ਅੰਮ੍ਰਿਤਸਰ: ਦੋ ਵੱਖ-ਵੱਖ ਘਟਨਾਵਾਂ ਵਿੱਚ 10 ਕਿਲੋ ਹੈਰੋਇਨ ਬਰਾਮਦ, 8 ਜਣੇ ਕਾਬੂ
ਪੰਜਾਬ ਪੁਲੀਸ ਨੇ ਅੰਮ੍ਰਿਤਸਰ ਵਿੱਚ ਦੋ ਵੱਖ-ਵੱਖ ਘਟਨਾਵਾਂ ਵਿੱਚ ਕਰੀਬ 10 ਕਿਲੋ ਹੈਰੋਇਨ ਬਰਾਮਦ ਕੀਤੀ ਹੈ ਅਤੇ ਇਸ ਸਬੰਧ ਵਿਚ 8 ਵਿਅਕਤੀਆਂ ਨੂੰ ਕਾਬੂ ਕੀਤਾ, ਜਿਨ੍ਹਾਂ ਵਿਚ ਇਕ ਨਾਬਾਲਗ ਵੀ ਸ਼ਾਮਲ ਹੈ। ਪਹਿਲੀ ਘਟਨਾ ਵਿਚ ਅੰਮ੍ਰਿਤਸਰ ਪੁਲੀਸ ਕਮਿਸ਼ਨਰੇਟ ਨੇ 6.1 ਕਿਲੋਗ੍ਰਾਮ ਨਸ਼ੀਲਾ ਪਦਾਰਥ ਜ਼ਬਤ ਕੀਤਾ ਹੈ, ਜਦੋਂ ਕਿ ਦੂਜੀ ਘਟਨਾ ਵਿਚ ਕਾਊਂਟਰ ਇੰਟੈਲੀਜੈਂਸ ਨੇ 4 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁਲੀਸ ਨੇ ਦੋਵਾਂ ਮਾਮਲਿਆਂ ਵਿੱਚ ਇੱਕ ਨਾਬਾਲਗ ਸਮੇਤ ਕੁੱਲ ਅੱਠ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਡੀਜੀਪੀ ਗੌਰਵ ਯਾਦਵ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਐਕਸ ਰਾਹੀਂ ਦੱਸਿਆ ਕਿ ਸਰਹੱਦ ਪਾਰ ਨਾਰਕੋ-ਤਸਕਰੀ ਵਿਰੁੱਧ ਵਿੱਢੀ ਮੁਹਿੰਮ ਤਹਿਤ ਇੱਕ ਵੱਡੀ ਕਾਰਵਾਈ ਵਿੱਚ ਕਮਿਸ਼ਨਰੇਟ ਪੁਲੀਸ ਨੇ ਹੈਰੋਇਨ ਤਸਕਰੀ ਮਾਮਲੇ ਦਾ ਪਰਦਾਫਾਸ਼ ਕੀਤਾ ਹੈ ਜਿਸ ਦਾ ਪਾਕਿਸਤਾਨ-ਅਧਾਰਤ ਤਸਕਰਾਂ ਨਾਲ ਸਿੱਧਾ ਸਬੰਧ ਹੈ। ਉਨ੍ਹਾਂ ਕਿਹਾ ਕਿ ਛੇਹਰਟਾ ਪੁਲੀਸ ਨੇ ਮੁਲਜ਼ਮ ਸਰਬਜੀਤ ਉਰਫ਼ ਜੋਬਨ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਸਰਹੱਦੀ ਪਿੰਡ ਵਿਚ ਕੰਮ ਕਰ ਰਿਹਾ ਸੀ ਅਤੇ ਪਾਕਿਸਤਾਨੀ ਤਸਕਰ ਰਾਣਾ ਦੇ ਸਿੱਧੇ ਸੰਪਰਕ ਵਿੱਚ ਸੀ। ਪੁਲੀਸ ਨੇ ਸਰਬਜੀਤ ਅਤੇ ਇੱਕ ਨਾਬਾਲਗ ਨੂੰ 1 ਕਿਲੋਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ। ਪੁੱਛਗਿੱਛ ਦੌਰਾਨ ਪੁਲੀਸ ਨੇ ਉਸਦੇ ਦੋ ਹੋਰ ਸਾਥੀ ਤਸਕਰਾਂ ਧਰਮ ਸਿੰਘ ਅਤੇ ਕੁਲਬੀਰ ਸਿੰਘ ਨੂੰ 5 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ।
ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਉਨ੍ਹਾਂ ਵਿਰੁੱਧ ਏਅਰਪੋਰਟ ਪੁਲੀਸ ਸਟੇਸ਼ਨ ਅਤੇ ਛੇਹਰਟਾ ਪੁਲੀਸ ਸਟੇਸ਼ਨ ਵਿੱਚ ਦੋ ਵੱਖ-ਵੱਖ ਕੇਸ ਦਰਜ ਕੀਤੇ ਹਨ। ਪੁਲੀਸ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ 6.1 ਕਿਲੋ ਹੈਰੋਇਨ ਅਤੇ ਦੋ ਬਾਈਕ ਬਰਾਮਦ ਕੀਤੇ ਹਨ।
ਇਸ ਦੌਰਾਨ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੇ ਅਟਾਰੀ ਦੇ ਕਠਾਨੀਆ ਪਿੰਡ ਤੋਂ ਚਾਰ ਤਸਕਰਾਂ ਨੂੰ 4 ਕਿਲੋ ਹੈਰੋਇਨ ਸਮੇਤ ਕਾਬੂ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਪਿੰਡ ਕਾਹਨਗੜ੍ਹ ਦੇ ਰਣਜੀਤ ਸਿੰਘ ਅਤੇ ਕਰਨ ਮਸੀਹ, ਜੰਡਿਆਲਾ ਦੇ ਦੇਵੀਦਾਸਪੁਰਾ ਪਿੰਡ ਦੇ ਮਨਪ੍ਰੀਤ ਸਿੰਘ ਅਤੇ ਅਜੈਪਾਲ ਸਿੰਘ ਵਜੋਂ ਹੋਈ ਹੈ। ਇਸ ਤੋਂ ਇਲਾਵਾ ਸੀਆਈ ਨੇ ਇਸ ਮਾਮਲੇ ਵਿੱਚ ਪਾਕਿਸਤਾਨੀ ਤਸਕਰ ਸ਼ਾਹ ਨੂੰ ਵੀ ਨਾਮਜ਼ਦ ਕੀਤਾ ਹੈ।
ਸੀਆਈ ਅਧਿਕਾਰੀਆਂ ਨੇ ਕਿਹਾ ਕਿ ਪੁਲੀਸ ਨੂੰ ਸੂਹ ਮਿਲੀ ਸੀ ਕਿ ਰਣਜੀਤ ਸਿੰਘ ਅਤੇ ਕਰਨ ਮਸੀਹ ਨਸ਼ੀਲੇ ਪਦਾਰਥਾਂ ਦੀ ਸਰਹੱਦ ਪਾਰ ਤਸਕਰੀ ਵਿੱਚ ਸ਼ਾਮਲ ਸਨ ਅਤੇ ਉਨ੍ਹਾਂ ਨੇ ਹਾਲ ਹੀ ਵਿੱਚ ਡਰੋਨ ਰਾਹੀਂ ਪਾਕਿਸਤਾਨ ਤੋਂ ਤਸਕਰੀ ਕੀਤੀ ਗਈ ਨਸ਼ੀਲੇ ਪਦਾਰਥਾਂ ਦੀ ਇੱਕ ਵੱਡੀ ਖੇਪ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜਦੋ ਪੁਲੀਸ ਨੇ ਕਾਰਵਾਈ ਕੀਤੀ ਤਾਂ ਉਹ ਕਠਾਨੀਆ ਪਿੰਡ ਦੇ ਬੱਸ ਅੱਡੇ ’ਤੇ ਮਨਪ੍ਰੀਤ ਅਤੇ ਅਜੈਪਾਲ ਨੂੰ ਨਸ਼ੀਲੇ ਪਦਾਰਥਾਂ ਦੀ ਖੇਪ ਪਹੁੰਚਾਉਣ ਜਾ ਰਹੇ ਸਨ। ਇਸ ਤੋਂ ਬਾਅਦ ਛਾਪਾ ਮਾਰਿਆ ਅਤੇ ਸਾਰੇ ਮੁਲਜ਼ਮਾਂ ਨੂੰ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲੀਸ ਨੇ ਉਨ੍ਹਾਂ ਦੇ ਮੋਬਾਈਲ ਫੋਨ ਵੀ ਜ਼ਬਤ ਕੀਤੇ ਹਨ। ਇਸ ਸਬੰਧ ਵਿੱਚ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕੀਤਾ ਹੈ।