ਸਰਹੱਦ ਪਾਰੋਂ ਤਸਕਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼
ਆਧੁਨਿਕ ਹਥਿਆਰਾਂ ਤੇ ਡਰੱਗ ਮਨੀ ਸਣੇ ਪੰਜ ਮੁਲਜ਼ਮ ਕਾਬੂ
Advertisement
ਅੰਮ੍ਰਿਤਸਰ ਦਿਹਾਤੀ ਪੁਲੀਸ ਨੇ ਕੇਂਦਰੀ ਏਜੰਸੀਆਂ ਦੇ ਨਾਲ ਤਾਲਮੇਲ ਕਰ ਕੇ ਸਰਹੱਦ ਪਾਰੋਂ ਆਧੁਨਿਕ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੇ ਵੱਡੇ ਤਸਕਰੀ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਕਾਰਵਾਈ ਵਿੱਚ ਪੰਜ ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਕੋਲੋਂ ਹਥਿਆਰ ਅਤੇ ਡਰੱਗ ਮਨੀ ਬਰਾਮਦ ਕੀਤੀ ਗਈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਜੋਬਨਜੀਤ ਸਿੰਘ, ਗੋਰਾ ਸਿੰਘ ਦੋਵੇਂ ਵਾਸੀ ਪਿੰਡ ਰਤਨਗੜ੍ਹ, ਜਸਪ੍ਰੀਤ ਸਿੰਘ ਉਰਫ ਮੋਟੂ ਵਾਸੀ ਪਿੰਡ ਮੁਗਲ ਮਾਜਰੀ ਜ਼ਿਲ੍ਹਾ ਰੋਪੜ, ਸਨੀ ਸਿੰਘ ਵਾਸੀ ਪਿੰਡ ਰਸੂਲਪੁਰ, ਸ਼ਹਿਨਸ਼ਾਹ ਸਿੰਘ ਉਰਫ ਸ਼ਾਲੂ ਵਾਸੀ ਪਿੰਡ ਰਸੂਲਪੁਰ ਵਜੋਂ ਹੋਈ ਹੈ। ਮੁਲਜ਼ਮਾਂ ਕੋਲੋਂ ਬਰਾਮਦ ਕੀਤੇ ਗਏ ਹਥਿਆਰਾਂ ਵਿੱਚ ਏਕੇ ਸੈਗਾ 308 ਅਸਾਲਟ ਰਾਈਫਲ, 2 ਮੈਗਜ਼ੀਨ, ਦੋ ਗਲੌਕ ਪਿਸਤੌਲ 9 ਐੱਮਐੱਮ, 4 ਮੈਗਜ਼ੀਨ, 100 ਜ਼ਿੰਦਾ ਕਾਰਤੂਸ, 7.50 ਲੱਖ ਰੁਪਏ ਦੀ ਡਰੱਗ ਮਨੀ, ਇੱਕ ਕਾਰ ਅਤੇ 3 ਮੋਬਾਈਲ ਫੋਨ ਸ਼ਾਮਲ ਹਨ। ਡੀਜੀਪੀ ਗੌਰਵ ਯਾਦਵ ਨੇ ਅਪਣੇ ਸੋਸ਼ਲ ਮੀਡੀਆ ਖਾਤੇ ‘ਐਕਸ’ ਰਾਹੀਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਮੁਲਜ਼ਮਾਂ ਦੇ ਪਾਕਿ ਏਜੰਸੀ ਆਈਐੱਸਆਈ ਨਾਲ ਸਿੱਧੇ ਸਬੰਧ ਸਨ। ਬਰਾਮਦ ਕੀਤੀ ਗਈ ਖੇਪ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਜਾਣੇ-ਪਛਾਣੇ ਸਾਥੀ ਨਵ ਉਰਫ ਨਵ ਪੰਡੋਰੀ ਨੂੰ ਪਹੁੰਚਾਉਣ ਦਾ ਟੀਚਾ ਸੀ। ਇਹ ਗਤੀਵਿਧੀ ਇੱਕ ਅਤਿਵਾਦੀ-ਗੈਂਗਸਟਰ ਗੱਠਜੋੜ ਦਾ ਸਬੂਤ ਹੈ। ਐੱਸਐੱਸਪੀ ਮਨਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਪਿੰਡ ਕਲੇਰ ਕੋਲ ਨਵੇਂ ਬਣ ਰਹੇ ਪੁਲ ਨੇੜੇ ਲਗਾਏ ਨਾਕੇ ਦੌਰਾਨ ਕਾਬੂ ਕੀਤਾ ਗਿਆ ਹੈ।
Advertisement
Advertisement