ਅੰਮ੍ਰਿਤਸਰ: ਪੁਲੀਸ ਮੁਕਾਬਲੇ ’ਚ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਦਹਿਸ਼ਤਗਰਦ ਜੀਵਨ ਫੌਜੀ ਦਾ ਗੁਰਗਾ ਜ਼ਖ਼ਮੀ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 1 ਜੂਨ
ਬੱਬਰ ਖਾਲਸਾ ਇੰਟਰਨੈਸ਼ਨਲ ਦੇ ਅਤਿਵਾਦੀ ਜੀਵਨ ਫੌਜੀ ਦਾ ਗੁਰਗਾ ਅੱਜ ਅੰਮ੍ਰਿਤਸਰ ਪੁਲੀਸ ਨਾਲ ਹੋਏ ਮੁਕਾਬਲੇ ਵਿੱਚ ਜ਼ਖ਼ਮੀ ਹੋ ਗਿਆ। ਉਸ ਨੂੰ ਹਥਿਆਰਾਂ ਦੀ ਬਰਾਮਦਗੀ ਲਈ ਸੁਲਤਾਨਵਿੰਡ ਖੇਤਰ ਵਿਚ ਲਿਜਾਇਆ ਗਿਆ ਸੀ। ਗੁਰਗੇ ਦੀ ਪਛਾਣ ਗੁਰਲਾਲ ਸਿੰਘ ਉਰਫ਼ ਹਰਮਨ ਵਜੋਂ ਹੋਈ ਹੈ, ਜੋ ਕਿ ਤਰਨ ਤਾਰਨ ਦੇ ਗੋਇੰਦਵਾਲ ਸਾਹਿਬ ਦਾ ਰਹਿਣ ਵਾਲਾ ਹੈ। ਪੁਲੀਸ ਨੇ ਗੁਰਲਾਲ ਅਤੇ ਉਸ ਦੇ ਸਾਥੀ ਕਾਰਜਪ੍ਰੀਤ ਸਿੰਘ ਵਾਸੀ ਵੈਰੋਵਾਲ (ਤਰਨ ਤਾਰਨ) ਨੂੰ ਫਿਰੌਤੀ ਲਈ ਇੱਕ ਫਰਨੀਚਰ ਦੀ ਦੁਕਾਨ ’ਤੇ ਗੋਲੀਬਾਰੀ ਕਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। ਪੰਜਾਬ ਦੇ
ਡੀਜੀਪੀ ਗੌਰਵ ਯਾਦਵ ਨੇ ਇਸ ਮੁਕਾਬਲੇ ਬਾਰੇ ਐਕਸ ’ਤੇ ਇਕ ਪੋਸਟ ਵਿਚ ਜਾਣਕਾਰੀ ਸਾਂਝੀ ਕੀਤੀ ਹੈ। ਡੀਜੀਪੀ ਨੇ ਕਿਹਾ ਕਿ ਮੁੱਢਲੀ ਜਾਂਚ ਮੁਤਾਬਕ ਜੀਵਨ ਫੌਜੀ, ਜੋ ਸਰਗਰਮ ਬੀਕੇਆਈ ਮੈਂਬਰ ਹੈ, ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਲੋਕਾਂ ਨੂੰ ਫਿਰੌਤੀ ਲਈ ਨਿਸ਼ਾਨਾ ਬਣਾ ਰਿਹਾ ਸੀ। ਉਸ ਨੇ ਕਾਰਜਪ੍ਰੀਤ ਅਤੇ ਗੁਰਲਾਲ ਲਈ .30 ਬੋਰ ਪਿਸਤੌਲ ਦਾ ਪ੍ਰਬੰਧ ਕੀਤਾ ਸੀ। ਫੌਜੀ ਨੇ ਉਨ੍ਹਾਂ ਨੂੰ ਅੰਮ੍ਰਿਤਸਰ ਖੇਤਰ ਵਿੱਚ ਫਿਰੌਤੀ ਲਈ ਫਰਨੀਚਰ ਦੀ ਦੁਕਾਨ ’ਤੇ ਗੋਲੀਬਾਰੀ ਕਰਨ ਦਾ ਨਿਰਦੇਸ਼ ਦਿੱਤਾ ਸੀ। ਗੋਲੀਬਾਰੀ ਦੀ ਇਹ ਘਟਨਾ ਫਿਰੌਤੀ ਦੀ ਕੋਸ਼ਿਸ਼ ਦਾ ਹਿੱਸਾ ਸੀ, ਜਿਸ ਵਿੱਚ ਜੀਵਨ ਫੌਜੀ ਕੈਨੇਡਾ ਵਿੱਚ ਰਹਿੰਦੇ ਦੁਕਾਨ ਦੇ ਮਾਲਕ ਦੇ ਇੱਕ ਰਿਸ਼ਤੇਦਾਰ ਤੋਂ ਫਿਰੌਤੀ ਮੰਗ ਰਿਹਾ ਸੀ।
ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਵੇਰਵੇ ਸਾਂਝੇ ਕਰਦੇ ਹੋਏ ਕਿਹਾ ਕਿ ਦੋਸ਼ੀ ਗੁਰਲਾਲ ਸਿੰਘ ਉਰਫ਼ ਹਰਮਨ ਦੇ ਖੁਲਾਸੇ ਤੋਂ ਬਾਅਦ, ਇੱਕ ਪੁਲੀਸ ਟੀਮ ਉਸ ਨੂੰ ਅਪਰਾਧ ਵਿੱਚ ਵਰਤੇ ਗਏ ਹਥਿਆਰ ਦੀ ਬਰਾਮਦਗੀ ਲਈ ਆਪਣੇ ਨਾਲ ਲੈ ਗਈ। ਇਸ ਕਾਰਵਾਈ ਦੌਰਾਨ, ਦੋਸ਼ੀ ਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਪੁਲੀਸ ਪਾਰਟੀ ’ਤੇ ਗੋਲੀਬਾਰੀ ਕੀਤੀ ਤੇ ਸਵੈ-ਰੱਖਿਆ ਵਿਚ ਪੁਲੀਸ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ। ਗੁਰਲਾਲ ਦੀ ਲੱਤ ਵਿਚ ਗੋਲੀ ਲੱਗੀ ਤੇ ਉਸ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।