ਭਾਰਤ-ਪਾਕਿ ਸਰਹੱਦ ’ਤੇ ਹਥਿਆਰਾਂ ਦੀ ਤਸਕਰੀ ਦੀ ਕੋਸ਼ਿਸ਼ ਨਾਕਾਮ
ਬਾਰਡਰ ਸਿਕਿਓਰਿਟੀ ਫੋਰਸ ਨੇ ਸੋਮਵਾਰ ਨੂੰ ਅੰਮ੍ਰਿਤਸਰ ਵਿੱਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਸ਼ੱਕੀ ਡਰੋਨ ਗਤੀਵਿਧੀ ਤੋਂ ਬਾਅਦ ਦੋ ਪਿਸਤੌਲ ਅਤੇ ਹੋਰ ਸਮਾਨ ਬਰਾਮਦ ਕੀਤਾ ਹੈ।
ਅਧਿਕਾਰੀਆਂ ਅਨੁਸਾਰ ਬੀ ਐੱਸ ਐੱਫ ਦੇ ਜਵਾਨਾਂ ਨੇ ਸੋਮਵਾਰ ਤੜਕੇ ਸਰਹੱਦ ਨੇੜੇ ਡਰੋਨ ਦੀ ਹਰਕਤ ਦੇਖੀ। ਜਿਸ ਉਪਰੰਤ ਇੱਕ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਇਸ ਦੌਰਾਨ ਨੇਸ਼ਟਾ ਪਿੰਡ ਨੇੜੇ ਖੇਤਾਂ ਵਿੱਚੋਂ ਦੋ ਪਿਸਤੌਲ, ਚਾਰ ਮੈਗਜ਼ੀਨ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤੇ ਗਏ।
ਇਹ ਪਿਸਤੌਲ ਪੀਲੀ ਐਡਹੈਸਿਵ ਟੇਪ ਵਿੱਚ ਲਪੇਟੇ ਹੋਏ ਸਨ ਅਤੇ ਉਨ੍ਹਾਂ ਨਾਲ ਇੱਕ ਧਾਤੂ ਦਾ ਛੱਲਾ ਲੱਗਿਆ ਹੋਇਆ ਸੀ, ਜੋ ਸੰਕੇਤ ਦਿੰਦਾ ਹੈ ਕਿ ਇਹ ਸੰਭਾਵਤ ਤੌਰ ’ਤੇ ਡਰੋਨ ਰਾਹੀਂ ਸੁੱਟੇ ਗਏ ਸਨ।
ਬੀ ਐੱਸ ਐੱਫ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਜਵਾਨਾਂ ਨੇ ਪਾਕਿਸਤਾਨ ਸਥਿਤ ਸਿੰਡੀਕੇਟਾਂ ਵੱਲੋਂ ਭਾਰਤੀ ਖੇਤਰ ਵਿੱਚ ਹਥਿਆਰਾਂ ਦੀ ਤਸਕਰੀ ਕਰਨ ਦੀ ਇੱਕ ਹੋਰ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਤਸਕਰੀ ਦੀ ਇਸ ਕਾਰਵਾਈ ਪਿੱਛੇ ਦੇ ਨੈੱਟਵਰਕ ਅਤੇ ਹਥਿਆਰਾਂ ਹਾਸਲ ਕਰਨ ਵਾਲਿਆਾਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ।