ਰਾਕੇਟ ਲਾਂਚਰ ਗ੍ਰੇਨੇਡ ਬਰਾਮਦਗੀ ਮਾਮਲੇ ’ਚ ਮੁਲਜ਼ਮ ਗ੍ਰਿਫ਼ਤਾਰ
ਪੁਲੀਸ ਅਨੁਸਾਰ ਉਹ ਮੁੱਖ ਸ਼ੱਕੀ ਹੈ ਜਿਸ ਦੇ ਸਰਹੱਦ ਪਾਰੋਂ ਆਰਪੀਜੀ, ਵਿਸਫੋਟਕ ਅਤੇ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ ਪਾਕਿਸਤਾਨ ਆਧਾਰਿਤ ਤਸਕਰਾਂ ਨਾਲ ਸਬੰਧ ਹਨ। ਪੁੱਛ ਪੜਤਾਲ ਦੌਰਾਨ ਉਸ ਦਾ ਨਾਂ ਸਾਹਮਣੇ ਆਇਆ ਹੈ। ਪੁਲੀਸ ਨੇ ਇਸ ਸਬੰਧੀ ਗੁਰੂ ਕੀ ਵਡਾਲੀ ਦੇ ਰਹਿਣ ਵਾਲੇ ਮਹਿਕਦੀਪ ਸਿੰਘ ਉਰਫ਼ ਮਹਿਕ ਅਤੇ ਬੱਗਾ ਛੀਨਾ ਪਿੰਡ ਦੇ ਆਦਿੱਤਿਆ ਉਰਫ਼ ਆਧੀ ਨੂੰ ਕਾਬੂ ਕੀਤਾ ਸੀ ਜਿਨ੍ਹਾਂ ਕੋਲੋਂ ਆਰਪੀਜੀ ਬਰਾਮਦ ਕੀਤਾ ਗਿਆ ਸੀ। ਮਹਿਕਦੀਪ ਅਤੇ ਆਦਿੱਤਿਆ ਨੂੰ ਮੰਗਲਵਾਰ ਸਵੇਰੇ ਅੰਮ੍ਰਿਤਸਰ ਦਿਹਾਤੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਆਰਪੀਜੀ-22 ਨੈਟੋ ਐਂਟੀ ਟੈਂਕ ਰਾਕੇਟ ਲਾਂਚਰ ਨਾਲ ਫੜਿਆ ਸੀ। ਉਹ ਅਗਾਂਹ ਹਥਿਆਰ ਪਹੁੰਚਾਉਣ ਜਾ ਰਹੇ ਸਨ। ਵੇਰਵਿਆਂ ਮੁਤਾਬਕ ਹਰਪ੍ਰੀਤ ਸਿੰਘ ਕੋਲੋਂ ਦੋ ਮੋਬਾਈਲ ਫ਼ੋਨ ਜ਼ਬਤ ਕਰਨ ਸਬੰਧੀ ਉਸ ਵਿਰੁੱਧ ਫਿਰੋਜ਼ਪੁਰ ਵਿੱਚ ਇੱਕ ਵੱਖਰੀ ਐੱਫਆਈਆਰ ਦਰਜ ਕੀਤੀ ਗਈ ਹੈ। ਇਨ੍ਹਾਂ ਫੋਨਾਂ ਰਾਹੀਂ ਉਹ ਆਪਣੇ ਪਾਕਿਸਤਾਨ ਆਧਾਰਿਤ ਹੈਂਡਲਰਾਂ ਨਾਲ ਸੰਪਰਕ ਕਰਦਾ ਸੀ। ਜਾਂਚ ਵਾਸਤੇ ਇਹ ਫ਼ੋਨ ਫੋਰੈਂਸਿਕ ਵਿਸ਼ਲੇਸ਼ਣ ਲਈ ਭੇਜੇ ਗਏ ਹਨ। ਜਾਂਚ ਅਧਿਕਾਰੀ ਨੇ ਖੁਲਾਸਾ ਕੀਤਾ ਕਿ ਦੋਵਾ ਫੋਨਾਂ ਦੀ ਸਕੈਨਿੰਗ ਤੋਂ ਬਾਅਦ ਹੋਰ ਗ੍ਰਿਫ਼ਤਾਰੀਆਂ ਹੋਣ ਦੀ ਸੰਭਾਵਨਾ ਹੈ।
ਫਿਰੋਜ਼ਪੁਰ ਜੇਲ੍ਹ ਵਿੱਚੋਂ ਉਸ ਦੇ ਕਬਜ਼ੇ ਵਿੱਚੋਂ ਇਹ ਸੈੱਲ ਫ਼ੋਨ ਜ਼ਬਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਉਸ ਦੇ ਪਾਕਿਸਤਾਨ ਸਥਿਤ ਆਈ ਐੱਸ ਆਈ ਨਾਲ ਜੁੜੇ ਹੈਂਡਲਰਾਂ ਨਾਲ ਸਿੱਧੇ ਸਬੰਧ ਹਨ। ਪੁਲੀਸ ਅਨੁਸਾਰ ਆਰਪੀਜੀ ਅਤਿਵਾਦੀ ਹਮਲਾ ਕਰਨ ਲਈ ਸੀ। ਪਾਕਿਸਤਾਨ ਤੋਂ ਪੰਜਾਬ ਵਿੱਚ ਰਾਕੇਟ-ਪ੍ਰੋਪੇਲਡ ਗ੍ਰੇਨੇੇਡ ਦੀ ਤਸਕਰੀ ਨੇ ਸੁਰੱਖਿਆ ਏਜੰਸੀਆ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ ਕਿਉਂਕਿ ਅਜਿਹੇ ਹਥਿਆਰਾਂ ਦੀ ਵਰਤੋਂ ਪੁਲੀਸ ਅਤੇ ਰਾਜ ਵਿੱਚ ਹੋਰ ਸੰਵੇਦਨਸ਼ੀਲ ਅਦਾਰਿਆਂ ਵਿਰੁੱਧ ਨਿਸ਼ਾਨਾ ਬਣਾ ਕੇ ਹਮਲਿਆਂ ਵਿੱਚ ਕੀਤੀ ਜਾ ਰਹੀ ਹੈ। ਕੁਝ ਅਧਿਕਾਰੀਆਂ ਅਨੁਸਾਰ ਅਜਿਹੇ ਹਥਿਆਰ ਡਰੋਨ ਜਾਂ ਲੁਕਵੇਂ ਜ਼ਮੀਨੀ ਰੂਟਾਂ ਦੀ ਵਰਤੋਂ ਕਰਕੇ ਸਰਹੱਦ ਪਾਰ ਭੇਜੇ ਜਾ ਰਹੇ ਹਨ ਤਾਂ ਜੋ ਇਸ ਖੇਤਰ ਵਿੱਚ ਮੁੜ ਤੋਂ ਅਸਥਿਰਤਾ ਪੈਦਾ ਕੀਤੀ ਜਾ ਸਕੇ।
