ਅੰਮ੍ਰਿਤਸਰ: ਭਾਰੀ ਮੀਂਹ ਕਾਰਨ ਜਨਜੀਵਨ ਪ੍ਰਭਾਵਿਤ; ਪੁਰਾਣੀਆਂ ਇਮਾਰਤਾਂ ਨੁਕਸਾਨੀਆਂ
ਫਿਰੋਜ਼ਪੁਰ ਅਤੇ ਫਰੀਦਕੋਟ ਜ਼ਿਲ੍ਹਿਆਂ ਵਿੱਚ ਵੀ ਲਗਭਗ 80 ਐਮਐਮ ਬਾਰਿਸ਼ ਦਰਜ ਕੀਤੀ ਗਈ।
ਦੂਜੇ ਪਾਸੇ ਸ਼ਹਿਰ ਦੇ ਕਈ ਇਲਾਕਿਆਂ ਵਿਚ ਪਾਣੀ ਜਮ੍ਹਾਂ ਹੋਣ ਕਾਰਨ ਆਵਾਜਾਈ ਵਿੱਚ ਵਿਘਨ ਪਿਆ ਹੈ। ਖਾਸ ਕਰਕੇ ਸਵੇਰ ਵੇਲੇ ਸਕੂਲ ਜਾਣ ਵਾਲੇ ਬੱਚਿਆਂ ਅਤੇ ਅਮਲੇ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ। ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਸੀਵਰੇਜ ਡਿਸਪੋਜਲ ਪਲਾਂਟ ਪਾਣੀ ਦੀ ਨਿਕਾਸੀ ਲਈ ਕੰਮ ਕਰ ਰਹੇ ਹਨ ਪਰ ਭਾਰੀ ਬਾਰਿਸ਼ ਦੇ ਕਾਰਨ ਨਿਕਾਸੀ ਦੀ ਸਮਰੱਥਾ ਪ੍ਰਭਾਵਿਤ ਹੋਈ ਹੈ।
ਇਸ ਦੌਰਾਨ ਸ਼ਹਿਰ ਦੇ ਅੰਦਰੂਨੀ ਇਲਾਕੇ ਮਜੀਠ ਮੰਡੀ ਵਿੱਚ ਤਿੰਨ ਇਮਾਰਤਾਂ ਨੂੰ ਭਾਰੀ ਮੀਂਹ ਦੇ ਕਾਰਨ ਨੁਕਸਾਨ ਪੁੱਜਾ ਹੈ। ਅਜਨਾਲਾ ਹਲਕੇ ਵਿੱਚ ਵੀ ਇੱਕ ਇਮਾਰਤ ਦੀ ਛੱਤ ਡਿੱਗਣ ਕਾਰਨ ਪਰਿਵਾਰਕ ਮੈਂਬਰਾਂ ਨੂੰ ਸੱਟਾਂ ਲੱਗੀਆਂ ਹਨ।
ਦੱਸਣ ਯੋਗ ਹੈ ਕਿ ਪਹਾੜਾਂ ਵਿੱਚ ਭਾਰੀ ਮੀਂਹ ਦੇ ਕਾਰਨ ਡੈਮਾਂ ਦੇ ਫਲੱਡ ਗੇਟ ਖੋਲੇ ਗਏ ਹਨ, ਜਿਸ ਕਾਰਨ ਬਿਆਸ ਅਤੇ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਹੈ। ਜ਼ਿਲ੍ਹਾ ਸਿੱਖਿਆ ਅਧਿਕਾਰੀ ਵੱਲੋਂ ਅਜਨਾਲਾ-2 ਅਤੇ ਰਈਆ-1 ਇੱਕ ਬਲਾਕ ਵਿੱਚ ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਸਕੂਲ ਅੱਜ ਬੰਦ ਕਰ ਦਿੱਤੇ ਗਏ ਸਨ।