ਹਰਿਮੰਦਰ ਸਾਹਿਬ ’ਚ ਬੰਬ ਦੀ ਧਮਕੀ: ਪੁਲੀਸ ਨੇ ਸਾਫਟਵੇਅਰ ਇੰਜਨੀਅਰ ਨੂੰ ਹਿਰਾਸਤ ’ਚ ਲਿਆ
ਸ੍ਰੀ ਹਰਿਮੰਦਰ ਸਾਹਿਬ ਵਿਖੇ ਧਮਕੀ ਭਰੇ ਈਮੇਲ ਭੇਜਣ ਦੇ ਮਾਮਲੇ ਵਿੱਚ ਪੁਲੀਸ ਨੇ ਫਰੀਦਾਬਾਦ ਤੋਂ ਸ਼ਭਮ ਦੂਬੇ ਨਾਂਅ ਦੇ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਹੈ ਅਤੇ ਉਸ ਕੋਲੋਂ ਇਸ ਮਾਮਲੇ ਵਿੱਚ ਪੁੱਛਗਿਛ ਕੀਤੀ ਜਾ ਰਹੀ ਹੈ, ਜਿੱਥੋਂ ਪੁਲੀਸ ਨੂੰ ਅਗਲੇਰੀ ਜਾਂਚ ਲਈ ਹਾਂ-ਪੱਖੀ ਸੰਕੇਤ ਮਿਲੇ ਹਨ। ਇਹ ਖੁਲਾਸਾ ਅੱਜ ਇਥੇ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਇਸ ਮਾਮਲੇ ਵਿੱਚ ਕੁਝ ਟੀਮਾਂ ਤਾਮਿਲ ਨਾਡੂ ਭੇਜੀਆਂ ਗਈਆਂ ਹਨ। ਇਸ ਦੌਰਾਨ ਪੁਲੀਸ ਟੀਮ ਨੇ ਫ਼ਰੀਦਾਬਾਦ ਤੋਂ ਇੱਕ ਵਿਅਕਤੀ ਨੂੰ ਪੁੱਛਗਿਛ ਵਾਸਤੇ ਹਿਰਾਸਤ ਵਿੱਚ ਲਿਆ ਹੈ। ਇਸ ਵਿਅਕਤੀ ਦੀ ਪਛਾਣ ਸ਼ੁਭਮ ਦੂਬੇ ਵਜੋਂ ਹੋਈ ਹੈ ਤੇ ਉਸ ਨੇ ਬੀ.ਟੈੱਕ ਇੰਜਨੀਅਰਿੰਗ ਕੀਤੀ ਹੋਈ ਹੈ। ਪੁਲੀਸ ਨੇ ਜਾਂਚ ਲਈ ਉਸ ਦਾ ਲੈਪਟਾਪ ਅਤੇ ਮੋਬਾਈਲ ਵੀ ਜ਼ਬਤ ਕੀਤਾ ਹੈ। ਉਨ੍ਹਾਂ ਇਸ ਨੂੰ ਅੰਸ਼ਕ ਸਫਲਤਾ ਆਖਿਆ ਪਰ ਕਿਹਾ ਕਿ ਪੁਲੀਸ ਵੱਲੋਂ ਕੀਤੀ ਜਾ ਰਹੀ ਜਾਂਚ ਸਹੀ ਦਿਸ਼ਾ ਵਿੱਚ ਚੱਲ ਰਹੀ ਹੈ ਅਤੇ ਜਲਦੀ ਹੀ ਪੁਲੀਸ ਦੇ ਹੱਥ ਵੱਡੀ ਸਫਲਤਾ ਹੋਵੇਗੀ।
ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਪੰਜਾਬ ਪੁਲੀਸ ਵੱਖ-ਵੱਖ ਖੁਫੀਆ ਅਤੇ ਸੁਰੱਖਿਆ ਏਜੰਸੀਆਂ ਨਾਲ ਤਾਲਮੇਲ ਵਿੱਚ ਹੈ। ਇਸ ਮਾਮਲੇ ਵਿੱਚ ਤਾਮਿਲ ਨਾਡੂ ਸਰਕਾਰ ਨਾਲ ਵੀ ਸੰਪਰਕ ਬਣਾਇਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਤਾਮਿਲ ਨਾਡੂ ਸਰਕਾਰ ਤੋਂ ਜਾਣਕਾਰੀ ਮਿਲੀ ਹੈ ਕਿ ਉੱਥੇ ਵੀ ਇਸ ਤਰ੍ਹਾਂ ਦੀਆਂ ਵੱਡੇ ਪੱਧਰ ’ਤੇ ਈਮੇਲ ਪ੍ਰਾਪਤ ਹੋਈਆਂ ਹਨ। ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਵਿੱਚ ਭੇਜੀਆਂ ਧਮਕੀ ਭਰੀਆਂ ਈਮੇਲਾਂ ਦਾ ਵੱਡਾ ਹਿੱਸਾ ਭਾਰਤ ਦੇ ਦੱਖਣੀ ਰਾਜਾਂ ਨਾਲ ਸਬੰਧਤ ਹੈ, ਜਦੋਂ ਕਿ ਉਸ ਵਿੱਚ ਸਿਰਫ ਹਰਿਮੰਦਰ ਸਾਹਿਬ ਬਾਰੇ ਕੁਝ ਲਾਈਨਾਂ ਹੀ ਸ਼ਾਮਲ ਹਨ। ਇਸ ਤੋਂ ਲੱਗਦਾ ਹੈ ਕਿ ਇਹ ਈਮੇਲ ਭੇਜਣ ਵਾਲਾ ਵਿਅਕਤੀ ਜਾਂਚ ਦੌਰਾਨ ਧਿਆਨ ਹੋਰ ਪਾਸੇ ਬਦਲਣਾ ਚਾਹੁੰਦਾ ਹੈ ਜਾਂ ਫਿਰ ਧਿਆਨ ਖਿੱਚਣਾ ਚਾਹੁੰਦਾ ਹੈ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਅਜਿਹੀਆਂ ਈਮੇਲ ਵਿੱਚ ਦੱਖਣੀ ਭਾਰਤ ਦੀ ਇੱਕ ਸਿਆਸੀ ਪਾਰਟੀ ਅਤੇ ਇੱਕ ਯੂਨੀਵਰਸਿਟੀ ਦਾ ਵੀ ਜ਼ਿਕਰ ਹੈ।
ਭੁੱਲਰ ਨੇ ਕਿਹਾ ਕਿ ਸਾਈਬਰ ਸਪੇਸ ਇਸ ਵੇਲੇ ਇਕ ਵਿਸਤ੍ਰਿਤ ਖੇਤਰ ਬਣ ਚੁੱਕਾ ਹੈ ਅਤੇ ਸਾਈਬਰ ਕ੍ਰਾਈਮ ਦੀ ਜਾਂਚ ਵਾਸਤੇ ਸਮਾਂ ਲੱਗਦਾ ਹੈ। ਉਨ੍ਹਾਂ ਦੱਸਿਆ ਕਿ ਈਮੇਲ ਭੇਜਣ ਵਾਲੇ ਸ਼ਖ਼ਸ ਵੱਲੋਂ ਦੇਸ਼ ਤੋਂ ਬਾਹਰਲੇ ਸਾਈਬਰ ਮੰਚ ਦੀ ਵਰਤੋਂ ਕੀਤੀ ਗਈ ਹੈ, ਜਿੱਥੋਂ ਪੁਲੀਸ ਵੱਲੋਂ ਡੇਟਾ ਕਢਵਾਇਆ ਜਾ ਰਿਹਾ ਹੈ।
ਉਨ੍ਹਾਂ ਖੁਲਾਸਾ ਕੀਤਾ ਕਿ ਪੁਲੀਸ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੀ ਮਰਿਆਦਾ ਨੂੰ ਧਿਆਨ ਵਿੱਚ ਰੱਖਦਿਆਂ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ, ਜਿਸ ਦੀ ਨਿਗਰਾਨੀ ਡੀਸੀਪੀ ਪੱਧਰ ਦਾ ਪੁਲੀਸ ਅਧਿਕਾਰੀ ਕਰ ਰਿਹਾ ਹੈ। ਸੁਰੱਖਿਆ ਦੇ ਮੱਦੇਨਜ਼ਰ ਪੁਲੀਸ ਬਲ ਦੇ ਨਾਲ ਭੰਨਤੋੜ ਵਿਰੋਧੀ ਦਸਤਾ, ਸਪੈਸ਼ਲ ਆਪਰੇਸ਼ਨ ਗਰੁੱਪ, ਸਵੈਟ ਟੀਮ, ਬੰਬ ਨਕਾਰਾ ਦਸਤਾ ਅਤੇ ਨੀਮ ਫੌਜੀ ਬਲ ਆਦਿ ਤਾਇਨਾਤ ਕੀਤੇ ਗਏ ਹਨ। ਚਿੱਟ ਕੱਪੜੀਏ ਪੁਲੀਸ ਵਾਲੇ ਵੀ ਨਿਗਰਾਨੀ ਕਰ ਰਹੇ ਹਨ।
ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰੂਨੀ ਹਿੱਸੇ ਦੀ ਸੁਰੱਖਿਆ ਅਤੇ ਚੌਕਸੀ ਸ਼੍ਰੋਮਣੀ ਕਮੇਟੀ ਵੱਲੋਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਹਰ ਵਰਗ ਦੇ ਲੋਕਾਂ ਲਈ ਆਸਥਾ ਦਾ ਕੇਂਦਰ ਹੈ ਅਤੇ ਪੁਲੀਸ ਵੱਲੋਂ ਇੱਥੇ ਹਰ ਪੱਧਰ ’ਤੇ ਮੁਕੰਮਲ ਸੁਰੱਖਿਆ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਡਰ ਦੇ ਗੁਰੂਘਰ ਵਿੱਚ ਪਹਿਲਾਂ ਵਾਂਗ ਹੀ ਨਤਮਸਤਕ ਹੋਣ ਵਾਸਤੇ ਆਉਣ।