ਬੀਐੱਸਐੱਫ ਵੱਲੋਂ ਪੰਜ ਤਸਕਰ ਕਾਬੂ; ਪਿਸਤੌਲ, ਹੈਰੋਇਨ ਤੇ ਡਰੋਨ ਬਰਾਮਦ
ਸਰਹੱਦ ’ਤੇ ਨਾਰਕੋ-ਅਤਿਵਾਦ ਤੇ ਤਸਕਰੀ ਖਿਲਾਫ ਸਖ਼ਤ ਕਾਰਵਾਈ ਕਰਦਿਆਂ ਬੀਐਸਐਫ ਜਵਾਨਾਂ ਨੇ ਵੱਖ ਵੱਖ ਘਟਨਾਵਾਂ ਵਿੱਚ 5 ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਕੋਲੋਂ ਪਿਸਤੌਲ, ਗੋਲਾ ਬਾਰੂਦ, ਡਰੋਨ ਤੇ ਹੈਰੋਇਨ ਬਰਾਮਦ ਕੀਤੀ ਹੈ।
ਬੀਐੱਸਐੱਫ ਦੇ ਉੱਚ ਅਧਿਕਾਰੀ ਨੇ ਦੱਸਿਆ ਕਿ ਠੋਸ ਜਾਣਕਾਰੀ ’ਤੇ ਕਾਰਵਾਈ ਕਰਦਿਆਂ ਬੀਐੱਸਐੱਫ ਅਤੇ ਏਐੱਨਟੀਐੱਫ, ਅੰਮ੍ਰਿਤਸਰ ਦੀ ਇੱਕ ਸਾਂਝੀ ਟੀਮ ਨੇ ਤਰਨ ਤਾਰਨ ਦੇ ਝਬਾਲ ਖੇਤਰ ਕੋਲੋਂ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਉਸ ਕੋਲੋ 1 ਪੈਕੇਟ ਹੈਰੋਇਨ (ਕੁੱਲ ਭਾਰ- 504 ਗ੍ਰਾਮ), ਇਕ ਮੋਬਾਈਲ ਫੋਨ ਅਤੇ ਇੱਕ ਬਾਈਕ ਬਰਾਮਦ ਕੀਤਾ ਹੈ। ਗ੍ਰਿਫ਼ਤਾਰ ਕੀਤਾ ਵਿਅਕਤੀ ਪਿੰਡ ਮਾਲੂਵਾਲ ਦਾ ਰਹਿਣ ਵਾਲਾ ਹੈ। ਉਸ ਨੂੰ ਅਗਲੇਰੀ ਜਾਂਚ ਵਾਸਤੇ ਪੁੱਛਗਿੱਛ ਲਈ ਏਐਨਟੀਐਫ ਹਵਾਲੇ ਕਰ ਦਿੱਤਾ ਹੈ।
ਅਧਿਕਾਰੀ ਨੇ ਦੱਸਿਆ ਕਿ ਬੀਤੀ ਸ਼ਾਮ ਬੀਐੱਸਐੱਫ ਇੰਟੈਲੀਜੈਂਸ ਵਿੰਗ ਦੀ ਖਾਸ ਸੂਚਨਾ ’ਤੇ ਬੀਐੱਸਐੱਫ ਅਤੇ ਏਐੱਨਟੀਐੱਫ, ਅੰਮ੍ਰਿਤਸਰ ਦੀ ਸਾਂਝੀ ਟੀਮ ਨੇ ਕਾਰਵਾਈ ਕਰਦਿਆਂ ਤਰਨ ਤਾਰਨ ਦੇ ਸੁਰ ਸਿੰਘ ਵਿਖੇ ਮਾਰਕੀਟ ਵਿੱਚੋਂ ਚਾਰ ਮਸ਼ਕੂਕਾਂ ਨੂੰ ਤਸਕਰੀ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ। ਤਲਾਸ਼ੀ ਦੌਰਾਨ ਉਨ੍ਹਾਂ ਦੇ ਕਬਜ਼ੇ ਵਿੱਚੋਂ ਹੈਰੋਇਨ ਦੇ 9 ਪੈਕੇਟ (ਕੁੱਲ ਵਜ਼ਨ- 5.032 ਕਿਲੋਗ੍ਰਾਮ), ਦੋ ਪਿਸਤੌਲ, ਇਕ ਸਕਾਰਪੀਓ ਕਾਰ, 4 ਮੋਬਾਈਲ ਫੋਨ, ਦੋ ਬਾਈਕ ਅਤੇ 1000 ਰੁਪਏ ਭਾਰਤੀ ਕਰੰਸੀ ਬਰਾਮਦ ਕੀਤੇ ਗਏ। ਇਹ ਵਿਅਕਤੀ ਪਿੰਡ ਗੋਇੰਦਵਾਲ ਅਤੇ ਸੋਹਲ ਦੇ ਵਸਨੀਕ ਹਨ। ਅਗਲੇਰੀ ਜਾਂਚ ਲਈ ਇਨ੍ਹਾਂ ਨੂੰ ਏਐੱਨਟੀਐੱਫ ਦੀ ਹਿਰਾਸਤ ਵਿੱਚ ਭੇਜ ਦਿੱਤਾ ਗਿਆ।
ਅਧਿਕਾਰੀ ਨੇ ਦੱਸਿਆ ਕਿ ਰਾਤ ਸਮੇਂ ਚੌਕਸ ਬੀਐੱਸਐੰਫ ਜਵਾਨਾਂ ਨੇ ਇੱਕ ਡਰੋਨ ਦੀ ਗਤੀਵਿਧੀ ਨੂੰ ਰੋਕਿਆ ਅਤੇ ਇੱਕ ਤਲਾਸ਼ੀ ਮੁਹਿੰਮ ਚਲਾਈ। ਜਿਸ ਦੇ ਨਤੀਜੇ ਵਜੋਂ ਅੰਮ੍ਰਿਤਸਰ ਦੇ ਪਿੰਡ ਰਣੀਆਂ ਨਾਲ ਲੱਗਦੇ ਇੱਕ ਖੇਤ ਵਿੱਚੋ 1 ਡੀਜੇਆਈ ਏਆਈਆਰ 3 ਡਰੋਨ, ਪਿਸਤੌਲ ਦੇ ਪੁਰਜ਼ੇ ਅਤੇ 1 ਮੈਗਜ਼ੀਨ ਵਾਲਾ ਇੱਕ ਪੈਕੇਟ ਬਰਾਮਦ ਹੋਇਆ।
ਇਸੇ ਤਰ੍ਹਾਂ ਕੱਲ੍ਹ ਸ਼ਾਮ ਇੱਕ ਖਾਸ ਸੂਚਨਾ ’ਤੇ ਬੀਐੱਸਐੱਫ ਜਵਾਨਾਂ ਨੇ ਇੱਕ ਤਲਾਸ਼ੀ ਮੁਹਿੰਮ ਦੌਰਾਨ ਤਰਨ ਤਾਰਨ ਦੇ ਪਿੰਡ ਵਾਂਅ ਨਾਲ ਲੱਗਦੇ ਇੱਕ ਖੇਤ ਵਿੱਚੋਂ ਪਿਸਤੌਲ ਦੇ ਪੁਰਜ਼ੇ ਬਰਾਮਦ ਕੀਤੇ। ਬੀਐੱਸਐੱਫ ਅਧਿਕਾਰੀ ਨੇ ਆਖਿਆ ਕਿ ਇਹ ਗ੍ਰਿਫ਼ਤਾਰੀਆਂ ਤੇ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਸਰਹੱਦ ਦੀ ਸੁਰੱਖਿਆ ਅਤੇ ਪਾਕਿਸਤਾਨ-ਸਮਰਥਿਤ ਨਾਰਕੋ-ਅਤਿਵਾਦ ਤਸਕਰੀ ਨੂੰ ਰੋਕਣ ਲਈ ਬੀਐੱਸਐੱਫ ਦੇ ਸਮਰਪਣ ਅਤੇ ਨਿਰੰਤਰ ਯਤਨਾਂ ਨੂੰ ਦਰਸਾਉਂਦੀ ਹੈ।