ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਵੱਲੋਂ ਅਮਰੀਕਾ ’ਚ ਸਿੱਖ ਬਜ਼ੁਰਗ ’ਤੇ ਨਸਲੀ ਹਮਲੇ ਦੀ ਨਿਖੇਧੀ
ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅਮਰੀਕਾ ’ਚ ਕੈਲੀਫੋਰਨੀਆ ਦੇ ਨਾਰਥ ਹੋਲੀਵੁੱਡ ਵਿੱਚ 70 ਸਾਲਾ ਸਿੱਖ ਹਰਪਾਲ ਸਿੰਘ ਉੱਤੇ ਹੋਏ ਨਫ਼ਰਤੀ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਲਾਸ ਏਂਜਲਸ ਪੁਲੀਸ ਵਿਭਾਗ (ਐੱਲ.ਏ.ਪੀ.ਡੀ) ਅਤੇ ਅਮਰੀਕੀ ਜਾਂਚ ਏਜੰਸੀਆਂ ਦੋਸ਼ੀ ਵਿਅਕਤੀ ਨੂੰ ਸਖ਼ਤ ਤੇ ਮਿਸਾਲੀ ਸਜ਼ਾ ਯਕੀਨੀ ਬਣਾਉਣ। ਜਥੇਦਾਰ ਗੜਗੱਜ ਨੇ ਕਿਹਾ ਕਿ ਇਸ ਹਮਲੇ ਪਿੱਛੇ ਮੁਲਜ਼ਮ ਦੀ ਮਨਸ਼ਾ ਨੂੰ ਸਮਝਣਾ ਅਤਿ ਜ਼ਰੂਰੀ ਹੈ ਅਤੇ ਇਸ ਨੂੰ ਨਫ਼ਰਤੀ ਅਪਰਾਧ ਵਜੋਂ ਦਰਜ ਕੀਤਾ ਜਾਣਾ ਚਾਹੀਦਾ ਹੈ।
ਜਾਣਕਾਰੀ ਅਨੁਸਾਰ ਹਰਪਾਲ ਸਿੰਘ ਸੈਟੀਕੋਏ ਸਟ੍ਰੀਟ ਅਤੇ ਲੈਂਕਰਸ਼ਿਮ ਬੁਲੇਵਾਰਡ ਦੇ ਨੇੜੇ ਪੈਦਲ ਜਾ ਰਿਹ ਸੀ, ਜਦੋਂ ਇੱਕ ਵਿਅਕਤੀ ਨੇ ਉਨ੍ਹਾਂ ਦੇ ਉੱਪਰ ਹਮਲਾ ਕਰ ਦਿੱਤਾ ਅਤੇ ਉਹ ਹੁਣ ਹਸਪਤਾਲ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਹਨ। ਪੁਲੀਸ ਵੱਲੋਂ ਇੱਕ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਜਥੇਦਾਰ ਗੜਗੱਜ ਨੇ ਕਿਹਾ ਕਿ ਐੱਫਬੀਆਈ ਦੀ ਸਾਲ 2024 ਦੀ ਨਫ਼ਰਤੀ ਅਪਰਾਧ ਦੀ ਰਿਪੋਰਟ ਮੁਤਾਬਕ ਭਾਵੇਂ ਕਿ ਅਮਰੀਕਾ ਵਿੱਚ ਸਿੱਖਾਂ ਖ਼ਿਲਾਫ਼ ਨਫ਼ਰਤੀ ਹਮਲਿਆਂ ਵਿੱਚ ਕੁਝ ਕਮੀ ਆਈ ਹੈ ਪਰ ਸਿੱਖ ਤੀਜੇ ਸਭ ਤੋਂ ਵੱਧ ਨਿਸ਼ਾਨਾ ਬਣਾਏ ਜਾਣ ਵਾਲੇ ਧਾਰਮਿਕ ਸਮੂਹ ਵਿੱਚ ਦਰਜ ਕੀਤੇ ਗਏ ਹਨ, ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਇਸ ਰਿਪੋਰਟ ਮੁਤਾਬਕ ਸਾਲ 2024 ਵਿੱਚ ਸਿੱਖਾਂ ਵਿਰੁੱਧ 153 ਨਫ਼ਰਤੀ ਹਮਲੇ ਦਰਜ ਕੀਤੇ ਗਏ ਹਨ। ਜਥੇਦਾਰ ਨੇ ਕਿਹਾ ਕਿ ਇਨ੍ਹਾਂ ਨਫ਼ਰਤੀ ਹਮਲਿਆਂ ਨੂੰ ਰੋਕਣ ਲਈ ਅਮਰੀਕਾ ਸਮੇਤ ਹੋਰ ਦੇਸ਼ਾਂ ਵਿੱਚ ਵੀ ਸਾਂਝੇ ਯਤਨਾਂ ਨਾਲ ਸਿੱਖ ਪਛਾਣ ਬਾਰੇ ਜਾਗਰੂਕਤਾ ਲਿਆਉਣ ਦੀ ਲੋੜ ਹੈ। ਉਨ੍ਹਾਂ ਅਮਰੀਕਾ ਸਥਿਤ ਸਿੱਖ ਜਥੇਬੰਦੀਆਂ ਨੂੰ ਕਿਹਾ ਕਿ ਉਹ ਅਮਰੀਕੀ ਲੋਕਾਂ ਵਿੱਚ ਸਿੱਖ ਪਛਾਣ ਪ੍ਰਤੀ ਜਾਗਰੂਕਤਾ ਲਿਆਉਣ ਲਈ ਵਿਸ਼ੇਸ਼ ਯਤਨ ਕਰਨ ਅਤੇ ਜੇਕਰ ਕੋਈ ਪਰੇਸ਼ਾਨੀ ਹੈ ਤਾਂ ਇਸ ਲਈ ਸਿੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਹਿਯੋਗ ਲਿਆ ਜਾਵੇ।