ਬੀਐਸਐਫ ਵੱਲੋਂ ਵੱਡੀ ਕਾਰਵਾਈ;ਸਰਹੱਦੀ ਇਲਾਕੇ ’ਚੋਂ ਡਰੋਨ, ਹੈਰੋਇਨ ਅਤੇ ਗੋਲੀਆਂ ਬਰਾਮਦ
ਬੀਐਸਐਫ ਨੇ ਅੰਮ੍ਰਿਤਸਰ ਅਤੇ ਤਰਨ ਤਾਰਨ ਜਿਲੇ ਦੇ ਸਰਹੱਦੀ ਖੇਤਰ ਵਿੱਚ ਸਰਹੱਦ ਪਾਰੋਂ ਤਸਕਰੀ ਦੀਆਂ ਕਈ ਘਟਨਾਵਾਂ ਨੂੰ ਅਸਫ਼ਲ ਬਣਾਉਂਦੇ ਹੋਏ ਡਰੋਨ ,ਹੈਰੋਇਨ ਅਤੇ ਗੋਲੀਆਂ ਆਦਿ ਬਰਾਮਦ ਕੀਤੀਆਂ ਹਨ।
ਇਸ ਸੰਬੰਧ ਵਿੱਚ ਜਾਣਕਾਰੀ ਦਿੰਦਿਆਂ ਬੀਐੱਸਐੱਫ ਦੇ ਉੱਚ ਅਧਿਕਾਰੀ ਨੇ ਦੱਸਿਆ ਕਿ ਅੱਜ ਇਸ ਮਾਮਲੇ ਵਿੱਚ ਇੱਕ ਖ਼ਾਸ ਖੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਬੀਐਸਐਫ ਜਵਾਨਾਂ ਨੇ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਬਾਗੜੀਆਂ ਨੇੜੇ ਖੇਤਾਂ ਵਿੱਚੋਂ ਇੱਕ ਡਰੋਨ ਬਰਾਮਦ ਕੀਤਾ ਹੈ।
ਇਸ ਤੋਂ ਇਲਾਵਾ ਇੱਕ ਹੋਰ ਕਾਰਵਾਈ ਦੌਰਾਨ ਬੀਐਸਐਫ ਨੇ ਸਰਹੱਦੀ ਪਿੰਡ ਭੈਣੀ ਦੇ ਕੋਲੋਂ ਦੋ ਪੈਕੇਟ ਹੈਰੋਇਨ ਬਰਾਮਦ ਕੀਤੀ ਹੈ। ਜਿਸ ਵਿੱਚ ਦੋ ਕਿਲੋ 245 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਤਰਨ ਤਾਰਨ ਦੇ ਸਰਹੱਦੀ ਖੇਤਰ ਦੇ ਪਿੰਡ ਬੁਰਜ ਦੇ ਕੋਲੋਂ ਇੱਕ ਪੈਕੇਟ ਹੈਰੋਇਨ ਬਰਾਮਦ ਹੋਈ ਹੈ, ਜਿਸ ਵਿੱਚ 550 ਗ੍ਰਾਮ ਨਸ਼ੀਲਾ ਪਦਾਰਥ ਸੀ। ਇਸ ਤੋਂ ਇਲਾਵਾ ਇੱਕ ਮੋਟਰਸਾਈਕਲ ਬਰਾਮਦ ਹੋਇਆ ਹੈ।
ਇੱਕ ਹੋਰ ਕਾਰਵਾਈ ਦੌਰਾਨ ਬੀਐਸਐੱਫ ਨੇ ਪਿੰਡ ਨੌਸ਼ਹਿਰਾ ਢੱਲਾ ਦੇ ਕੋਲੋਂ ਇੱਕ ਸ਼ੱਕੀ ਗਤੀਵਿਧੀ ਦਾ ਪਤਾ ਲਾਉਣ ਲਈ ਕੀਤੀ ਕਾਰਵਾਈ ਤਹਿਤ ਝੋਨੇ ਦੇ ਖੇਤਾਂ ਵਿੱਚ ਲੁਕੇ ਹੋਏ ਇੱਕ ਜੋੜੇ ਨੂੰ ਕਾਬੂ ਕੀਤਾ ਹੈ। ਜਿਨਾਂ ਦੇ ਕਬਜ਼ੇ ਵਿੱਚੋਂ ਪਿਸਤੌਲ ਦੇ ਪੰਜ ਮੈਗਜ਼ੀਨ, ਅੱਠ ਕਾਰਤੂਸ, ਇੱਕ ਸਕੂਟਰ ਅਤੇ ਇੱਕ ਮੋਬਾਈਲ ਫੋਨ ਬਰਾਮਦ ਹੋਇਆ ਹੈ।