ਕਾਂਗਰਸੀ ਆਗੂਆਂ ਨੇ ਹੜ੍ਹ ਪੀੜਤਾਂ ਦੀਆਂ ਮੁਸ਼ਕਲਾਂ ਸੁਣੀਆਂ
ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੀ ਅਗਵਾਈ ਵਿੱਚ ਪਾਰਟੀ ਦੇ ਆਗੂਆਂ ਨੇ ਅੱਜ ਪੱਟੀ ਤਹਿਸੀਲ ਦੇ ਹੜ੍ਹਾਂ ਤੋਂ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਦੀ ਜਾਣਕਾਰੀ ਇਕੱਤਰ ਕੀਤੀ|
ਪਾਰਟੀ ਆਗੂਆਂ ਨੇ ਤਹਿਸੀਲ ਦੇ ਪਿੰਡ ਕਿੜੀਆਂ, ਸਭਰਾ, ਜੱਲੋਕੇ, ਸੀਤੋ, ਕੋਟਬੁੱਢਾ, ਭਾਓਵਾਲ, ਝੁੱਗੀਆਂ ਪੀਰ ਬਖਸ਼, ਤੂਤ, ਰਸੂਲਪੁਰ, ਰਾਧਲਕੇ, ਮੁੱਠਿਆਂਵਾਲਾ, ਝੁੱਗੀਆਂ-ਨੂਰ-ਮੁਹੰਮਦ ਸਮੇਤ ਹੋਰਨਾਂ ਪਿੰਡਾਂ ਦੇ ਕਿਸਾਨਾਂ ਤੇ ਹੋਰਨਾਂ ਲੋਕਾਂ ਦੇ ਹੜ੍ਹਾਂ ਨਾਲ ਹੋਏ ਨੁਕਸਾਨ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਸਰਕਾਰ ਵਲੋਂ ਸਮੇਂ ਸਿਰ ਕੀਤੇ ਜਾਂ ਵਾਲੇ ਬੰਦੋਬਸਤ ਨਾ ਕਰਨ ਤੇ ਚਿੰਤਾ ਪ੍ਰਗਟ ਕੀਤੀ| ਗਿੱਲ ਨੇ ਕਿਹਾ ਕਿ ਇਨ੍ਹਾਂ ਪਿੰਡਾਂ ਦੇ ਕਿਸਾਨਾਂ ਦੀ ਹਜ਼ਾਰਾਂ ਏਕੜ ਝੋਨੇ ਆਦਿ ਦੀ ਫਸਲ ਪੂਰੀ ਤਰ੍ਹਾਂ ਨਾਲ ਬਰਬਾਦ ਹੀ ਨਹੀਂ ਹੋ ਗਈ ਬਲਕਿ ਇਨ੍ਹਾਂ ਕਿਸਾਨਾਂ ਦੇ ਖੇਤਾਂ ਵਿੱਚ ਦਰਿਆ ਦੀ ਭਲ- ਰੇਤ ਦੇ ਭਰ ਜਾਣ ਕਰਕੇ ਉਨ੍ਹਾਂ ਨੂੰ ਆਉਂਦੀ ਫਸਲ ਦੀ ਬਿਜਾਈ ਕਰਨੀ ਵੀ ਮੁਸ਼ਕਲ ਦਿਖਾਈ ਦੇ ਰਹੀ ਹੈ| ਉਨ੍ਹਾਂ ਸਰਕਾਰ ਵਲੋਂ ਕਿਸਾਨਾਂ ਨੂੰ ਪ੍ਰਤੀ ਏਕੜ 20,000 ਰੁਪਏ ਦਾ ਮੁਆਵਜਾ ਨਿਗੂਣਾ ਆਖਦਿਆਂ ਕਿਸਾਨਾਂ ਦੇ ਖੇਤਾਂ ਨੂੰ ਸਾਫ਼ ਦਰਿਆ ਦੀ ਰੇਤ ਨਾਲ ਭਰ ਜਾਣ ਨੂੰ ਸਾਫ਼ ਕਰਵਾ ਕੇ ਦੇਣ ਲਈ ਵੀ ਕਿਹਾ| ਕਿਸਾਨਾਂ ਕਿਹਾ ਕਿ ਉਨ੍ਹਾਂ ਦੇ ਖੇਤਾਂ ਵਿੱਚ ਰੇਤ ਦੇ ਭਰ ਜਾਣ ਕਰਕੇ ਖੇਤਾਂ ਦੀਆਂ ਨਿਸ਼ਾਨੀਆਂ ਤੱਕ ਵੀ ਖਤਮ ਹੋ ਗਈਆਂ ਹਨ ਜਿਸ ਨੇ ਕਿਸਾਨਾਂ ਵਿੱਚ ਆਪਸੀ ਤਕਰਾਰ ਪੈਦਾ ਹੋਣ ਦੀਆਂ ਸੰਭਾਨਾਵਾਂ ਵੀ ਪੈਦਾ ਕਰਕੇ ਰੱਖ ਦਿੱਤੀਆਂ ਹਨ|
ਅਕਾਲੀ ਆਗੂਆਂ ਵੱਲੋਂ ਹੜ੍ਹ ਪ੍ਰਭਾਵਿਤ ਇਲਾਕੇ ਦਾ ਦੌਰਾ
ਤਰਨ ਤਾਰਨ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਿਰਦੇਸ਼ਾਂ ਤੇ ਪਾਰਟੀ ਦੀ ਹਾਈ ਪਾਵਰ ਕਮੇਟੀ ਨੇ ਸਾਬਕ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਅਗਵਾਈ ਵਿੱਚ ਅੱਜ ਖਡੂਰ ਸਾਹਿਬ ਹਲਕੇ ਦੇ ਪੀੜਤ ਕਿਸਾਨਾਂ ਤੇ ਹੋਰਨਾਂ ਲੋਕਾਂ ਦੀਆਂ ਮੁਸ਼ਕਲਾਂ ਦੇ ਵੇਰਵੇ ਇਕੱਤਰ ਕੀਤੇ| ਸ੍ਰੀ ਮਲੂਕਾ ਦੀ ਅਗਵਾਈ ਵਿੱਚ ਪਾਰਟੀ ਦੇ ਜ਼ਿਲ੍ਹਾ ਆਗੂ ਰਵਿੰਦਰ ਸਿੰਘ ਬ੍ਰਹਮਪੁਰਾ, ਅਲਵਿੰਦਰਪਾਲ ਸਿੰਘ ਪੱਖੋਕੇ, ਐਸਜੀਪੀਸੀ ਮੈਂਬਰ ਗੁਰਬਚਨ ਸਿੰਘ ਕਰਮੂੰਵਾਲਾ ਆਦਿ ਨੂੰ ਲੋਕਾਂ ਨੇ ਆਪਣੇ ਦੁੱਖਾਂ ਦੀ ਦਾਸਤਾਨ ਬਿਆਨ ਕਰਦਿਆਂ ਕਿਹਾ ਕਿ ਇਸ ਮੁਸ਼ਕਲ ਦੀ ਘੜੀ ਵਿੱਚ ਹਲਕੇ ਅੰਦਰ ਸਰਕਾਰ ਨਾਂ ਦੀ ਸ਼ੈਅ ਪੂਰੀ ਤਰ੍ਹਾਂ ਨਾਲ ਗਾਇਬ ਹੈ ਅਤੇ ਲੋਕਾਂ ਨੂੰ ਸਰਕਾਰ ਨੇ ਕਿਸਮਤ ਦੇ ਭਰੋਸੇ ਤੇ ਛੱਡ ਦਿੱਤਾ ਗਿਆ ਹੈ। ਲੋਕਾਂ ਅਕਾਲੀ ਦਲ ਦੇ ਆਗੂਆਂ ਨੂੰ ਦੱਸਿਆ ਕਿ ਲੋਕਾਂ ਨੂੰ ਪਸ਼ੂਆਂ ਲਈ ਚਾਰੇ, ਟੁੱਟੇ ਬੰਨ੍ਹਾਂ ਦੀ ਮੁਰੰਮਤ ਅਤੇ ਬੰਨ੍ਹ ਬਨਣ ਲਈ ਡੀਜ਼ਲ, ਅਗਲੀ ਫ਼ਸਲ ਲਈ ਬੀਜ ਅਤੇ ਬਿਮਾਰੀਆਂ ਤੋਂ ਬਚਾਅ ਲਈ ਫੌਗਿੰਗ ਦੀ ਸਖ਼ਤ ਲੋੜ ਹੈ ਜਿਸ ਲਈ ਸਰਕਾਰ ਨੇ ਪੂਰੀ ਤਰ੍ਹਾਂ ਨਾਲ ਚੁੱਪ ਧਾਰ ਲਈ ਹੈ|. ਕਮੇਟੀ ਦੇ ਆਗੂ ਸਿਕੰਦਰ ਸਿੰਘ ਮਲੂਕਾ ਨੇ ਦੱਸਿਆ ਕਿ ਹਲਕੇ ਵਿੱਚ 16,500 ਏਕੜ ਰਕਬਾ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ।