ਅੰਮ੍ਰਿਤਸਰ:12 ਕਿਲੋ ਅਫ਼ੀਮ ਸਣੇ ਦੋ ਗ੍ਰਿਫ਼ਤਾਰ
ਅੰਮ੍ਰਿਤਸਰ ਕਮਿਸ਼ਟਰੇਟ ਦੀ ਪੁਲੀਸ ਨੇ ਅੰਤਰਰਾਜੀ ਅਫੀਮ ਤਸਕਰੀ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ 12 ਕਿਲੋ ਅਫੀਮ, ਨਸ਼ੀਲੇ ਪਦਾਰਥਾਂ ਦੀ ਡਰਗ ਮਨੀ ਅਤੇ ਵਾਹਨ ਬਰਾਮਦ ਕੀਤਾ ਗਿਆ ਹੈ।
ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਸ਼ਨਾਖਤ ਹਰਵਿੰਦਰ ਸਿੰਘ ਉਰਫ ਹੈਰੀ ਵਾਸੀ ਪਿੰਡ ਹਰੜ, ਥਾਣਾ ਰਾਮਦਾਸ, ਅੰਮ੍ਰਿਤਸਰ ਦਿਹਾਤੀ ਅਤੇ ਰਣਜੀਤ ਸਿੰਘ ਉਰਫ ਰਾਣਾ ਵਾਸੀ ਪਿੰਡ ਅਵਾਨ, ਥਾਣਾ ਰਾਮਦਾਸ, ਅੰਮ੍ਰਿਤਸਰ ਵਜੋਂ ਹੋਈ ਹੈ। ਇਨ੍ਹਾਂ ਦੇ ਕੋਲੋਂ ਪੁਲੀਸ ਨੇ 12 ਕਿਲੋਗ੍ਰਾਮ ਅਫੀਮ, ਇੱਕ ਕਾਰ (ਥਾਰ ਰੋਕਸ) ਅਤੇ ਨਸ਼ੀਲੇ ਪਦਾਰਥਾਂ ਦੀ ਰਕਮ ਵਜੋਂ 6000 ਰੁਪਏ ਬਰਾਮਦ ਕੀਤੇ ਹਨ।
ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਕ ਗੁਪਤ ਸੂਚਨਾ ਦੇ ਆਧਾਰ ’ਤੇ ਕੀਤੀ ਗਈ ਕਾਰਵਾਈ ਵਿੱਚ ਕਮਿਸ਼ਨਰੇਟ ਪੁਲੀਸ ਅੰਮ੍ਰਿਤਸਰ ਨੇ ਗੋਲਡਨ ਗੇਟ, ਅੰਮ੍ਰਿਤਸਰ ਨੇੜੇ ਇੱਕ ਨਾਕਾ ਲਗਾਇਆ ਸੀ, ਜਿੱਥੇ ਅਫੀਮ ਦੀ ਅੰਤਰਰਾਜੀ ਸਪਲਾਈ ਵਿੱਚ ਸ਼ਾਮਲ ਦੋ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਉੱਤਰ ਪ੍ਰਦੇਸ਼ ਦੇ ਬਰੇਲੀ ਤੋਂ ਪੰਜਾਬ ਵਿੱਚ ਸਪਲਾਈ ਲਈ ਖੇਪਾਂ ਲਿਆ ਰਹੇ ਸਨ ਅਤੇ ਅੱਗੇ ਇਹ ਨਸ਼ਾ ਆਪਣੇ ਇਲਾਕੇ ਦੇ ਆਲੇ ਦੁਆਲੇ ਸਪਲਾਈ ਕੀਤਾ ਜਾਣਾ ਸੀ।
ਉਨ੍ਹਾਂ ਦੱਸਿਆ ਕਿ ਇਸ ਆਪਰੇਸ਼ਨ ਦੌਰਾਨ ਪੁਲੀਸ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ 12 ਕਿਲੋ ਅਫੀਮ, ਇੱਕ ਕਾਰ (ਥਾਰ ਰੋਕਸ) ਅਤੇ 6,000 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ। ਇਸ ਮੌਕੇ ਪੁਲੀਸ ਕਮਿਸ਼ਨਰ ਦੇ ਨਾਲ ਰਵਿੰਦਰਪਾਲ ਸਿੰਘ, ਡੀਸੀਪੀ, ਜਗਬਿੰਦਰ ਸਿੰਘ, ਏਡੀਸੀਪੀ, ਹਰਮਿੰਦਰ ਸਿੰਘ ਸੰਧੂ, ਏਸੀਪੀ ਅਤੇ ਐਸਆਈ ਰਵੀ ਕੁਮਾਰ ਸਿੰਘ, ਇੰਚਾਰਜ, ਸੀਆਈਏ ਸਟਾਫ-2 ਹਾਜ਼ਰ ਸਨ।