ਔਜਲਾ ਵੱਲੋਂ ਗੁਰੂ ਨਾਨਕ ਦੇਵ ਹਸਪਤਾਲ ਦਾ ਦੌਰਾ
ਸੰਸਦ ਮੈਂਬਰ ਔਜਲਾ ਨੇ ਬੇਬੇ ਨਾਨਕੀ ਵਾਰਡ ਵਿੱਚ ਮਰੀਜ਼ਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਮੈਡੀਕਲ ਸੁਪਰਡੈਂਟ ਨੂੰ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਲਈ ਕਿਹਾ। ਇਸ ਦੌਰਾਨ ਇੱਕ ਮਰੀਜ਼ ਦੁਆਰਾ ਵਾਰ-ਵਾਰ ਮੋਬਾਈਲ ਚੋਰੀ ਹੋਣ ਦੀ ਸ਼ਿਕਾਇਤ ’ਤੇ ਉਨ੍ਹਾਂ ਲੋਕਾਂ ਨੂੰ ਇੱਕ ਸਮੇਂ ’ਤੇ ਸਿਰਫ਼ ਇੱਕ ਸਹਾਇਕ ਰੱਖਣ ਦੀ ਅਪੀਲ ਵੀ ਕੀਤੀ ਤਾਂ ਜੋ ਹਸਪਤਾਲ ਵਿੱਚ ਭੀੜ ਨਾ ਹੋਵੇ ਅਤੇ ਅਜਿਹੀਆਂ ਸਮੱਸਿਆਵਾਂ ਦਾ ਹੱਲ ਹੋ ਸਕੇ।
ਉਨ੍ਹਾਂ ਪਾਰਕਿੰਗ ਤੋਂ ਦੋ ਪਹੀਆ ਵਾਹਨਾਂ ਦੀ ਚੋਰੀ ’ਤੇ ਵੀ ਕਾਰਵਾਈ ਲਈ ਹਦਾਇਤ ਕਰਦਿਆਂ ਕਿਹਾ ਕਿ ਪਾਰਕਿੰਗ ਦੇ ਠੇਕੇਦਾਰ ਨੂੰ ਇਸਦਾ ਖਮਿਆਜ਼ਾ ਭੁਗਤਣਾ ਪਵੇਗਾ। ਉਨ੍ਹਾਂ ਮੈਡੀਕਲ ਸੁਪਰਡੈਂਟ ਨੂੰ ਉੱਥੋਂ ਗੈਰ-ਕਾਨੂੰਨੀ ਪਾਰਕਿੰਗ ਹਟਾਉਣ ਲਈ ਵੀ ਕਿਹਾ।
ਇਸ ਦੌਰਾਨ ਸ੍ਰੀ ਔਜਲਾ ਨੇ ਹਸਪਤਾਲ ਵਿੱਚ ਪਈ ਗੰਦਗੀ ਅਤੇ ਡੰਪ ਨੂੰ ਲੈ ਕੇ ਵੀ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਇਹ ਮਾਝਾ ਜ਼ੋਨ ਦਾ ਇੱਕ ਹਸਪਤਾਲ ਹੈ ਜਿੱਥੇ ਲੱਖਾਂ ਮਰੀਜ਼ ਇਲਾਜ ਲਈ ਆਉਂਦੇ ਹਨ, ਘੱਟੋ-ਘੱਟ ਨਗਰ ਨਿਗਮ ਨੂੰ ਅਜਿਹੀ ਜਗ੍ਹਾ ’ਤੇ ਸਫਾਈ ਦੇ ਪੂਰੇ ਪ੍ਰਬੰਧ ਕਰਨੇ ਚਾਹੀਦੇ ਹਨ।
ਸੰਸਦ ਮੈਂਬਰ ਨੇ ਹਸਪਤਾਲ ਪ੍ਰਸ਼ਾਸਨ ਨੂੰ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਅਜਿਹੇ ਪ੍ਰਬੰਧ ਕੀਤੇ ਜਾਣ ਕਿ ਮਰੀਜ਼ਾਂ ਨੂੰ ਐਕਸ-ਰੇਅ ਜਾਂ ਕਿਸੇ ਹੋਰ ਜਾਂਚ ਲਈ ਨਿੱਜੀ ਹਸਪਤਾਲਾਂ ਵਿੱਚ ਨਾ ਜਾਣਾ ਪਵੇ। ਜੇਕਰ ਕਿਸੇ ਮਸ਼ੀਨ ਜਾਂ ਉਪਕਰਨ ਦੀ ਘਾਟ ਹੈ, ਤਾਂ ਲਿਖਿਅ ਜਾਵੇ, ਜਿਸ ਦਾ ਪ੍ਰਬੰਧ ਕੀਤਾ ਜਾਵੇਗਾ।