ਅੰਮ੍ਰਿਤਸਰ: ਨਾਰਕੋ-ਨੈੱਟਵਰਕ ਖਿਲਾਫ਼ ਵੱਡੀ ਕਾਰਵਾਈ; ਹੈਰੋਇਨ, ਅਫੀਮ ਅਤੇ ਪਿਸਤੌਲ ਸਣੇ ਡਰੋਨ ਬਰਾਮਦ
ਬੀਐਸਐਫ ਨੇ ਨਾਰਕੋ-ਨੈੱਟਵਰਕ ਖਿਲਾਫ ਕਾਰਵਾਈ ਦੌਰਾਨ ਪੰਜਾਬ ਵਿੱਚੋ 6.6 ਕਿਲੋਗ੍ਰਾਮ ਤੋਂ ਵੱਧ ਹੈਰੋਇਨ, ਅਫੀਮ ਅਤੇ ਪਿਸਤੌਲ ਦੇ ਪੁਰਜ਼ਿਆਂ ਨਾਲ ਡਰੋਨ ਬਰਾਮਦ ਕੀਤਾ।
ਰੱਖਿਆ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਚੇਤ ਬੀਐਸਐਫ ਜਵਾਨਾਂ ਨੇ ਸਰਹੱਦ ਪਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੁੱਧ ਸਖ਼ਤ ਕਾਰਵਾਈ ਕਰਦੇ ਹੋਏ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਬੀਤੀ ਰਾਤ ਅੰਮ੍ਰਿਤਸਰ ਸਰਹੱਦ ’ਤੇ ਸ਼ੱਕੀ ਡਰੋਨ ਗਤੀਵਿਧੀ ਦੇਖਣ ਤੋਂ ਬਾਅਦ ਬੀਐਸਐਫ ਜਵਾਨਾਂ ਨੇ ਤਲਾਸ਼ੀ ਮੁਹਿੰਮ ਤਹਿਤ ਪਿੰਡ ਦਾਓਕੇ ਦੇ ਨੇੜੇ ਖੇਤਾਂ ਵਿੱਚ ਪੀਲੇ ਰੰਗ ਦੀ ਟੇਪ ਵਿੱਚ ਲਪੇਟੇ ਹੋਏ ਦੋ ਪੈਕੇਟ ਬਰਾਮਦ ਕੀਤੇ ਹਨ ,ਜਿਸ ਵਿੱਚੋਂ 6.641 ਕਿਲੋਗ੍ਰਾਮ ਹੈਰੋਇਨ ਬਰਾਮਦ ਹੋਈ। ਇਹ ਦੋਵੇ ਵੱਡੇ ਪੈਕੇਟ ਦੇ ਨਾਲ ਰੋਸ਼ਨੀ ਵਾਲੀਆਂ ਸਟਿਕ ਵੀ ਸਨ। ਬਰਾਮਦ ਕੀਤੇ ਗਏ ਵੱਡੇ ਪੈਕੇਟ ਖੋਲ੍ਹਣ ’ਤੇ, ਅੰਦਰੋਂ ਨਸ਼ੀਲੇ ਪਦਾਰਥਾਂ ਵਾਲੇ 12 ਛੋਟੇ ਚਿੱਟੇ ਪੌਲੀਪੈਕ ਮਿਲੇ ਹਨ।
ਇੱਕ ਹੋਰ ਖੁਫ਼ੀਆ ਜਾਣਕਾਰੀ ’ਤੇ ਕਾਰਵਾਈ ਕਰਦੇ ਹੋਏ ਬੀਐਸਐਫ ਦੇ ਜਵਾਨਾਂ ਨੇ ਅੰਮ੍ਰਿਤਸਰ ਦੇ ਪਿੰਡ ਮਾਹਵਾ ਦੇ ਨੇੜੇ ਇੱਕ ਖੇਤ ਵਿੱਚੋਂ 1 ਪੈਕੇਟ ਅਫੀਮ (ਕੁੱਲ ਭਾਰ - 429 ਗ੍ਰਾਮ) ਬਰਾਮਦ ਕੀਤਾ।
ਇਸ ਦੌਰਾਨ ਕੱਲ੍ਹ ਤਰਨਤਾਰਨ ਸਰਹੱਦੀ ਖੇਤਰ ਵਿੱਚ ਸ਼ੱਕੀ ਡਰੋਨ ਗਤੀਵਿਧੀ ਦੇਖੀ ਗਈ, ਜਿਸ ਤੋਂ ਬਾਅਦ ਬੀਐਸਐਫ ਅਤੇ ਪੰਜਾਬ ਪੁਲੀਸ ਦੀ ਇੱਕ ਸਾਂਝੀ ਟੀਮ ਨੇ ਪਿੰਡ ਡੱਲ ਦੇ ਨੇੜੇ ਇੱਕ ਖੇਤ ਵਿੱਚੋਂ 1 ਡੀਜੇਆਈ ਏਅਰ-3 ਡਰੋਨ ਪਿਸਤੌਲ ਦੇ ਪੁਰਜ਼ਿਆਂ ਸਮੇਤ ਬਰਾਮਦ ਕੀਤਾ ਗਿਆ।
ਉਨ੍ਹਾਂ ਆਖਿਆ ਕਿ ਬੀਐਸਐਫ ਦੇ ਚੌਕਸ ਜਵਾਨਾਂ ਨੇ ਇੱਕ ਵਾਰ ਮੁੜ ਕੌਮਾਂਤਰੀ ਸਰਹੱਦ ਦੇ ਸਰਹੱਦ ਪਾਰੋ ਤਸਕਰੀ ਦੀਆਂ ਕੋਸ਼ਿਸ਼ਾਂ ਨੂੰ ਅਸਫਲ ਬਣਾ ਦਿੱਤਾ।
