ਖਾਨਕੋਟ ਇਲਾਕੇ ਵਿੱਚ ਦੂਸ਼ਿਤ ਪਾਣੀ ਦਾ ਕਹਿਰ, ਕਈ ਬਿਮਾਰ
ਪਿੰਡ ਦੇ ਲੋਕਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦੱਸਿਆ ਕਿ ਪੀਣ ਵਾਲੇ ਦੂਸ਼ਿਤ ਪਾਣੀ ਦੇ ਕਾਰਨ ਪਹਿਲਾਂ 15 ਅਗਸਤ ਨੂੰ ਇੱਕ ਬਜ਼ੁਰਗ ਵਿਅਕਤੀ ਦੀ ਅਤੇ ਮੁੜ 17 ਅਗਸਤ ਨੂੰ ਇੱਕ ਹੋਰ ਵਿਅਕਤੀ ਦੀ ਮੌਤ ਹੋਈ ਹੈ। ਜਦੋਂ ਕਿ ਦਰਜਨ ਭਰ ਲੋਕ ਦੂਸ਼ਿਤ ਪਾਣੀ ਪੀਣ ਕਾਰਨ ਬਿਮਾਰ ਹਨ, ਜਿਨ੍ਹਾਂ ਦਾ ਵੱਖ ਵੱਖ ਥਾਵਾਂ ਤੇ ਇਲਾਜ ਚੱਲ ਰਿਹਾ ਹੈ। ਇਸ ਦੌਰਾਨ ਅੱਜ ਸ਼ਾਮ ਨੂੰ ਪ੍ਰਭਾਵਿਤ ਹੋਏ ਇਲਾਕੇ ਵਿੱਚ ਲੋਕਾਂ ਦਾ ਹਾਲ ਚਾਲ ਪੁੱਛਣ ਅਤੇ ਮੌਜੂਦਾ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਇਲਾਕੇ ਦਾ ਦੌਰਾ ਕੀਤਾ। ਇਸ ਮੌਕੇ ਉਹਨਾਂ ਨਾਲ ਵਧੀਕ ਡਿਪਟੀ ਕਮਿਸ਼ਨਰ ਪਰਮਜੀਤ ਕੌਰ, ਵਧੀਕ ਕਮਿਸ਼ਨਰ ਕਾਰਪੋਰੇਸ਼ਨ ਸੁਰਿੰਦਰ ਸਿੰਘ, ਸਿਵਲ ਸਰਜਨ ਡਾਕਟਰ ਕਿਰਨਦੀਪ ਕੌਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
ਉਨ੍ਹਾਂ ਪਿੰਡ ਵਾਸੀਆਂ ਨਾਲ ਗੱਲਬਾਤ ਕਰਕੇ ਮੌਜੂਦਾ ਸਥਿਤੀ ਦੀ ਜਾਣਕਾਰੀ ਲਈ ਅਤੇ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਉਹ ਇਲਾਕੇ ਵਿੱਚ ਲੋਕਾਂ ਦੀ ਸਹਾਇਤਾ ਲਈ ਡਾਕਟਰਾਂ ਦੀਆਂ ਟੀਮਾਂ ਤਾਇਨਾਤ ਕਰਨ। ਇਸ ਤੋਂ ਇਲਾਵਾ ਇੱਥੇ ਸਾਫ ਸੁਥਰਾ ਪਾਣੀ ਮੁਹੱਈਆ ਕਰਨਾ ਯਕੀਨੀ ਬਣਾਇਆ ਜਾਵੇ। ਇਸ ਤੋਂ ਪਹਿਲਾਂ ਸਵੇਰੇ ਜਦੋਂ ਸਿਹਤ ਵਿਭਾਗ, ਨਗਰ ਨਿਗਮ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਇਸ ਇਲਾਕੇ ਵਿੱਚ ਪੁੱਜੀਆਂ ਤਾਂ ਉਨ੍ਹਾਂ ਨੇ ਇੱਥੇ ਦੂਸ਼ਿਤ ਪਾਣੀ ਦੇ ਵੱਖ ਵੱਖ ਥਾਵਾਂ ਤੋਂ ਨਮੂਨੇ ਲਏ, ਜਿਨ੍ਹਾਂ ਨੂੰ ਜਾਂਚ ਵਾਸਤੇ ਭੇਜਿਆ ਗਿਆ ਹੈ। ਇਲਾਕੇ ਵਿੱਚ ਪੀਣ ਵਾਲਾ ਪਾਣੀ ਗੰਧਲਾ ਹੈ ਅਤੇ ਇਸ ਵਿੱਚੋਂ ਬਦਬੂ ਵੀ ਆ ਰਹੀ ਸੀ।
ਸਿਵਲ ਸਰਜਨ ਦਫਤਰ ਦੇ ਬੁਲਾਰੇ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ 10 ਟੀਮਾਂ ਵੱਲੋਂ ਇਲਾਕੇ ਵਿੱਚ ਘਰ ਘਰ ਜਾ ਕੇ ਸਰਵੇਖਣ ਕੀਤਾ ਗਿਆ ਹੈ ਅਤੇ ਬਿਮਾਰ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕੀਤੀ ਹੈ। ਵਿਭਾਗ ਨੇ ਦੋ ਟੀਮਾਂ ਨੂੰ ਪੱਕੇ ਤੌਰ ’ਤੇ ਇਲਾਕੇ ਦੇ ਗੁਰਦੁਆਰੇ ਵਿੱਚ ਤਾਇਨਾਤ ਕੀਤਾ ਹੈ ਤਾਂ ਜੋ ਬਿਮਾਰ ਵਿਅਕਤੀਆਂ ਦਾ ਇਲਾਜ ਹੋ ਸਕੇ। ਉਨ੍ਹਾਂ ਦੱਸਿਆ ਕਿ ਵਧੇਰੇ ਬਿਮਾਰ ਵਿਅਕਤੀਆਂ ਵਾਸਤੇ ਸਰਕਾਰੀ ਹਸਪਤਾਲ ਵੇਰਕਾ ਅਤੇ ਮਾਨਾਵਾਲਾ ਵਿੱਚ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ, ਜਿੱਥੇ ਦੂਸ਼ਿਤ ਪਾਣੀ ਕਾਰਨ ਬਿਮਾਰ ਹੋਣ ਵਾਲਾ ਕੋਈ ਵੀ ਵਿਅਕਤੀ ਅਪਣਾ ਇਲਾਜ ਕਰਵਾਉਣ ਲਈ ਜਾ ਸਕਦਾ ਹੈ।
ਇਸ ਦੌਰਾਨ ਨਗਰ ਨਿਗਮ ਦੇ ਸਬੰਧਿਤ ਵਿਭਾਗ ਵੱਲੋਂ ਦੂਸ਼ਿਤ ਪਾਣੀ ਦੀ ਸਮੱਸਿਆ ਹੱਲ ਕਰਨ ਲਈ ਕੰਮ ਆਰੰਭ ਕੀਤਾ ਗਿਆ ਹੈ। ਇਸ ਦੌਰਾਨ ਲੋਕਾਂ ਨੂੰ ਪੀਣ ਵਾਲਾ ਸਾਫ ਪਾਣੀ ਮੁਹੱਈਆ ਕਰਨ ਵਾਸਤੇ ਪਾਣੀ ਦੇ ਟੈਂਕਰ ਮੰਗਵਾਏ ਗਏ ਹਨ। ਲੋਕਾਂ ਨੂੰ ਆਖਿਆ ਗਿਆ ਹੈ ਕਿ ਜਦੋਂ ਤੱਕ ਦੂਸ਼ਿਤ ਪਾਣੀ ਦੀ ਸਮੱਸਿਆ ਹੱਲ ਨਹੀਂ ਹੁੰਦੀ ਉਹ ਪੀਣ ਵਾਲੇ ਸਾਫ ਪਾਣੀ ਵਾਸਤੇ ਭੇਜੇ ਜਾ ਰਹੇ ਟੈਂਕਰ ਦੇ ਪਾਣੀ ਦੀ ਵਰਤੋ ਕਰਨ। ਸਿਹਤ ਵਿਭਾਗ ਵੱਲੋਂ ਪਿੰਡ ਦੇ ਲੋਕਾਂ ਨੂੰ ਕਲੋਰੀਨ ਵੀ ਵੰਡੀ ਗਈ ਹੈ ਤਾਂ ਜੋ ਉਹ ਇਸ ਨੂੰ ਪਾਣੀ ਵਿੱਚ ਪਾ ਕੇ ਅਤੇ ਪਾਣੀ ਨੂੰ ਉਬਾਲ ਕੇ ਪੀਣ।