ਦੋ ਗਰੁੱਪਾਂ ਵਿਚਾਲੇ ਝਗੜਾ; ਗੋਲੀਬਾਰੀ ਦੌਰਾਨ ਦੋ ਨੌਜਵਾਨ ਜ਼ਖ਼ਮੀ
ਅੱਜ ਰਾਤ ਥਾਣਾ ਛੇਹਰਟਾ ਦੇ ਖੇਤਰ ਖੰਡਵਾਲਾ ਵਿਖੇ ਚੱਲੀ ਗੋਲੀ ਦੌਰਾਨ ਦੋ ਨੌਜਵਾਨ ਜ਼ਖਮੀ ਹੋ ਗਏ ਹਨ, ਜਦੋਂ ਕਿ ਮੌਕੇ ਤੋਂ ਭੱਜ ਰਹੇ ਮੁਲਜ਼ਮ ਵੱਲੋ ਪੁਲੀਸ ਤੇ ਵੀ ਗੋਲੀ ਚਲਾਈ ਗਈ। ਸਵੈਰੱਖਿਆ ਲਈ ਪੁਲੀਸ ਵਲੋਂ ਕੀਤੇ ਫਾਇਰ ਦੌਰਾਨ ਇੱਕ ਮੁਲਜਮ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ ਹੈ।
ਡੀਸੀਪੀ ਇਨਵੈਸਟੀਗੇਸ਼ ਸ਼੍ਰੀ ਰਵਿੰਦਰ ਪਾਲ ਸਿੰਘ ਸੰਧੂ ਨ ਨੇ ਦੱਸਿਆ ਕਿ ਅੱਜ ਜਨਮ ਅਸ਼ਟਮੀ ਦੇ ਧਾਰਮਿਕ ਸਮਾਗਮ ਕਾਰਨ ਪੁਲੀਸ ਕਮਿਸ਼ਨਰ ਵੱਲੋਂ ਸ਼ਹਿਰ ਵਿੱਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹੋਏ ਹਨ, ਜਿਸ ਕਾਰਨ ਵੱਖ-ਵੱਖ ਥਾਵਾਂ ਤੇ ਪੁਲੀਸ ਤੈਨਾਤ ਹੈ।
ਉਨ੍ਹਾਂ ਦੱਸਿਆ ਕਿ ਇਸ ਖੇਤਰ ਵਿੱਚ ਰਾਤ 8:30 ਤੋਂ 9 ਵਜੇ ਦੇ ਦਰਮਿਆਨ ਦੋ ਗਰੁੱਪਾਂ ਵਿਚਾਲੇ ਝਗੜਾ ਹੋਇਆ ਅਤੇ ਗੋਲੀ ਚੱਲੀ ਹੈ। ਇਸ ਘਟਨਾ ਵਿੱਚ ਇੱਕ ਗਰੁੱਪ ਦੇ ਦੋ ਮੈਂਬਰ ਜ਼ਖਮੀ ਹੋਏ ਹਨ, ਜਿਨਾਂ ਵਿੱਚੋਂ ਇੱਕ ਦੇ ਪੇਟ ਵਿੱਚ ਗੋਲੀ ਲੱਗੀ ਹੈ ਅਤੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਇਸ ਘਟਨਾ ਦੀ ਜਾਣਕਾਰੀ ਜਿਵੇਂ ਹੀ ਐਸਐਚਓ ਛੇਹਰਟਾ ਨੂੰ ਮਿਲੀ ਤਾਂ ਉਸਨੇ ਮੌਕੇ ਤੇ ਪੁਲੀਸ ਬਲ ਸਮੇਤ ਪਹੁੰਚ ਕੇ ਕਾਰਵਾਈ ਕੀਤੀ। ਉਨ੍ਹਾਂ ਦੱਸਿਆ ਕਿ ਇੱਕ ਗਰੁੱਪ ਦੇ ਗੋਲੀ ਚਲਾਉਣ ਵਾਲੇ ਮੁਲਜ਼ਮ ਜਦੋਂ ਪੁਲੀਸ ਨੂੰ ਦੇਖ ਕੇ ਭੱਜੇ ਤਾਂ ਪੁਲੀਸ ਨੇ ਉਹਨਾਂ ਦਾ ਪਿੱਛਾ ਕੀਤਾ, ਜਿਨਾਂ ਵਿੱਚੋਂ ਇੱਕ ਨੂੰ ਕਾਬੂ ਕਰ ਲਿਆ। ਜਦੋਂ ਕਿ ਦੂਜਾ ਕੰਧ ਟੱਪ ਕੇ ਭੱਜ ਗਿਆ।
ਪੁਲੀਸ ਨੇ ਉਸ ਦਾ ਪਿੱਛਾ ਕੀਤਾ।ਇਸ ਦੌਰਾਨ ਮੁਲਜਮ ਨੇ ਪੁਲੀਸ ਤੇ ਗੋਲੀ ਚਲਾਈ। ਉਨ੍ਹਾਂ ਦੱਸਿਆ ਕਿ ਪੁਲੀਸ ਬਲ ਨੇ ਵੀ ਆਪਣੀ ਸਵੈ ਰੱਖਿਆ ਵਾਸਤੇ ਗੋਲੀ ਚਲਾਈ, ਜਿਸ ਵਿੱਚ ਇਹ ਮੁਲਜਮ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ ਹੈ। ਇਸ ਦੀ ਸ਼ਨਾਖਤ ਨਿਖਲ ਵਜੋਂ ਹੋਈ ਹੈ।
ਉਨ੍ਹਾਂ ਕਿਹਾ ਕਿ ਪਹਿਲਾਂ ਵੀ ਪੁਲੀਸ ਨੂੰ ਇੱਕ ਕੇਸ ਵਿੱਚ ਲੋੜੀਂਦਾ ਸੀ। ਉਨਾ ਦੱਸਿਆ ਕਿ ਇਸ ਮਾਮਲੇ ਵਿੱਚ ਜਖਮੀ ਹੋਏ ਤਿੰਨਾਂ ਵਿਅਕਤੀਆਂ ਨੂੰ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ।
ਪੁਲੀਸ ਅਧਿਕਾਰੀ ਨੇ ਝਗੜੇ ਦਾ ਕਾਰਨ ਪੁਰਾਣੀ ਰੰਜਿਸ਼ ਦੱਸਿਆ ਹੈ। ਪੁਲੀਸ ਵੱਲੋਂ ਫਿਲਹਾਲ ਇਸ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।