ਦੀਵਾਲੀ ਤੋਂ ਪਹਿਲਾਂ ਇੱਕ ਹੋਰ ਏਕੇ-47 ਰਾਈਫਲ ਅਤੇ ਤਿੰਨ ਪਿਸਤੌਲ ਬਰਾਮਦ; ਤਿੰਨ ਕਾਬੂ
ਪੁਲੀਸ ਦੇ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ (ਐਸਐਸਓਸੀ) ਅੰਮ੍ਰਿਤਸਰ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਕੋਲੋਂ ਹਥਿਆਰਾਂ ਦੀ ਇੱਕ ਹੋਰ ਖੇਪ ਬਰਾਮਦ ਕੀਤੀ ਹੈ ਜਿਸ ਵਿੱਚ ਇੱਕ ਏਕੇ-47 ਰਾਈਫਲ, ਦੋ ਮੈਗਜ਼ੀਨ ਤੇ 60 ਜ਼ਿੰਦਾ ਕਾਰਤੂਸ ਅਤੇ ਤਿੰਨ 9 ਐਮਐਮ ਪਿਸਤੌਲ, ਸੱਤ ਮੈਗਜ਼ੀਨ ਅਤੇ 50 ਜ਼ਿੰਦਾ ਕਾਰਤੂਸ ਬਰਾਮਦ ਹੋਏ ਹਨ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਗੁਰਵਿੰਦਰ ਸਿੰਘ ਉਰਫ਼ ਗਿੰਦਰ ਵਾਸੀ ਸੰਗਰਾਈ ਬਟਾਲਾ, ਵਿਪਨ ਕੁਮਾਰ ਉਰਫ਼ ਮਨੀਸ਼ ਵਾਸੀ ਪਿੰਡ ਮੜੀਆਂਵਾਲ, ਬਟਾਲਾ ਅਤੇ ਚਮਕੌਰ ਸਿੰਘ ਵਾਸੀ ਨੱਟ ਬਟਾਲਾ, ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ।
ਦੱਸਣਯੋਗ ਹੈ ਕਿ ਬੀਤੇ ਕੱਲ੍ਹ ਪੁਲੀਸ ਨੇ ਤਰਨਤਾਰਨ ਦੇ ਖੇਮਕਰਨ ਵਿਖੇ ਸਰਹੱਦ ਨੇੜੇ ਖੇਤਰ ਵਿਚੋਂ ਦੋ ਏਕੇ-47 ਰਾਈਫਲਾਂ ਅਤੇ ਇੱਕ ਪਿਸਤੌਲ ਸਮੇਤ ਤਿੰਨ ਹਥਿਆਰਾਂ ਦੀ ਖੇਪ ਬਰਾਮਦ ਕੀਤੀ ਸੀ।
ਡੀਜੀਪੀ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਇਹ ਖੇਪ ਅਮਰੀਕਾ ਸਥਿਤ ਗੁਰਪ੍ਰੀਤ ਸਿੰਘ ਉਰਫ਼ ਗੋਪੀ ਵਲੋਂ ਪਾਕਿਸਤਾਨ ਤੋਂ ਭੇਜੀ ਗਈ ਹੈ। ਇਹ ਹਥਿਆਰਾਂ ਦੀ ਖੇਪ ਸਤੰਬਰ ਮਹੀਨੇ ਦੇ ਅੱਧ ਵਿੱਚ ਗੁਰਦਾਸਪੁਰ ਦੇ ਕਲਾਨੌਰ ਖੇਤਰ ਵਿੱਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਡਰੋਨ ਰਾਹੀਂ ਸੁੱਟੀ ਗਈ ਸੀ, ਜਿਸ ਨੂੰ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੇ ਪ੍ਰਾਪਤ ਕੀਤਾ ਸੀ।
ਐਸਐਸਓਸੀ ਅੰਮ੍ਰਿਤਸਰ ਦੇ ਏਆਈਜੀ ਸੁਖਮਿੰਦਰ ਸਿੰਘ ਮਾਨ ਨੇ ਕਾਰਵਾਈ ਸਬੰਧੀ ਵੇਰਵੇ ਸਾਂਝੇ ਕਰਦਿਆਂ ਕਿਹਾ ਕਿ ਇਹ ਬਰਾਮਦਗੀ ਮੁਲਜ਼ਮ ਚਮਕੌਰ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੋਈ ਹੈ ।
ਉਨ੍ਹਾਂ ਕਿਹਾ ਕਿ ਗੁਰਪ੍ਰੀਤ ਸਿੰਘ ਉਰਫ਼ ਗੋਪੀ ਦਾ ਨਾਮ ਜੁਗਰਾਜ ਸਿੰਘ ਸਰਪੰਚ ਚੀਮਾ ਖੁਡੀ ਦੇ ਕਤਲ ਵਿੱਚ ਵੀ ਸਾਹਮਣੇ ਆਇਆ ਹੈ, ਜਿਸ ਦੀ ਜ਼ਿੰਮੇਵਾਰੀ ਮਨੂ ਅਗਵਾਨ ਗਰੁੱਪ ਨੇ ਲਈ ਸੀ। ਉਨ੍ਹਾਂ ਕਿਹਾ ਕਿ ਹੋਰ ਜਾਂਚ ਜਾਰੀ ਹੈ।
ਇਸ ਸਬੰਧ ਵਿੱਚ ਅਸਲਾ ਐਕਟ ਦੀ ਧਾਰਾ 25 ਅਤੇ ਬੀਐਨਐਸ ਦੀ ਧਾਰਾ 61 (2) ਅਤੇ ਐਨਡੀਪੀਐਸ ਐਕਟ ਦੀ ਧਾਰਾ 22 ਦੇ ਤਹਿਤ ਥਾਣਾ ਐਸਐਸਓਸੀ ਅੰਮ੍ਰਿਤਸਰ ਵਿਚ ਕੇਸ ਦਰਜ ਹੈ।