ਏਅਰ ਇੰਡੀਆ ਐਕਸਪ੍ਰੈਸ ਵੱਲੋਂ ਸੱਤ ਨਵੇਂ ਰੂਟਾਂ ਲਈ ਉਡਾਣਾਂ ਦੀ ਜਲਦ ਸ਼ੁਰੂਆਤ
ਯਾਤਰੀਆਂ ਨੂੰ ਵਧੇਰੇ ਵਿਕਲਪ ਪੇਸ਼ ਕਰਦਿਆਂ ਏਅਰ ਇੰਡੀਆ ਐਕਸਪ੍ਰੈਸ ਨੇ ਅਕਤੂਬਰ ਦੇ ਅਖੀਰ ਤੋਂ ਦਿੱਲੀ ਅਤੇ ਅੰਮ੍ਰਿਤਸਰ ਸਮੇਤ ਸੱਤ ਨਵੇਂ ਰੂਟਾਂ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇੱਕ ਏਅਰਲਾਈਨ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਸਾਂਝੀ ਕੀਤੀ।
ਨਵੀਆਂ ਸੇਵਾਵਾਂ ਰਾਜਧਾਨੀ ਨੂੰ 26 ਅਕਤੂਬਰ ਤੋਂ ਗੋਆ (ਡਾਬੋਲਿਮ), ਇੰਫਾਲ, ਲਖਨਊ ਅਤੇ ਸ਼੍ਰੀ ਵਿਜੇ ਪੁਰਮ (ਪੋਰਟ ਬਲੇਅਰ) ਨਾਲ ਜੋੜਨਗੀਆਂ, ਜਿਸ ਤੋਂ ਬਾਅਦ 28 ਅਕਤੂਬਰ ਤੋਂ ਅੰਮ੍ਰਿਤਸਰ ਅਤੇ 1 ਨਵੰਬਰ ਤੋਂ ਜੋਧਪੁਰ ਅਤੇ ਉਦੈਪੁਰ ਨਾਲ ਜੋੜਿਆ ਜਾਵੇਗਾ।
ਏਅਰਲਾਈਨ ਨੇ ਕਿਹਾ ਕਿ ਇਹ ਨਵੇਂ ਰੂਟ ਦੇਸ਼ ਭਰ ਦੇ ਸੱਭਿਆਚਾਰਕ ਅਤੇ ਆਰਥਿਕ ਤੌਰ 'ਤੇ ਮਹੱਤਵਪੂਰਨ ਸ਼ਹਿਰਾਂ ਅਤੇ ਦਿੱਲੀ ਵਿਚਕਾਰ ਸੰਪਰਕ ਨੂੰ ਮਹੱਤਵਪੂਰਨ ਤੌਰ ’ਤੇ ਵਧਾਉਣਗੇ।
26 ਅਕਤੂਬਰ ਤੋਂ ਪ੍ਰਭਾਵੀ ਨਵੇਂ ਸਮਾਂ-ਸੂਚੀ ਤਹਿਤ ਏਅਰ ਇੰਡੀਆ ਐਕਸਪ੍ਰੈਸ ਦਿੱਲੀ ਅਤੇ ਗੋਆ ਵਿਚਕਾਰ ਤਿੰਨ ਰੋਜ਼ਾਨਾ ਉਡਾਣਾਂ, ਇੰਫਾਲ ਅਤੇ ਪੋਰਟ ਬਲੇਅਰ ਲਈ ਰੋਜ਼ਾਨਾ ਉਡਾਣਾਂ ਅਤੇ ਲਖਨਊ ਅਤੇ ਸ਼੍ਰੀ ਵਿਜੇ ਪੁਰਮ ਲਈ ਵਾਧੂ ਸੇਵਾਵਾਂ ਦਾ ਸੰਚਾਲਨ ਕਰੇਗੀ। ਦਿੱਲੀ-ਅੰਮ੍ਰਿਤਸਰ ਰੂਟ 28 ਅਕਤੂਬਰ ਨੂੰ ਹਫ਼ਤੇ ਵਿੱਚ ਤਿੰਨ ਵਾਰ ਦੀਆਂ ਸੇਵਾਵਾਂ ਨਾਲ ਸ਼ੁਰੂ ਹੋਵੇਗਾ, ਜਦੋਂ ਕਿ ਜੋਧਪੁਰ ਅਤੇ ਉਦੈਪੁਰ ਲਈ ਰੋਜ਼ਾਨਾ ਉਡਾਣਾਂ 1 ਨਵੰਬਰ ਤੋਂ ਸ਼ੁਰੂ ਹੋਣਗੀਆਂ।
ਏਅਰਲਾਈਨ ਨੇ ਕਿਹਾ ਕਿ ਨਵੇਂ ਰੂਟ ਮੁੱਖ ਮਹਾਨਗਰੀ ਕੇਂਦਰਾਂ ਨੂੰ ਇਤਿਹਾਸਕ ਅਤੇ ਸੈਰ-ਸਪਾਟਾ ਨਾਲ ਭਰਪੂਰ ਸਥਾਨਾਂ ਨਾਲ ਜੋੜ ਕੇ, ਵਧੇਰੇ ਸਮਾਵੇਸ਼ੀ ਅਤੇ ਪਹੁੰਚਯੋਗ ਯਾਤਰਾ ਨੈੱਟਵਰਕ ਬਣਾਉਣ ਯਤਨ ਦਾ ਹਿੱਸਾ ਹਨ।