ਮੁੱਖ ਮੰਤਰੀ ਨੇ ਨਵਜੋਤ ਸਿੱਧੂ ਨੂੰ ਵਿਆਹ ਵਾਲਾ ਸੂਟ ਕਹਿ ਕੇ ਕੱਸਿਆ ਤਨਜ਼
ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਾਂਗਰਸੀ ਆਗੂ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਉੱਤੇ ਵਿਅੰਗ ਕਸਦਿਆਂ ਉਨ੍ਹਾਂ ਨੂੰ ਵਿਆਹ ਵਾਲਾ ਅਜਿਹਾ ਸੂਟ ਕਰਾਰ ਦਿੱਤਾ ਹੈ, ਜੋ ਘੁੰਮਦਾ ਰਹਿੰਦਾ ਹੈ। ਹੜ੍ਹ ਪੀੜਤਾਂ ਨੂੰ ਮੁਆਵਜ਼ੇ ਦੇ ਚੈੱਕ ਦੇਣ ਲਈ ਰੱਖੇ ਸਮਾਗਮ ਨੂੰ ਸੰਬੋਧਨ ਦੌਰਾਨ ਕਾਂਗਰਸੀਆਂ ਤੇ ਹੋਰਨਾਂ ਨੂੰ ਰਗੜੇ ਲਾਉਂਦੇ ਹੋਏ ਮੁੱਖ ਮੰਤਰੀ ਨੇ ਵਿਅੰਗਮਈ ਅੰਦਾਜ਼ ਵਿੱਚ ਆਖਿਆ ਕਿ ਹੁਣ ਨਵਜੋਤ ਸਿੱਧੂ ਵੀ ਸਿਆਸੀ ਦ੍ਰਿਸ਼ ਵਿੱਚ ਨਜ਼ਰ ਆਉਣਗੇ। ਉਹ ਪੰਜਾਬ ਲਈ ਇੱਕ ਨਵਾਂ ਏਜੰਡਾ ਲੈ ਕੇ ਹਾਜ਼ਰ ਹੋਣਗੇ। ਉਨ੍ਹਾਂ ਕਿਹਾ ਕਿ ਅਜਿਹੇ ਆਗੂ ਚੋਣਾਂ ਤੋਂ ਬਾਅਦ ਲੁਕ ਜਾਂਦੇ ਹਨ ਅਤੇ ਮੁੜ ਚੋਣਾਂ ਆਉਣ ’ਤੇ ਲੋਕਾਂ ਕੋਲ ਪੁੱਜ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਕੋਲੋਂ ਕੋਈ ਪੁੱਛੇ ਤਾਂ ਕਹਿੰਦੇ ਹਨ ਘਰ ਦਾ ਗੁਜ਼ਾਰਾ ਵੀ ਚਲਾਉਣਾ ਹੈ। ਮੁੱਖ ਮੰਤਰੀ ਨੇ ਕਿਹਾ, ‘‘ਅਸੀਂ ਵੀ ਤਾਂ ਆਪਣੇ ਘਰਾਂ ਦਾ ਗੁਜ਼ਾਰਾ ਚਲਾ ਰਹੇ ਹਾਂ। ਇਹ ਸੇਵਾ ਪੂਰੇ ਸਮੇਂ ਦੀ ਸੇਵਾ ਹੈ ਨਾ ਕਿ ਕੁਝ ਸਮੇਂ ਲਈ।’’ ਉਨ੍ਹਾਂ ਵਿਅੰਗ ਕਰਦਿਆਂ ਕਿਹਾ ਕਿ ਕਾਂਗਰਸੀ ਆਗੂ (ਸਿੱਧੂ) ਵਿਆਹ ਵਾਲਾ ਅਜਿਹਾ ਸੂਟ ਹੈ ਜੋ ਬਿਨਾਂ ਖੋਲ੍ਹਿਆਂ ਹੀ, ਕਿਸੇ ਨੂੰ ਅਗਾਂਹ ਅਤੇ ਫਿਰ ਅਗਾਂਹ ਅਤੇ ਕਈ ਵਾਰ ਮੁੜ ਮਾਲਕਾਂ ਕੋਲ ਹੀ ਵਾਪਸ ਪੁੱਜ ਜਾਂਦਾ ਹੈ। ਪਰ ਕਾਂਗਰਸ ਨੇ ਇਹ ਲਿਫਾਫਾ ਖੋਲ੍ਹ ਲਿਆ ਹੈ ਅਤੇ ਹੁਣ ਕਾਂਗਰਸ ਦੁਚਿੱਤੀ ਵਿੱਚ ਹੈ। ਉਹ ਨਾ ਤਾਂ ਇਸ ਸੂਟ ਨੂੰ ਲਿਫਾਫੇ ਵਿੱਚ ਰੱਖ ਸਕਦੀ ਹੈ ਅਤੇ ਨਾ ਹੀ ਬਾਹਰ ਕੱਢ ਸਕਦੀ ਹੈ।