Accident: ਅੰਮ੍ਰਿਤਸਰ-ਤਰਨਤਾਰਨ ਸੜਕ ’ਤੇ ਕਾਰ ਤੇ ਆਟੋ-ਰਿਕਸ਼ਾ ਵਿਚਾਲੇ ਟੱਕਰ, ਚਾਰ ਹਲਾਕ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 3 ਜੁਲਾਈ
ਤਰਨ ਤਾਰਨ ਰੋਡ ’ਤੇ ਗੁਰਦੁਆਰਾ ਟਾਹਲਾ ਸਾਹਿਬ ਨੇੜੇ ਅੱਜ ਸ਼ਾਮ ਤੇਜ਼ ਰਫ਼ਤਾਰ ਕਾਰ ਦੇ ਆਟੋ-ਰਿਕਸ਼ਾ ਨਾਲ ਟਕਰਾਉਣ ਕਾਰਨ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਹਾਦਸੇ ’ਚ ਤਿੰਨ ਹੋਰ ਵਿਅਕਤੀ ਗੰਭੀਰ ਜ਼ਖ਼ਮੀ ਹੋਏ ਹਨ। ਕੁਝ ਸੂਤਰ ਮ੍ਰਿਤਕਾਂ ਦੀ ਗਿਣਤੀ 6 ਦੱਸ ਰਹੇ ਹਨ। ਮੁੱਢਲੀ ਜਾਣਕਾਰੀ ਅਨੁਸਾਰ ਹਾਦਸਾ ਵਾਪਰਨ ਵੇਲੇ ਆਟੋ-ਰਿਕਸ਼ਾ ਲੋਕਾਂ ਨਾਲ ਭਰਿਆ ਹੋਇਆ ਸੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਆਟੋ-ਰਿਕਸ਼ਾ ’ਚ ਸਵਾਰ ਚਾਰ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ’ਚ ਜ਼ਖ਼ਮੀ ਹੋਏ ਵਿਅਕਤੀਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਚਸ਼ਮਦੀਦਾਂ ਅਤੇ ਮੁੱਢਲੀ ਜਾਂਚ ਤੋਂ ਪਤਾ ਲਗਾ ਹੈ ਕਿ ਕਾਰ ਸੜਕ ਦੇ ਗਲਤ ਪਾਸੇ ਤੇਜ਼ ਰਫ਼ਤਾਰ ਨਾਲ ਜਾ ਰਹੀ ਸੀ ਅਤੇ ਉਹ ਸਾਹਮਣਿਉਂ ਆ ਰਹੇ ਆਟੋ-ਰਿਕਸ਼ਾ ਨਾਲ ਟਕਰਾ ਗਈ। ਕੁਝ ਸਥਾਨਕ ਲੋਕਾਂ ਨੇ ਦਾਅਵਾ ਕੀਤਾ ਕਿ ਕਾਰ ਚਾਲਕ ਸ਼ਰਾਬ ਦੇ ਨਸ਼ੇ ਵਿੱਚ ਸੀ। ਟੱਕਰ ਕਾਰਨ ਆਟੋ-ਰਿਕਸ਼ਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਹਾਦਸੇ ਵਾਲੀ ਥਾਂ ’ਤੇ ਹਫ਼ੜਾ-ਦਫ਼ੜੀ ਮਚ ਗਈ। ਘਟਨਾ ਦੀ ਸੂਚਨਾ ਮਿਲਣ ਤੋਂ ਥੋੜ੍ਹੀ ਦੇਰ ਬਾਅਦ ਚਾਟੀਵਿੰਡ ਪੁਲੀਸ ਮੌਕੇ ’ਤੇ ਪਹੁੰਚੀ ਅਤੇ ਪ੍ਰਭਾਵਿਤ ਖੇਤਰ ਦੀ ਨਾਕੇਬੰਦੀ ਕਰ ਦਿੱਤੀ। ਪੁਲੀਸ ਅਧਿਕਾਰੀ ਮ੍ਰਿਤਕਾਂ ਦੀ ਪਛਾਣ ’ਚ ਜੁਟੇ ਹੋਏ ਹਨ।
ਇਹ ਪਤਾ ਲੱਗਿਆ ਹੈ ਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਰੁਕਣ ਤੋਂ ਪਹਿਲਾਂ ਆਟੋ ਨੂੰ ਸੜਕ ਤੋਂ ਕਰੀਬ 10 ਫੁੱਟ ਦੂਰ ਘੜੀਸ ਕੇ ਲੈ ਗਈ।
ਮ੍ਰਿਤਕਾਂ ਦੀ ਪਛਾਣ ਆਟੋ ਚਾਲਕ ਲਾਭ ਸਿੰਘ, ਦਵਿੰਦਰ ਨਗਰ ਦੀ ਬਲਜਿੰਦਰ ਕੌਰ ਅਤੇ ਹਰਭਜਨ ਸਿੰਘ ਵਜੋਂ ਹੋਈ ਹੈ। ਇਸ ਤੋਂ ਇਲਾਵਾ ਇੱਕ ਹੋਰ ਯਾਤਰੀ ਨੇ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ।