ਅਕਾਲੀ ਕੌਂਸਲਰ ਦੇ ਕਤਲ ਮਾਮਲੇ ’ਚ ਹਮਲਾਵਰ ਕਾਬੂ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 26 ਮਈ
ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਹਰਜਿੰਦਰ ਸਿੰਘ ਉਰਫ ਬਾਹਮਨ ਦੇ ਕਤਲ ਮਾਮਲੇ ਵਿੱਚ ਪੁਲੀਸ ਨੇ ਹਮਲਾਵਰਾਂ ਖਿਲਾਫ ਕਾਰਵਾਈ ਕਰਦਿਆਂ ਇੱਕ ਹਮਲਾਵਰ ਨੂੰ ਪੁਲੀਸ ਮੁਕਾਬਲੇ ਦੌਰਾਨ ਜ਼ਖ਼ਮੀ ਹੋਣ ਮਗਰੋਂ ਕਾਬੂ ਕਰ ਲਿਆ ਹੈ। ਹਮਲਾਵਰ ਦੀ ਸ਼ਨਾਖਤ ਗੁਰਪ੍ਰੀਤ ਸਿੰਘ ਉਰਫ ਗੋਪੀ ਵਜੋਂ ਹੋਈ ਹੈ।
ਡੀਜੀਪੀ ਗੌਰਵ ਯਾਦਵ ਨੇ ਇਸ ਸਬੰਧ ਵਿੱਚ ਆਪਣੇ ਸੋਸ਼ਲ ਮੀਡੀਆ ਖਾਤੇ ਰਾਹੀਂ ਖੁਲਾਸਾ ਕਰਦਿਆਂ ਦੱਸਿਆ ਕਿ ਲੰਘੇ ਕੱਲ੍ਹ ਵਾਪਰੀ ਇਸ ਘਟਨਾ ਵਿੱਚ ਪੁਲੀਸ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਸਿਰਫ ਅੱਠ ਘੰਟਿਆਂ ਵਿੱਚ ਹੀ ਹਮਲਾਵਰਾਂ ਨੂੰ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ ਇੱਕ ਗੁਰਪ੍ਰੀਤ ਸਿੰਘ ਨੇ ਉਸ ਵੇਲੇ ਪੁਲੀਸ ’ਤੇ ਗੋਲੀ ਚਲਾਈ, ਜਦੋਂ ਫਤਾਹਪੁਰ ਇਲਾਕੇ ਵਿੱਚ ਪੁਲੀਸ ਉਸ ਨੂੰ ਕਾਬੂ ਕਰਨ ਲਈ ਪਿੱਛਾ ਕਰ ਰਹੀ ਸੀ। ਬਚਾਅ ਵਜੋਂ ਥਾਣਾ ਛੇਹਰਟਾ ਦੇ ਐੱਸਐੱਚਓ ਨੇ ਵੀ ਗੋਲੀ ਚਲਾਈ, ਜਿਸ ਨਾਲ ਸੱਜੀ ਲੱਤ ਵਿੱਚ ਗੋਲੀ ਲੱਗਣ ਨਾਲ ਉਹ ਜ਼ਖ਼ਮੀ ਹੋ ਗਿਆ। ਪੁਲੀਸ ਨੇ ਉਸ ਨੂੰ ਤੁਰੰਤ ਕਾਬੂ ਕਰ ਲਿਆ ਅਤੇ ਉਸ ਕੋਲੋਂ ਇੱਕ ਨੌਂ ਐੱਮਐੱਮ ਦਾ ਗਲੋਕ ਪਿਸਤੌਲ ਬਰਾਮਦ ਕੀਤਾ। ਉਸ ਨੂੰ ਸਿਵਲ ਹਸਪਤਾਲ ਵਿੱਚ ਇਲਾਜ ਲਈ ਲਿਆਂਦਾ ਹੈ।
ਡੀਜੀਪੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਚਾਰ ਗੈਂਗਸਟਰਾਂ ਨੂੰ ਕਾਬੂ ਕੀਤਾ ਹੈ ਅਤੇ ਇਹ ਵਿਦੇਸ਼ ਬੈਠੇ ਕਿਸ਼ਨ ਗੈਂਗ ਨਾਲ ਸਬੰਧਤ ਹਨ। ਪੁਲੀਸ ਵੱਲੋਂ ਇਸ ਮਾਮਲੇ ਵਿੱਚ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਕੁਝ ਹੀ ਦੇਰ ਬਾਅਦ ਘਟਨਾ ਸਥਾਨ ਦਾ ਮੁਆਇਨਾ ਕਰਨ ਲਈ ਜਾ ਰਹੇ ਹਨ। ਚੇਤੇ ਰਹੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਹਰਜਿੰਦਰ ਸਿੰਘ ਨੂੰ ਐਤਵਾਰ ਸ਼ਾਮੀਂ 3 ਵਜੇ ਤੋਂ ਬਾਅਦ ਉਸ ਵੇਲੇ ਗੋਲੀ ਮਾਰੀ ਗਈ ਸੀ ਜਦੋਂ ਉਹ ਛੇਹਰਟਾ ਇਲਾਕੇ ਵਿੱਚ ਇੱਕ ਨਿੱਜੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਗਿਆ ਸੀ।
