PB-US-DEPORTEES-LAND 116 ਗੈਰਕਾਨੂੰਨੀ ਪਰਵਾਸੀ ਭਾਰਤੀ ਵਤਨ ਪਰਤੇ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 15 ਫਰਵਰੀ
ਅਮਰੀਕਾ ਵੱਲੋਂ ਡਿਪੋਰਟ ਕੀਤੇ ਗਏ 116 ਪਰਵਾਸੀ ਭਾਰਤੀਆਂ ਦੇ ਦੂਜੇ ਬੈਚ ਨੂੰ ਲੈ ਕੇ ਅਮਰੀਕਾ ਦਾ ਫੌਜੀ ਮਾਲਵਾਹਕ ਜਹਾਜ਼ C17 Globemaster III ਅੱਜ ਦੇਰ ਰਾਤ 11:40 ਵਜੇ ਦੇ ਕਰੀਬ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ’ਤੇ ਪੁੱਜਾ, ਜਿਸ ਵਿਚ 65 ਪੰਜਾਬੀ ਦੱਸੇ ਜਾਂਦੇ ਹਨ। ਡਿਪੋਰਟੀਜ਼ ਵਿਚ ਚਾਰ ਮਹਿਲਾਵਾਂ ਤੇ ਦੋ ਬੱਚੇ ਵੀ ਸ਼ਾਮਲ ਹਨ। ਪੰਜਾਬ ਸਰਕਾਰ ਵੱਲੋੋਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਹਰਭਜਨ ਸਿੰਘ ਈਟੀਓ ਅਮਰੀਕਾ ਤੋਂ ਪਰਤੇ ਪੰਜਾਬੀ ਨੌਜਵਾਨਾਂ ਨਾਲ ਗੱਲਬਾਤ ਕੀਤੀ।
ਦੂਜੇ ਬੈਚ ਵਿਚ ਪਹਿਲਾਂ 119 ਭਾਰਤੀਆਂ ਨੂੰ ਵਤਨ ਵਾਪਸ ਭੇਜਣ ਦਾ ਦਾਅਵਾ ਕੀਤਾ ਗਿਆ ਸੀ। 157 ਭਾਰਤੀਆਂ ਦਾ ਤੀਜਾ ਬੈਚ ਐਤਵਾਰ ਨੂੰ ਪੁੱਜੇਗਾ।
ਇਸ ਦੌਰਾਨ ਸ਼੍ਰੋਮਣੀ ਕਮੇਟੀ ਨੇ ਹਵਾਈ ਅੱਡੇ ਦੇ ਬਾਹਰ ਡਿਪੋਰਟਰੀਜ਼ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਲੰਗਰ ਦਾ ਵਿਸ਼ੇਸ਼ ਤੌਰ ’ਤੇ ਪ੍ਰਬੰਧ ਕੀਤਾ ਹੋਇਆ ਸੀ।
ਸੂਤਰਾਂ ਮੁਤਾਬਕ ਸੁਰੱਖਿਆ ਮਨਜ਼ੂਰੀ ਤੋਂ ਬਾਅਦ, ਡਿਪੋਰਟ ਕੀਤੇ ਗਏ ਲੋਕਾਂ ਨੂੰ ਖਾਣਾ ਦਿੱਤਾ ਜਾਵੇਗਾ ਅਤੇ ਫਿਰ ਉਨ੍ਹਾਂ ਦੇ ਗ੍ਰਹਿ ਜ਼ਿਲ੍ਹਿਆਂ ਵਿੱਚ ਲਿਜਾਇਆ ਜਾਵੇਗਾ।
C17 Globemaster III ਫੌਜੀ ਜਹਾਜ਼ ਇਥੇ ਡੇਢ ਘੰਟੇ ਦੀ ਦੇਰੀ ਨਾਲ ਪੁੱਜਾ। ਜਹਾਜ਼ ਦੇ ਪਹਿਲਾਂ ਰਾਤ ਦਸ ਵਜੇ ਪੁੱਜਣ ਦੀ ਉਮੀਦ ਸੀ।
ਡਿਪੋਰਟੀਜ਼ ਵਿਚੋਂ 65 ਪੰਜਾਬ, 33 ਹਰਿਆਣਾ, 8 ਗੁਜਰਾਤ, ਯੂਪੀ, ਗੋਆ, ਮਹਾਰਾਸ਼ਟਰ ਤੇ ਰਾਜਸਥਾਨ ਦੇ ਦੋ-ਦੋ ਜਦੋਂਕਿ ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਦਾ ਇਕ ਇਕ ਵਿਅਕਤੀ ਸ਼ਾਮਲ ਹੈ।
ਸੂਤਰਾਂ ਮੁਤਾਬਕ ਡਿਪੋਰਟ ਕੀਤੇ ਭਾਰਤੀ ਨਾਗਰਿਕਾਂ ਵਿਚੋਂ ਬਹੁਤੇ 18 ਤੋਂ 30 ਸਾਲ ਦੀ ਉਮਰ ਦੇ ਹਨ। ਇਨ੍ਹਾਂ ਵਿਚ ਚਾਰ ਮਹਿਲਾਵਾਂ ਤੇ ਤਿੰਨ ਬੱਚੇ ਵੀ ਸ਼ਾਮਲ ਹਨ। ਇਨ੍ਹਾਂ ਭਾਰਤੀ ਨਾਗਰਿਕਾਂ ਦੇ ਪਰਿਵਾਰਕ ਮੈਂਬਰ ਪਹਿਲਾਂ ਹੀ ਹਵਾਈ ਅੱਡੇ ਦੇ ਬਾਹਰ ਮੌਜੂਦ ਸਨ।
ਇਨ੍ਹਾਂ ਵਿੱਚੋਂ ਪੰਜਾਬ ਅਤੇ ਹਰਿਆਣਾ ਦੇ ਨਾਗਰਿਕਾਂ ਨੂੰ ਸੜਕ ਮਾਰਗ ਰਾਹੀਂ ਉਨ੍ਹਾਂ ਦੇ ਘਰ ਭੇਜਣ ਦਾ ਪ੍ਰਬੰਧ ਕੀਤਾ ਗਿਆ ਹੈ ਜਦੋਂ ਕਿ ਬਾਕੀ ਭਾਰਤੀ ਨਾਗਰਿਕਾਂ ਨੂੰ ਸਵੇਰੇ ਇਸੇ ਹਵਾਈ ਅੱਡੇ ਤੋਂ ਇੱਕ ਵਿਸ਼ੇਸ਼ ਉਡਾਣ ਰਾਹੀਂ ਦਿੱਲੀ ਭੇਜਿਆ ਜਾਵੇਗਾ, ਜਿੱਥੋਂ ਅੱਗੇ ਵੱਖ ਵੱਖ ਸੂਬਿਆਂ ਲਈ ਰਵਾਨਾ ਹੋਣਗੇ।
ਇਸ ਤੋਂ ਪਹਿਲਾਂ ਪੰਜ ਫਰਵਰੀ ਨੂੰ ਪਹਿਲੇ ਬੈਚ ਵਿੱਚ ਟਰੰਪ ਸਰਕਾਰ ਵੱਲੋਂ ਅਮਰੀਕੀ ਫੌਜੀ ਮਾਲਵਾਹਕ ਜਹਾਜ਼ ਵਿੱਚ 104 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਸੀ, ਜਿਨ੍ਹਾਂ ਵਿੱਚ 30 ਪੰਜਾਬੀ ਅਤੇ 33 -33 ਹਰਿਆਣਾ ਤੇ ਗੁਜਰਾਤ ਨਾਲ ਸਬੰਧਤ ਸਨ।
ਜਾਣਕਾਰੀ ਮੁਤਾਬਕ ਅਮਰੀਕਾ ਦਾ ਇੱਕ ਹੋਰ ਜਹਾਜ਼ 16 ਫਰਵਰੀ ਨੂੰ ਵੀ ਡਿਪੋਰਟ ਕੀਤੇ ਗਏ ਲਗਪਗ 157 ਭਾਰਤੀ ਨਾਗਰਿਕਾਂ ਨੂੰ ਲੈ ਕੇ ਇਸੇ ਹਵਾਈ ਅੱਡੇ ’ਤੇ ਉਤਰੇਗਾ।
ਐਤਕੀਂ ਅਮਰੀਕੀ ਫੌਜੀ ਜਹਾਜ਼ ਨੂੰ ਇੱਥੇ ਮੁੱਖ ਟਰਮੀਨਲ ’ਤੇ ਖੜਾ ਕੀਤਾ ਗਿਆ ਹੈ ਅਤੇ ਇੱਥੋਂ ਹੀ ਸਮੂਹ ਭਾਰਤੀ ਨਾਗਰਿਕ ਹੇਠਾਂ ਉਤਰੇ ਹਨ ,ਜਿੱਥੇ ਉਨ੍ਹਾਂ ਦੀ ਇਮੀਗ੍ਰੇਸ਼ਨ ਅਤੇ ਹੋਰ ਦਸਤਾਵੇਜ਼ੀ ਜਾਂਚ ਕੀਤੀ ਗਈ। ਜਦੋਂ ਕਿ ਪਿਛਲੀ ਵਾਰ ਪੰਜ ਫਰਵਰੀ ਨੂੰ ਅਮਰੀਕੀ ਜਹਾਜ਼ ਨੂੰ ਕਾਰਗੋ ਖੇਤਰ ਵਾਲੇ ਪਾਸੇ ਖੜਾ ਕੀਤਾ ਗਿਆ ਸੀ।