਦਿਹਾਤੀ ਵਿਕਾਸ ਬੋਰਡ ਫੰਡ ਸਕੀਮ ਅਧੀਨ ਲਿੰਕ ਸੜਕ ਸੈਦੋਕੇ ਤੋਂ ਖੱਬੇ ਰਾਜਪੂਤਾਂ ਨੂੰ ਚੌੜਾ ਕਰਨ ਦੇ ਨੀਂਹ ਪੱਥਰ ਰੱਖਣ ਸਮੇਂ ਕੀਤਾ। ਉਨ੍ਹਾਂ ਦੱਸਿਆ ਕਿ ਇਸ ਸੜਕ ਦੀ ਲੰਬਾਈ 23.4 ਕਿਲੋਮੀਟਰ ਹੈ ਅਤੇ ਮੌਜੂਦਾ ਚੌੜਾਈ 10 ਫੁੱਟ ਹੈ, ਜਿਸ ਨੂੰ ਹੁਣ 18 ਫੁੱਟ ਚੌੜਾ ਕੀਤਾ ਜਾਵੇਗਾ।ਇਸ ਕੰਮ ਲਈ ਟੈਂਡਰ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ ਅਤੇ ਇਹ ਕੰਮ 6 ਮਹੀਨਿਆਂ ਵਿੱਚ ਮੁਕੰਮਲ ਕਰਨ ਦਾ ਟੀਚਾ ਮਿਥਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਸੜਕ ਉਤੇ ਬੀਐੱਮ ਅਤੇ ਪੀਸੀ ਪਾਈ ਜਾਵੇਗੀ। ਇਲਾਕਾ ਵਾਸੀਆਂ ਦੀ ਮੰਗ ਅਨੁਸਾਰ ਪਿੰਡ ਨੇੜੇ ਸੜਕ ਦੇ ਨਾਲ ਡਰੇਨ ਅਤੇ ਰਿਟੇਨਿੰਗ ਵਾਲ ਬਣਾਈ ਜਾਵੇਗੀ। ਇਸ ਉਪਰੰਤ ਈਟੀਓ ਵੱਲੋਂ ਮੀਂਹ ਤੋਂ ਪ੍ਰਭਾਵਿਤ ਪਿੰਡ ਸੈਦੋਕੇ, ਮਲਕ ਨੰਗਲ, ਜਲਾਲ, ਉਸਮਾਂ, ਮਹਿਸਮਪੁਰ ਖੁਰਦ, ਧਰਮੂ ਚੱਕ ਦਾ ਦੌਰਾ ਕੀਤਾ ਗਿਆ ਅਤੇ ਸਬੰਧਤ ਲੋਕਾਂ ਨਾਲ ਮੁਲਾਕਾਤ ਕਰਕੇ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ। ਈਟੀਓ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਮੀਂਹ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਆਉਣ।
ਇਸ ਮੌਕੇ ਚੇਅਰਮੈਨ ਗੁਰਵਿੰਦਰ ਸਿੰਘ ਰੰਧਾਵਾ, ਚੇਅਰਮੈਨ ਗਹਿਰੀ ਮੰਡੀ ਛਨਾਖ ਸਿੰਘ, ਐੱਸਡੀਐੱਮ ਬਾਬਾ ਬਕਾਲਾ ਅਲਕਾ ਕਾਲੀਆ, ਸੁਖਦੇਵ ਸਿੰਘ ਸਰਪੰਚ ਹਾਜ਼ਰ ਸਨ।