ਸਰਹੱਦ ਪਾਰੋਂ ਤਸਕਰੀ ’ਤੇ ਬੀਐਸਐਫ਼ ਦੀ ਤਿੱਖੀ ਨਜ਼ਰ; ਇੱਕ ਸਾਲ ਵਿੱਚ 200 ਡਰੋਨ ਬਰਾਮਦ
Punjab News: ਸਰਹੱਦ ਪਾਰੋ ਡਰੋਨ ਰਾਹੀ ਤਸਕਰੀ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਪਰ ਦੂਜੇ ਪਾਸੇ ਸਰਹੱਦ ਤੇ ਤੈਨਾਤ ਚੌਕਸ ਬੀਐਸਐਫ ਵੱਲੋਂ ਵੀ ਅਜਿਹੀਆਂ ਗਤੀਵਿਧੀਆਂ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਜਿਸ ਦੇ ਸਿੱਟੇ ਵਜੋਂ ਬੀਐਸਐਫ ਨੇ ਇਸ ਸਾਲ ਵਿੱਚ ਹੁਣ ਤੱਕ 200 ਡਰੋਨ ਬਰਾਮਦ ਕੀਤੇ ਅਤੇ ਡੇਗੇ ਹਨ। ਇਸ ਦੇ ਨਾਲ ਹੀ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਅਤੇ ਹਥਿਆਰ ਵੀ ਬਰਾਮਦ ਕੀਤੇ ਹਨ।
ਬੀਐੱਸਐੱਫ ਦੇ ਉੱਚ ਅਧਿਕਾਰੀ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਹੈ ਕਿ ਬੀਐਸਐਫ ਨੇ ਇਸ ਸਾਲ 13 ਅਕਤੂਬਰ ਤੱਕ ਸਰਹੱਦ ਪਾਰੋਂ ਤਸਕਰੀ ਲਈ ਵਰਤੇ ਗਏ 200 ਡਰੋਨ ਬਰਾਮਦ ਕੀਤੇ ਹਨ।
ਦੱਸਣ ਯੋਗ ਹੈ ਕਿ ਸਰਹੱਦ ’ਤੇ ਐਂਟੀ ਡਰੋਨ ਸਿਸਟਮ ਵੀ ਸਥਾਪਤ ਕੀਤਾ ਗਿਆ ਹੈ ਜਿਸ ਦੀ ਮਦਦ ਨਾਲ ਬੀਐੱਸਐੱਫ ਵੱਲੋਂ ਸਰਹੱਦ ਪਾਰੋਂ ਤਸਕਰੀ ਲਈ ਵਰਤੇ ਜਾ ਰਹੇ ਡਰੋਨਾ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਬੀਐੱਸਐੱਫ ਵੱਲੋਂ ਅਜਿਹੀਆਂ ਤਸਕਰੀ ਵਾਲੀਆਂ ਗਤੀਵਿਧੀਆਂ ਪ੍ਰਤੀ ਚੌਕਸੀ ਵਰਤਦਿਆਂ ਵੱਡੀ ਗਿਣਤੀ ਵਿੱਚ ਪਾਕਿਸਤਾਨ ਵਾਲੇ ਪਾਸਿਓਂ ਤਸਕਰੀ ਲਈ ਵਰਤੇ ਜਾ ਰਹੇ ਡਰੋਨ ਡੇਗੇ ਹਨ। ਇਸ ਸਾਲ ਹੁਣ ਤੱਕ 200 ਡਰੋਨ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ 287 ਕਿਲੋ ਹੈਰੋਇਨ, 13 ਕਿਲੋ ਆਈਸ ਡਰੱਗ, 174 ਹਥਿਆਰ ,12 ਹੈਂਡ ਗਰਨੇਡ ਬਰਾਮਦ ਕੀਤੇ ਹਨ।
ਉਨ੍ਹਾਂ ਦੱਸਿਆ ਕਿ ਅਜਿਹੀਆਂ ਦੇਸ਼ ਵਿਰੋਧੀ ਗਤੀਵਿਧੀਆਂ ਦੌਰਾਨ ਤਿੰਨ ਘੁਸਪੈਠੀਏ ਮਾਰੇ ਹਨ, ਜਦੋਂ ਕਿ 203 ਭਾਰਤੀ ਤਸਕਰ ਕਾਬੂ ਕੀਤੇ ਹਨ। ਇਸ ਤੋਂ ਇਲਾਵਾ 16 ਪਾਕਿਸਤਾਨੀ ਨਾਗਰਿਕ ਵੀ ਗ਼ੈਰ ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਨ ਦੇ ਦੋਸ਼ ਹੇਠ ਕਾਬੂ ਕੀਤੇ ਹਨ।