ਵਿਦਿਆਰਥੀਆਂ ਦੇ ਦੋ ਗੁੱਟਾਂ ਵਿਚ ਝੜਪ; ਗੋਲੀਬਾਰੀ ’ਚ ਇੱਕ ਦੀ ਮੌਤ ਚਾਰ ਜ਼ਖ਼ਮੀ
ਇੱਥੇ ਹਰਦੋਛੰਨੀ ਰੋਡ ’ਤੇ ਪਿੰਡ ਹਰਦਾਨ ਵਿੱਚ ਅੱਜ ਬਾਅਦ ਦੁਪਹਿਰ ਕਰੀਬ ਚਾਰ ਵਜੇ ਵਿਦਿਆਰਥੀਆਂ ਦੇ ਦੋ ਗੁੱਟਾਂ ਦਰਮਿਆਨ ਝੜਪ ਹੋ ਗਈ। ਇਸ ਦੌਰਾਨ ਦੋਵਾਂ ਧਿਰਾਂ ’ਚ ਗੋਲੀਆਂ ਵੀ ਚੱਲੀਆਂ, ਜਿਸ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਇਹ ਵਿਦਿਆਰਥੀ ਗੁਰਦਾਸਪੁਰ ਦੇ ਨਿੱਜੀ ਕਾਲਜ ਨਾਲ ਸਬੰਧਤ ਹਨ। ਇਨ੍ਹਾਂ ਦੀ ਇੱਕ ਦਿਨ ਪਹਿਲਾਂ ਆਪਸ ਵਿੱਚ ਤਕਰਾਰ ਹੋਈ ਸੀ ਪਰ ਫ਼ਿਲਹਾਲ ਪੁਲੀਸ ਵੱਲੋਂ ਇਸ ਤੱਥ ਦੀ ਪੁਸ਼ਟੀ ਨਹੀਂ ਕੀਤੀ ਗਈ।
ਪਿੰਡ ਵਾਸੀਆਂ ਨੇ ਦੱਸਿਆ ਕਿ ਦੋ ਦਰਜਨ ਦੇ ਕਰੀਬ ਨੌਜਵਾਨ ਤੇਜ਼ਧਾਰ ਹਥਿਆਰਾਂ ਨਾਲ ਲੜਦੇ ਵੇਖੇ ਗਏ ਅਤੇ ਇਸ ਦੌਰਾਨ ਇੱਕ ਧਿਰ ਵੱਲੋਂ ਅੰਨ੍ਹੇਵਾਹ ਫਾਇਰਿੰਗ ਕੀਤੀ ਗਈ ਜਿਸ ਵਿੱਚ ਗੁਰਜੀਤ ਸਿੰਘ ਨਾਮ ਦੇ ਨੌਜਵਾਨ ਦੀ ਮੌਤ ਹੋ ਗਈ।
ਉਧਰ ਜ਼ਖ਼ਮੀ ਨੌਜਵਾਨਾਂ ਨੇ ਕਿਹਾ ਕਿ ਉਹ ਬਰਗਰ ਖਾ ਰਹੇ ਸਨ। ਇਸ ਦੌਰਾਨ ਇੱਕ ਕਾਰ ’ਤੇ ਕੁਝ ਨੌਜਵਾਨ ਆਏ ਅਤੇ ਉਨ੍ਹਾਂ ਨੇ ਆਉਂਦਿਆਂ ਹੀ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਕਿਹਾ ਕਿ ਉਹ ਘਰੋਂ ਲੜਨ ਲਈ ਨਹੀਂ ਆਏ ਸਨ ਅਤੇ ਨਾ ਹੀ ਉਹ ਗੋਲ਼ੀਬਾਰੀ ਕਰਨ ਵਾਲਿਆਂ ਨੂੰ ਜਾਣਦੇ ਹਨ। ਫਿਲਹਾਲ ਜ਼ਖ਼ਮੀਆਂ ਵਿੱਚੋਂ ਦੋ ਨੁੂੰ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ ਗਿਆ ਹੈ।
ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜ਼ਖ਼ਮੀ ਨੌਜਵਾਨਾਂ ਦੇ ਮੋਟਰਸਾਈਕਲਾਂ ਵਿੱਚੋਂ ਵੀ ਤੇਜ਼ਧਾਰ ਹਥਿਆਰ ਮਿਲੇ ਹਨ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।