ਵੱਖ-ਵੱਖ ਅਕਾਲੀ ਧੜੇ ਭੰਗ ਕਰਕੇ ਇੱਕ ਅਕਾਲੀ ਦਲ ਬਣਾਇਆ ਜਾਵੇ: ਝੀਂਡਾ
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਦੇ ਨਾਂ ਇੱਕ ਮੰਗ ਪੱਤਰ ਦੇ ਕੇ ਅਪੀਲ ਕੀਤੀ ਹੈ ਕਿ ਸਿੱਖ ਕੌਮ ਦੇ ਬਿਹਤਰ ਭਵਿੱਖ ਵਾਸਤੇ ਸਾਰੇ ਅਕਾਲੀ ਧੜਿਆਂ ਨੂੰ ਇੱਕ ਝੰਡੇ ਹੇਠ ਅਤੇ ਇੱਕ ਪਾਰਟੀ ਹੇਠ ਇੱਕਜੁੱਟ ਕਰਨ ਲਈ ਲੋੜੀਦੇ ਕਦਮ ਚੁੱਕੇ ਜਾਣ। ਇਸ ਸਬੰਧ ਵਿੱਚ ਇੱਕ ਪੱਤਰ ਉਨ੍ਹਾਂ ਇੱਥੇ ਅਕਾਲ ਤਖਤ ਸਕੱਤਰੇਤ ਵਿਖੇ ਸੌਂਪਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਖ ਵੱਖ ਧੜੇ ਹੋਣ ਕਾਰਨ ਸਿੱਖ ਕੌਮ ਦਾ ਭਾਰੀ ਨੁਕਸਾਨ ਹੋ ਰਿਹਾ ਹੈ ਅਤੇ ਸਿੱਖ ਕੌਮ ਕਮਜ਼ੋਰ ਹੋ ਰਹੀ ਹੈ। ਸਿੱਖ ਹੋਣ ਦੇ ਨਾਤੇ ਉਨ੍ਹਾ ਦੀ ਅਪੀਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਜ਼ਰੂਰੀ ਕਦਮ ਚੁੱਕੇ ਜਾਣ। ਅਕਾਲੀ ਦਲ ਕਈ ਧੜਿਆਂ ਵਿਚ ਵੰਡਿਆ ਹੋਣ ਕਾਰਨ ਇਸ ਦੀ ਹਾਲਤ ਖਰਾਬ ਅਤੇ ਕਮਜ਼ੋਰ ਹੋ ਚੁੱਕੀ ਹੈ। ਛੋਟੀਆਂ ਛੋਟੀਆਂ ਧਿਰਾਂ ਵਿੱਚ ਵੰਡੇ ਹੋਣ ਕਾਰਨ ਸ਼੍ਰੋਮਣੀ ਅਕਾਲੀ ਦਲ ਰਾਜਨੀਤਕ ਪੱਧਰ ਤੇ ਸਿਰਫ ਇਕ ਜਾਂ ਦੋ ਸੀਟਾਂ ਤੱਕ ਸੀਮਤ ਹੋ ਕੇ ਰਹਿ ਗਿਆ ਹੈ। ਇਹ ਸਥਿਤੀ ਦੁਨੀਆਂ ਭਰ ਵਿੱਚ ਵਸਦੇ ਸਿੱਖਾਂ ਵਾਸਤੇ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਅਪੀਲ ਕੀਤੀ ਕਿ ਪੰਜ ਤਖਤਾਂ ਦੇ ਜਥੇਦਾਰ ਅੱਗੇ ਆਉਣ ਅਤੇ ਇਸ ਸਬੰਧ ਵਿੱਚ ਦ੍ਰਿੜਤਾ ਨਾਲ ਆਦੇਸ਼ ਜਾਰੀ ਕਰਨ।