ਅੰਮ੍ਰਿਤਸਰ: ਬਾਈਕ ਸਵਾਰਾਂ ਵੱਲੋਂ ਕੱਪੜਾ ਵਪਾਰੀ ਦੇ ਘਰ ਦੇ ਬਾਹਰ ਫਾਇਰਿੰਗ
ਇਥੇ ਲੋਪੋਕੇ ਇਲਾਕੇ ਦੇ ਪਿੰਡ ਠੱਠਾ ਵਿੱਚ ਸ਼ੁੱਕਰਵਾਰ ਦੇਰ ਰਾਤ ਦੋ ਬਾਈਕ ਸਵਾਰ ਨੌਜਵਾਨਾਂ ਵੱਲੋਂ ਕੱਪੜਾ ਵਪਾਰੀ ਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ। ਘਟਨਾ ਮਗਰੋਂ ਹਮਲਾਵਰ ਮੌਕੇ ਤੋਂ ਭੱਜ ਗਏ। ਸੂਚਨਾ ਮਿਲਦੇ ਹੀ ਪੁਲੀਸ ਮੌਕੇ ’ਤੇ ਪਹੁੰਚੀ ਤੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਐੱਸਐੱਸਪੀ ਅੰਮ੍ਰਿਤਸਰ ਦਿਹਾਤੀ ਮਨਿੰਦਰ ਸਿੰਘ ਨੇ ਕਿਹਾ ਕਿ ਮੁਲਜ਼ਮਾਂ ਦੀ ਪਛਾਣ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਚੋਗਾਵਾਂ ਵਿੱਚ ਕੱਪੜੇ ਦੀ ਦੁਕਾਨ ਦੇ ਮਾਲਕ ਗੁਰਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਉਹ ਆਪਣੇ ਪਰਿਵਾਰ ਨਾਲ ਘਰ ਵਿੱਚ ਸੌਂ ਰਿਹਾ ਸੀ। ਰਾਤ 12:30 ਵਜੇ ਦੇ ਕਰੀਬ ਉਸ ਨੇ ਆਪਣੇ ਘਰ ਦੇ ਬਾਹਰ ਗੋਲੀਆਂ ਚੱਲਣ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਸੁਣੀਆਂ। ਜਦੋਂ ਉਸ ਨੇ ਖਿੜਕੀ ਵਿੱਚੋਂ ਝਾਤੀ ਮਾਰੀ, ਤਾਂ ਉਸ ਨੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਗੋਲੀਆਂ ਚਲਾਉਂਦੇ ਹੋਏ ਦੇਖਿਆ। ਮਗਰੋਂ ਇਹ ਬਾਈਕ ਸਵਾਰ ਉਥੋਂ ਭੱਜ ਗਏ।
ਗੁਰਿੰਦਰ ਸਿੰਘ ਨੂੰ ਅੱਜ ਸਵੇਰੇ ਉਸ ਦੇ ਲੋਹੇ ਦੇ ਗੇਟ ’ਤੇ ਛੇ ਗੋਲੀਆਂ ਦੇ ਨਿਸ਼ਾਨ ਅਤੇ ਜ਼ਮੀਨ ’ਤੇ ਕਈ ਖਾਲੀ ਖੋਲ ਪਏ ਮਿਲੇ। ਪੁਲੀਸ ਨੂੰ ਸ਼ੱਕ ਹੈ ਕਿ ਇਹ ਹਮਲਾ ਪੁਰਾਣੀ ਦੁਸ਼ਮਣੀ ਦਾ ਨਤੀਜਾ ਹੈ। ਲੋਪੋਕੇ ਪੁਲੀਸ ਥਾਣੇ ਵਿੱਚ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਅਤੇ ਜਾਂਚ ਜਾਰੀ ਹੈ।