ਕਮਲ ਕੌਰ ਭਾਬੀ ਦੇ ਕਤਲ ਮਗਰੋਂ ਹੁਣ ਸੋਸ਼ਲ ਮੀਡੀਆ ਇਨਫਲੂਐਂਸਰ ਦੀਪਿਕਾ ਲੂਥਰਾ ਨੂੰ ਧਮਕੀ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 13 ਜੂਨ
ਸੋਸ਼ਲ ਮੀਡੀਆ ’ਤੇ ਕਮਲ ਕੌਰ ਭਾਬੀ ਵਜੋਂ ਮਕਬੂਲ ਕੰਚਨ ਤਿਵਾੜੀ ਦੇ ਕਤਲ ਮਗਰੋਂ ਹੁਣ ਅੰਮ੍ਰਿਤਸਰ ਦੀ ਸੋਸ਼ਲ ਮੀਡੀਆ ਇਨਫਲੂਐਂਸਰ ਦੀਪਿਕਾ ਲੂਥਰਾ ਉਰਫ ਦੀਪ ਲੂਥਰਾ ਨੂੰ ਗੰਭੀਰ ਨਤੀਜੇ ਭੁਗਤਣ ਲਈ ਤਿਆਰ ਰਹਿਣ ਦੀ ਧਮਕੀ ਮਿਲੀ ਹੈ। ਉਸ ਨੇ ਅੱਜ ਪੁਲੀਸ ਕਮਿਸ਼ਨਰ ਕੋਲ ਪਹੁੰਚ ਕਰਕੇ ਆਪਣੀ ਤੇ ਪਰਿਵਾਰ ਲਈ ਸੁਰੱਖਿਆ ਮੰਗੀ ਹੈ।
ਦੀਪ ਲੂਥਰਾ ਨੂੰ ਇਹ ਧਮਕੀ ਨਿਹੰਗ ਬਾਣੇ ਵਿੱਚ ਅੰਮ੍ਰਿਤਪਾਲ ਸਿੰਘ ਮਹਿਰੋਂ ਵੱਲੋਂ ਦਿੱਤੀ ਗਈ ਹੈ। ਮਹਿਰੋਂ ਪਹਿਲਾਂ ਹੀ ਕੰਚਨ ਕੁਮਾਰੀ ਉਰਫ ਕਮਲ ਕੌਰ ਭਾਬੀ ਦੇ ਕਤਲ ਮਾਮਲੇ ਵਿੱਚ ਪੁਲੀਸ ਵਾਸਤੇ ਸ਼ੱਕੀਆਂ ਦੀ ਸੂਚੀ ਵਿੱਚ ਸ਼ਾਮਲ ਹੈ। ਉਸ ਵੱਲੋਂ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਅੰਮ੍ਰਿਤਸਰ ਦੀ ਦੀਪ ਲੂਥਰਾ ਨੂੰ ਧਮਕੀ ਦਿੱਤੀ ਗਈ ਹੈ। ਇਹ ਵੀਡੀਓ ਹੁਣ ਵਾਇਰਲ ਹੋ ਗਈ ਹੈ।
ਪ੍ਰੇਸ਼ਾਨ ਅਤੇ ਸਹਿਮੀ ਹੋਈ ਦੀਪ ਲੂਥਰਾ ਨੇ ਕਿਹਾ ਕਿ ਉਸ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਉਸ ਨੇ ਦੋਹਰੇ ਅਰਥਾਂ ਵਾਲੇ ਸ਼ਬਦ ਅਤੇ ਗੀਤਾਂ ਆਦਿ ਦੀ ਵਰਤੋਂ ਬੰਦ ਨਾ ਕੀਤੀ ਤਾਂ ਬਠਿੰਡਾ ਤੋਂ ਇਲਾਵਾ ਹੋਰ ਥਾਵਾਂ ’ਤੇ ਬਹੁਤ ਸਾਰੀਆਂ ਪਾਰਕਿੰਗਾਂ ਹਨ ਅਤੇ ਜ਼ਰੂਰੀ ਨਹੀਂ ਕਿ ਲਾਸ਼ ਹਰ ਵਾਰ ਮਿਲ ਜਾਵੇ।
ਦੀਪ ਲੂਥਰਾ ਨੇ ਆਖਿਆ ਕਿ ਪਹਿਲਾਂ ਵੀ ਉਸ ਨੂੰ ਧਮਕੀ ਦਿੱਤੀ ਗਈ ਸੀ। ਕੁਝ ਮਹੀਨੇ ਪਹਿਲਾਂ ਉਸ ਨੂੰ ਇੱਕ ਸਮਾਗਮ ਵਿਚ ਸੱਦ ਕੇ ਦੋਹਰੇ ਸ਼ਬਦਾਂ ਵਾਲੀਆਂ ਗੱਲਾਂ ਕਰਨ ਤੋਂ ਧਮਕਾਇਆ ਗਿਆ ਸੀ ਅਤੇ ਮਾਫੀ ਮੰਗਵਾਈ ਗਈ ਸੀ। ਉਸ ਦੀਆਂ ਕਈ ਵੀਡੀਓਜ਼ ਡਿਲੀਟ ਕਰ ਦਿੱਤੀਆਂ ਗਈਆਂ ਸਨ। ਉਸ ਨੇ ਆਖਿਆ ਕਿ ਜਿਨ੍ਹਾਂ ਦੋਹਰੇ ਸ਼ਬਦਾਂ ਵਾਲੀਆਂ ਵੀਡੀਓਜ਼ ’ਤੇ ਇਤਰਾਜ਼ ਕੀਤਾ ਗਿਆ ਸੀ, ਉਸ ਨੇ ਉਹ ਡਿਲੀਟ ਕਰ ਦਿੱਤੀਆਂ ਤੇ ਅੱਗੇ ਤੋਂ ਅਜਿਹੀਆਂ ਵੀਡੀਓਜ਼ ਬਣਾਉਣੀਆਂ ਬੰਦ ਕਰ ਦਿੱਤੀਆਂ ਹਨ। ਉਸ ਨੇ ਆਖਿਆ ਕਿ ਉਹ ਪਹਿਲਾਂ ਹੀ ਤਿੰਨ ਚਾਰ ਵਾਰ ਕੈਮਰੇ ਦੇ ਸਾਹਮਣੇ ਆਪਣੀ ਗਲਤੀ ਦੀ ਮੁਆਫੀ ਮੰਗ ਚੁੱਕੀ ਹੈ ਪਰ ਹੁਣ ਉਸ ਨੂੰ ਮੁੜ ਬਿਨਾਂ ਕਿਸੇ ਕਾਰਨ ਅਤੇ ਜਾਣ ਬੁੱਝ ਕੇ ਨਿਸ਼ਾਨਾ ਬਣਾਇਆ ਗਿਆ ਹੈ।
ਨਿਹੰਗ ਅੰਮ੍ਰਿਤਪਾਲ ਸਿੰਘ ਮਹਿਰੋਂ ਦੀ ਸੱਜਰੀ ਧਮਕੀ ਵਾਲੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰ ਡਰੇ ਹੋਏ ਹਨ। ਉਸ ਨੇ ਪੁਲੀਸ ਕਮਿਸ਼ਨਰ ਕੋਲੋਂ ਆਪਣੀ ਅਤੇ ਪਰਿਵਾਰ ਦੀ ਸੁਰੱਖਿਆ ਦੀ ਮੰਗ ਕੀਤੀ ਹੈ। ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਪੀੜਤ ਲੜਕੀ ਵੱਲੋਂ ਪੁਲੀਸ ਕੋਲ ਪਹੁੰਚ ਕਰਨ ਤੇ ਸੁਰੱਖਿਆ ਮੰਗੇ ਜਾਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਉਸ ਦੀ ਸੁਰੱਖਿਆ ਲਈ ਲੋੜੀਂਦੇ ਪ੍ਰਬੰਧ ਕੀਤੇ ਜਾਣਗੇ ਅਤੇ ਧਮਕੀ ਵਾਲੀ ਵੀਡੀਓ ਦੀ ਵੀ ਜਾਂਚ ਕੀਤੀ ਜਾ ਰਹੀ ਹੈ।