ਅੰਮ੍ਰਿਤਸਰ: ਰੇਲਵੇ ਸਟੇਸ਼ਨ ’ਤੇ ਫਸੇ ਮੁਸਾਫ਼ਰਾਂ ਲਈ ਲੰਗਰ ਦਾ ਪ੍ਰਬੰਧ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 12 ਜੁਲਾਈ
ਸ਼੍ਰੋਮਣੀ ਕਮੇਟੀ ਵੱਲੋਂ ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਦੀ ਮਦਦ ਲਈ ਰਾਹਤ ਕਾਰਜ ਲਗਾਤਾਰ ਜਾਰੀ ਹਨ ਅਤੇ ਇਸ ਤਹਿਤ ਸ਼੍ਰੋਮਣੀ ਕਮੇਟੀ ਨੇ ਹੜ੍ਹ ਕਾਰਨ ਰੱਦ ਹੋਈਆਂ ਰੇਲਗੱਡੀਆਂ ਦੇ ਯਾਤਰੀਆਂ ਵਾਸਤੇ ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਲੰਗਰ ਦਾ ਪ੍ਰਬੰਧ ਕੀਤਾ ਹੈ। ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਹੜ੍ਹ ਦੇ ਕਾਰਨ ਕਈ ਰੇਲਗੱਡੀਆਂ ਪ੍ਰਭਾਵਿਤ ਅਤੇ ਰੱਦ ਹੋਈਆਂ ਹਨ, ਜਿਸ ਕਰਕੇ ਵੱਡੀ ਗਿਣਤੀ ’ਚ ਯਾਤਰੀ ਸਟੇਸ਼ਨਾਂ ਉੱਤੇ ਫਸੇ ਹੋਏ ਹਨ। ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਵੀ ਵੱਡੀ ਗਿਣਤੀ ਵਿੱਚ ਮੁਸਾਫ਼ਰ ਰੇਲਗੱਡੀਆਂ ਚੱਲਣ ਦਾ ਇੰਤਜ਼ਾਰ ਕਰ ਰਹੇ ਹਨ ਜਿਨ੍ਹਾਂ ਲਈ ਸ੍ਰੀ ਦਰਬਾਰ ਸਾਹਬਿ ਤੋਂ ਲੰਗਰ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਗੁਰਦੁਆਰਿਆਂ ਤੋਂ ਰਾਹਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਸਿਹਤ ਸਹੂਲਤਾਂ ਲਈ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਵੱਲ੍ਹਾ ਤੋਂ ਭੇਜੀਆਂ 3 ਮੈਡੀਕਲ ਵੈਨਾਂ ਵੱਖ-ਵੱਖ ਖੇਤਰਾਂ ਵਿੱਚ ਸੇਵਾਵਾਂ ਨਿਭਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਹੜ੍ਹਾਂ ਕਾਰਨ ਹਿਮਾਚਲ ਸਥਿਤ ਗੁਰਦੁਆਰਾ ਸਾਹਬਿਾਨ ਦੇ ਦਰਸ਼ਨ ਕਰਨ ਗਈਆਂ ਕਈ ਸੰਗਤਾਂ ਹਿਮਾਚਲ ਵਿੱਚ ਫਸੀਆਂ ਹੋਈਆਂ ਹਨ, ਜਿਨ੍ਹਾਂ ਦੀ ਸਹਾਇਤਾ ਲਈ ਵੀ ਸ਼੍ਰੋਮਣੀ ਕਮੇਟੀ ਕਾਰਜਸ਼ੀਲ ਹੈ। ਇਨ੍ਹਾਂ ਲੋਕਾਂ ਨਾਲ ਸੰਪਰਕ ਕਰ ਕੇ ਹਰ ਤਰ੍ਹਾਂ ਦੀ ਸਹਾਇਤਾ ਲਈ ਹਿਮਾਚਲ ਪ੍ਰਦੇਸ਼ ਤੋਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਦੇ ਨਾਲ ਤਖ਼ਤ ਸ੍ਰੀ ਕੇਸਗੜ੍ਹ ਸਾਹਬਿ ਦੇ ਮੈਨੇਜਰ ਦੀ ਡਿਊਟੀ ਲਾਈ ਗਈ ਹੈ।