ਅੰਮ੍ਰਿਤਸਰ: ਚਾਰ ਕਿਲੋ ਆਈਸ ਡਰੱਗ ਅਤੇ ਹੈਰੋਇਨ ਸਮੇਤ ਤਿੰਨ ਗ੍ਰਿਫ਼ਤਾਰ
ਕਮਿਸ਼ਨਰੇਟ ਪੁਲੀਸ ਅੰਮ੍ਰਿਤਸਰ ਨੇ ਪਾਕਿਸਤਾਨ-ਅਧਾਰਿਤ ਅਤੇ ਹੋਰ ਵਿਦੇਸ਼ੀ ਹੈਂਡਲਰਾਂ ਰਾਹੀਂ ਕੰਮ ਕਰਨ ਵਾਲੇ ਸੰਗਠਿਤ ਡਰੱਗ ਕਾਰਟੈਲ ਦਾ ਪਰਦਾਫਾਸ਼ ਕਰਦਿਆਂ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲੀਸ ਨੇ ਇਨ੍ਹਾਂ ਕੋਲੋਂ ਚਾਰ ਕਿਲੋ ਤੋਂ ਵੱਧ ਆਈਸ ਡਰੱਗ ਅਤੇ ਇਕ ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਗ੍ਰਿਫ਼ਤਾਰ ਮੁਲਜ਼ਮਾਂ ਦੀ ਸ਼ਨਾਖਤ ਬਲਵਿੰਦਰ ਸਿੰਘ ਉਰਫ ਬਿੰਦਰ, ਨਵਤੇਜ ਸਿੰਘ ਅਤੇ ਮਹਾਬੀਰ ਸਿੰਘ ਵਜੋਂ ਹੋਈ ਹੈ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਪਿਛਲੇ ਪੰਜ ਦਿਨਾਂ ਦੌਰਾਨ ਕੀਤੀਆਂ ਕਈ ਖੁਫੀਆ ਕਾਰਵਾਈਆਂ ਦੌਰਾਨ ਪੁਲੀਸ ਨੇ ਤਿੰਨ ਮੁੱਖ ਸੰਚਾਲਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਅੰਤਰਰਾਸ਼ਟਰੀ ਤਸਕਰਾਂ ਨਾਲ ਜੁੜੇ ਇੱਕ ਵਿਸ਼ਾਲ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਪੁਲੀਸ ਸਟੇਸ਼ਨ ਗੇਟ ਹਕੀਮਾ ਅਤੇ ਛੇਹਰਟਾ ਵਿੱਚ ਇਸ ਸਬੰਧ ਵਿਚ ਤਿੰਨ ਵੱਖ-ਵੱਖ ਐਫਆਈਆਰ ਦਰਜ ਕੀਤੀਆਂ ਗਈਆਂ ਹਨ।
ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਪਹਿਲੇ ਮਾਮਲੇ ਵਿੱਚ ਪੁਲੀਸ ਨੇ ਬਲਵਿੰਦਰ ਸਿੰਘ ਉਰਫ ਬਿੰਦਰ ਨੂੰ ਗ੍ਰਿਫਤਾਰ ਕੀਤਾ ਹੈ। ਸ਼ੁਰੂ ਵਿੱਚ 35 ਗ੍ਰਾਮ ਮੈਥਾਮਫੇਟਾਮਾਈਨ ਜਿਸ ਨੂੰ ਆਈਸ ਵਜੋਂ ਜਾਣਿਆ ਜਾਂਦਾ ਹੈ, ਬਰਾਮਦ ਕੀਤੀ। ਮਗਰੋਂ ਇੱਕ ਜਗ੍ਹਾ ਤੋਂ 2 ਕਿਲੋਗ੍ਰਾਮ ਤੋਂ ਵੱਧ ਆਈਸ ਡਰੱਗ ਬਰਾਮਦ ਕੀਤੀ ਗਈ। ਇਸ ਤੋਂ ਇਲਾਵਾ ਮੁਲਜ਼ਮ ਕੋਲੋਂ ਇੱਕ ਕਾਰ, ਇੱਕ ਮੋਬਾਈਲ ਫੋਨ ਅਤੇ 2,500 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ। ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਉਹ ਸਿੱਧੇ ਤੌਰ ਪਾਕਿਸਤਾਨ-ਅਧਾਰਿਤ ਤਸਕਰ ਨਾਲ ਕੰਮ ਕਰ ਰਿਹਾ ਸੀ, ਜੋ ਵਟਸਐਪ ਰਾਹੀਂ ਡਰੋਨ ਰਾਹੀਂ ਨਸ਼ੀਲੇ ਪਦਾਰਥਾਂ ਨੂੰ ਸੁੱਟਣ ਵਾਲੇ ਸਥਾਨਾਂ ਦੀ ਜਾਣਕਾਰੀ ਸਾਂਝੀ ਕਰਦਾ ਸੀ।
ਅੰਮ੍ਰਿਤਸਰ ਦਿਹਾਤੀ ਦੇ ਪਿੰਡ ਦਾਓਕੇ ਦਾ ਵਸਨੀਕ ਬਿੰਦਰ ਕਥਿਤ ਤੌਰ ’ਤੇ ਪਾਕਿਸਤਾਨ ਨਾਲ ਲੱਗਦੀ ਅੰਤਰਰਾਸ਼ਟਰੀ ਸਰਹੱਦ ਨੇੜੇ ਖੇਤੀਬਾੜੀ ਵਾਲੀ ਜ਼ਮੀਨ ਦਾ ਮਾਲਕ ਹੈ ਅਤੇ ਕੋਡਿਡ ਸੁਨੇਹਿਆਂ ਦੀ ਵਰਤੋਂ ਕਰਕੇ ਡਰੋਨ-ਅਧਾਰਤ ਡਲਿਵਰੀ ਪ੍ਰਾਪਤ ਕਰਦਾ ਸੀ। ਇੱਕ ਹੋਰ ਕਾਰਵਾਈ ਵਿੱਚ ਪੁਲੀਸ ਨੇ ਨਵਤੇਜ ਸਿੰਘ ਨੂੰ 40 ਗ੍ਰਾਮ ਆਈਸ ਡਰੱਗ ਸਮੇਤ ਗ੍ਰਿਫਤਾਰ ਕੀਤਾ। ਸ਼ੁਰੂਆਤੀ ਜਾਂਚ ਵਿਚ ਪਤਾ ਲੱਗਾ ਕਿ ਉਹ ਵਿਦੇਸ਼ ਵਿੱਚ ਆਪਣੀ ਠਹਿਰ ਦੌਰਾਨ ਦੋਹਾ, ਕਤਰ ਵਿੱਚ ਇੱਕ ਹੈਂਡਲਰ ਦੇ ਸੰਪਰਕ ਵਿੱਚ ਸੀ। ਭਾਰਤ ਵਾਪਸ ਆਉਣ ਤੋਂ ਬਾਅਦ ਨਵਤੇਜ ਨੇ ਵਟਸਐਪ ਰਾਹੀਂ ਭੇਜੇ ਗਏ ਨਿਰਦੇਸ਼ਾਂ ’ਤੇ ਇੱਕ ਕੋਰੀਅਰ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਪੁਲੀਸ ਨੇ ਉਸ ਦੀ ਨਿਸ਼ਾਨਦੇਹੀ ’ਤੇ 1.966 ਕਿਲੋਗ੍ਰਾਮ ਆਈਸ ਡਰੱਗ ਬਰਾਮਦ ਕੀਤੀ ਹੈ।ਪੁਲੀਸ ਨੇ ਨਸ਼ਿਆਂ ਦੀ ਢੋਆ-ਢੁਆਈ ਲਈ ਵਰਤਿਆ ਜਾਣ ਵਾਲਾ ਸਕੂਟਰ ਵੀ ਜ਼ਬਤ ਕੀਤਾ ਹੈ। ਨਵਤੇਜ ਮੂਲ ਰੂਪ ਵਿੱਚ ਅੰਮ੍ਰਿਤਸਰ ਦਿਹਾਤੀ ਦੇ ਪਿੰਡ ਮਹਾਵਾ ਦਾ ਰਹਿਣ ਵਾਲਾ ਹੈ। ਉਸ ਖਿਲਾਫ਼ 2021 ਵਿੱਚ 1.04 ਕਿਲੋ ਹੈਰੋਇਨ ਦਾ ਕੇਸ ਵੀ ਦਰਜ ਹੋਇਆ ਸੀ।
ਤੀਜੀ ਕਾਰਵਾਈ ਵਿੱਚ ਪੁਲੀਸ ਨੇ ਮਹਾਬੀਰ ਸਿੰਘ ਨੂੰ ਗ੍ਰਿਫਤਾਰ ਕੀਤਾ। ਉਸ ਦੇ ਕੋਲੋਂ 1 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਬਰਾਮਦ ਹੋਈ। ਜਾਂਚ ਤੋਂ ਪਤਾ ਲੱਗਿਆ ਹੈ ਕਿ ਉਸ ਨੂੰ ਪਾਕਿਸਤਾਨ ਤੋਂ ਆਏ ਡਰੋਨ ਰਾਹੀਂ ਹੈਰੋਇਨ ਦੀ ਖੇਪ ਮਿਲੀ ਸੀ। ਉਸ ਦੇ ਕਬਜ਼ੇ ਵਿੱਚੋਂ ਇੱਕ ਮੋਟਰਸਾਈਕਲ ਵੀ ਜ਼ਬਤ ਕੀਤਾ ਗਿਆ ਸੀ। ਤਰਨ ਤਾਰਨ ਦੇ ਕਾਲੀਆਂ ਸਕੱਤਰਾ ਪਿੰਡ ਦਾ ਰਹਿਣ ਵਾਲਾ ਮਹਾਬੀਰ ਇੱਕ ਕੁਲੀ ਵਜੋਂ ਕੰਮ ਕਰਦਾ ਸੀ ਅਤੇ ਉਸ ਦਾ ਕੋਈ ਪੁਰਾਣਾ ਅਪਰਾਧਿਕ ਪਿਛੋਕੜ ਨਹੀਂ ਹੈ।
