ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦਮਦਮੀ ਟਕਸਾਲ ਵਲੋਂ ਜਥੇਦਾਰਾਂ ਦੀ ਬਹਾਲੀ ਲਈ ਸੁਖਬੀਰ ਸਿੰਘ ਬਾਦਲ ਦੀ ਰਿਹਾਇਸ਼ ’ਤੇ ਰੋਸ ਪ੍ਰਗਟਾਵੇ ਦਾ ਫੈਸਲਾ

ਜਥੇਦਾਰਾਂ ਨੂੰ ਬਹਾਲ ਨਾ ਕਰਨ ’ਤੇ ਸੰਤ ਸਮਾਜ ਨੇ ਲਿਆ ਸਖ਼ਤ ਫ਼ੈਸਲਾ
Advertisement
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 27 ਅਪਰੈਲ   
ਦਮਦਮੀ ਟਕਸਾਲ ਨੇ ਤਿੰਨ ਤਖ਼ਤਾਂ ਦੇ ਹਟਾਏ ਗਏ ਜਥੇਦਾਰਾਂ ਦੀ ਬਹਾਲੀ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 10 ਮਈ ਤਕ ਦਾ ਅਲਟੀਮੇਟਮ ਦਿਤਾ ਹੈ ਅਤੇ ਅਜਿਹਾ ਨਾ ਹੋਣ ਦੀ ਸੂਰਤ ਵਿਚ 11 ਜੂਨ ਤੋਂ ਪਿੰਡ ਬਾਦਲ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਰਿਹਾਇਸ਼ ’ਤੇ  ਰੋਸ ਪ੍ਰਗਟਾਵਾ ਕਰਨ ਦੀ ਚੇਤਾਵਨੀ ਦਿੱਤੀ ਹੈ। ਇਸ ਤਹਿਤ 11 ਜੂਨ ਤੋਂ ਹਰ ਮਹੀਨੇ ਦੇ ਪਹਿਲੇ ਐਤਵਾਰ ਨੂੰ 500 ਗੁਰਸਿੱਖਾਂ ਦਾ ਜਥਾ ਪਿੰਡ ਬਾਦਲ ਵਿਚ ਜਾਵੇਗਾ ਅਤੇ ਬਾਦਲਾ ਦੀ ਰਿਹਾਇਸ਼ ਦੇ ਬਾਹਰ ਗੁਰਬਾਣੀ ਦਾ ਜਾਪ ਕਰਦਿਆਂ ਰੋਸ ਪ੍ਰਗਟਾਵਾ ਕਰੇਗਾ। ਇਹ ਫ਼ੈਸਲਾ ਸੰਤ ਸਮਾਜ ਦੇ ਪ੍ਰਧਾਨ ਅਤੇ ਦਮਦਮੀ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਖ਼ਾਲਸਾ ਦੀ ਅਗਵਾਈ ਵਿੱਚ ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਦੇ ਪ੍ਰਤੀਨਿਧਾਂ ਦੀ ਦਮਦਮੀ ਟਕਸਾਲ ਦੇ ਹੈੱਡ ਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਚੌਂਕ ਵਿਖੇ ਹੋਈ ਮੀਟਿੰਗ ਵਿਚ ਕੀਤਾ ਗਿਆ।
ਇਸ ਮੌਕੇ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਨੇ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਨੂੰ 15 ਅਪਰੈਲ ਤਕ ਬਹਾਲ ਕਰਨ ਦਾ ਸੰਤ ਸਮਾਜ ਨੂੰ ਭਰੋਸਾ ਦਿੱਤਾ ਸੀ, ਜਿਸ ਨੂੰ ਪੂਰਾ ਨਹੀਂ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਵਲੋਂ ਕੀਤਾ ਵਾਅਦਾ ਪੂਰਾ ਨਾ ਕਰਨ ਲਈ ਉਸ ਦੀ ਸਖ਼ਤ ਆਲੋਚਨਾ ਕੀਤੀ ਤੇ ਰੋਸ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਇਹ ਭਰੋਸਾ ਸ਼੍ਰੋਮਣੀ ਕਮੇਟੀ ਨੇ ਸੰਤ ਸਮਾਜ ਵੱਲੋਂ ਤੇਜਾ ਸਿੰਘ ਸਮੁੰਦਰੀ ਹਾਲ ਨੇੜੇ 28 ਮਾਰਚ ਨੂੰ ਦਿੱਤੇ ਗਏ ਰੋਸ ਧਰਨੇ ਮੌਕੇ ਦਿੱਤਾ ਸੀ।
ਦਮਦਮੀ ਟਕਸਾਲ ਦੇ ਮੁਖੀ ਨੇ ਕਿਹਾ ਕਿ ਬਾਦਲ ਪਿੰਡ ਦੇ ਰੋਸ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਜਥਿਆਂ ਲਈ ਜਲ ਪਾਣੀ, ਪ੍ਰਸਾਦਾ ਅਤੇ ਬੈਠਣ ਦਾ ਪ੍ਰਬੰਧ ਸੰਗਤ ਵੱਲੋਂ ਕੀਤਾ ਜਾਵੇਗਾ। ਜੂਨ ਮਹੀਨੇ ਵਿਚ ਘੱਲੂਘਾਰਾ ਸਮਾਗਮਾਂ ਦੇ ਕਾਰਨ ਪਹਿਲਾ ਜਥਾ 11 ਜੂਨ ਨੂੰ ਪਿੰਡ ਬਾਦਲ ਜਾਵੇਗਾ ਜਦੋਂ ਕੇ ਜੁਲਾਈ ਮਹੀਨੇ ਤੋਂ ਹਰ ਮਹੀਨੇ ਪਹਿਲੇ ਐਤਵਾਰ ਜਥਾ ਜਾਇਆ ਕਰੇਗਾ।
ਇਸ ਮੌਕੇ ਸਮੂਹ ਸੰਗਤਾਂ ਨੂੰ ਪੰਥਕ ਰਵਾਇਤਾਂ ਦੇ ਉਲਟ ਅਤੇ ਪੰਥ ਦੀ ਅਸਹਿਮਤੀ ਨਾਲ ’ਜਥੇਦਾਰ’ ਥਾਪੇ ਗਏ ਭਾਈ ਕੁਲਦੀਪ ਸਿੰਘ ਗੜਗੱਜ ਅਤੇ ਬਾਬਾ ਟੇਕ ਸਿੰਘ ਧਨੌਲਾ ਦਾ ਬਾਈਕਾਟ ਕਰਨ ਦੀ ਵੀ ਅਪੀਲ ਕੀਤੀ ਗਈ। ਉਨ੍ਹਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੀਤਾ ਪੰਥਕ ਇਕੱਠ ਇਨ੍ਹਾਂ ਨਿਯੁਕਤੀਆਂ ਨੂੰ ਪਹਿਲਾਂ ਹੀ ਰੱਦ ਕਰ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਜੋ ਵੀ ਸ਼੍ਰੋਮਣੀ ਕਮੇਟੀ ਮੈਂਬਰ ਜਾਂ ਅਹੁਦੇਦਾਰ ਇਨ੍ਹਾਂ ’ਜਥੇਦਾਰਾਂ’ ਨੂੰ ਸੰਗਤਾਂ ਵਿੱਚ ਜਾਂ ਸਮਾਗਮਾਂ ਵਿਚ ਲੈ ਕੇ ਆਉਂਦੇ ਹਨ, ਉਨ੍ਹਾਂ ਦਾ ਵੀ ਪੂਰਨ ਬਾਈਕਾਟ ਕੀਤਾ ਜਾਵੇ ।
Advertisement