ਏਸ਼ੀਆ ਕੱਪ ਜਿੱਤਣ ਮਗਰੋਂ ਅਭਿਸ਼ੇਕ ਸ਼ਰਮਾ ਦੇ ਘਰ ਖੁਸ਼ੀ ਦਾ ਮਾਹੌਲ
ਅਭਿਸ਼ੇਕ ਸ਼ਰਮਾ ਦੇ ਪਿਤਾ ਰਾਜ ਕੁਮਾਰ ਸ਼ਰਮਾ, ਉਸ ਦੀ ਮਾਂ, ਭੈਣਾਂ ਸਾਰੇ ਹੀ ਇਸ ਜਿੱਤ ’ਤੇ ਬਹੁਤ ਖੁਸ਼ ਹਨ। ਉਸ ਦੀ ਭੈਣ ਕੋਮਲ ਸ਼ਰਮਾ ਦਾ ਅਗਲੇ ਕੁਝ ਦਿਨਾਂ ਵਿੱਚ ਵਿਆਹ ਹੈ ਤੇ ਲੁਧਿਆਣਾ ’ਚ ਸ਼ਗਨ ਦਾ ਸਮਾਗਮ ਹੈ। ਉਸ ਨੇ ਮੀਡੀਆ ਨੂੰ ਦੱਸਿਆ ਕਿ ਭਾਰਤ ਦੀ ਜਿੱਤ ਉਸ ਦੇ ਭਰਾ ਵੱਲੋਂ ਉਸ ਦੇ ਵਿਆਹ ਦਾ ਵੱਡਾ ਤੋਹਫ਼ਾ ਹੈ। ਉਸ ਨੇ ਦੱਸਿਆ ਕਿ ਅਭਿਸ਼ੇਕ ਨੂੰ ਘਰੋਂ ਜਾਣ ਸਮੇਂ ਆਖਿਆ ਸੀ ਕਿ ਜੇ ਉਹ ਏਸ਼ੀਆ ਕੱਪ ਵਿੱਚ ਜਿੱਤ ਹਾਸਲ ਕਰਕੇ ਟਰਾਫੀ ਲਿਆਉਂਦਾ ਹੈ ਤਾਂ ਇਹ ਉਸ ਲਈ ਵੱਡਾ ਤੋਹਫਾ ਹੋਵੇਗਾ ਤੇ ਉਸ ਦੇ ਭਰਾ ਨੇ ਆਪਣੇ ਵਾਅਦੇ ਨੂੰ ਸੱਚ ਕਰ ਦਿਖਾਇਆ ਹੈ। ਉਸ ਨੇ ਦੱਸਿਆ ਕਿ ਉਸ ਨੂੰ ਵੱਡੇ ਪੱਧਰ ’ਤੇ ਵਧਾਈਆਂ ਮਿਲੀਆਂ ਹਨ।
ਅਭਿਸ਼ੇਕ ਦੇ ਪਿਤਾ ਰਾਜਕੁਮਾਰ ਨੇ ਦੱਸਿਆ ਕਿ ਏਸ਼ੀਆ ਕੱਪ ਖੇਡਣ ਲਈ ਜਾਣ ਤੋਂ ਪਹਿਲਾਂ ਉਹ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋ ਕੇ ਗਿਆ ਸੀ, ਉਸ ਨੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਵੀ ਕੀਤਾ ਅਤੇ ਗੁਰਦੁਆਰਾ ਬਾਬਾ ਦੀਪ ਸਿੰਘ ਸ਼ਹੀਦ ਵਿਖੇ ਵੀ ਮੱਥਾ ਟੇਕ ਕੇ ਗਿਆ ਸੀ। ਉਨ੍ਹਾਂ ਕਿਹਾ ਕਿ ਏਸ਼ੀਆ ਕੱਪ ਵਿੱਚ ਉਸ ਦੀ ਕਾਰਗੁਜ਼ਾਰੀ ਨੇ ਦੇਸ਼ ਹੀ ਨਹੀਂ ਸਗੋਂ ਸਮੁੱਚੇ ਸੰਸਾਰ ਵਿੱਚ ਉਸ ਨੂੰ ਹਰਮਨ ਪਿਆਰਾ ਬਣਾ ਦਿੱਤਾ ਹੈ।
ਗੁਰਜੀਤ ਔਜਲਾ ਨੇ ਪਰਿਵਾਰ ਨੂੰ ਦਿੱਤੀ ਵਧਾਈ
ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਪਰਿਵਾਰ ਨਾਲ ਖੁਸ਼ੀ ਸਾਂਝੀ ਕਰਦਿਆਂ ਅਭਿਸ਼ੇਕ ਦੀ ਭੈਣ ਨੂੰ ਉਸ ਦੇ ਵਿਆਹ ਅਤੇ ਭਾਰਤ ਦੀ ਜਿੱਤ ਦੀ ਵਧਾਈ ਦਿੱਤੀ। ਉਨ੍ਹਾਂ ਪਰਿਵਾਰ ਨਾਲ ਬੈਠ ਕੇ ਮੂੰਹ ਮਿੱਠਾ ਵੀ ਕੀਤਾ। ਸ੍ਰੀ ਔਜਲਾ ਨੇ ਕਿਹਾ ਕਿ ਅਭਿਸ਼ੇਕ ਅੰਮ੍ਰਿਤਸਰ ਦਾ ਮਾਣ ਹੈ ਤੇ ਉਸ ਨੇ ਆਪਣੇ ਪਰਿਵਾਰ ਦੀ ਸਾਲਾਂ ਦੀ ਮਿਹਨਤ ਨੂੰ ਸਫਲ ਕਰ ਦਿਖਾਇਆ ਹੈ। ਉਨ੍ਹਾਂ ਦੱਸਿਆ ਕਿ 2021 ਵਿੱਚ ਉਨ੍ਹਾਂ ਸੰਸਦ ਵਿੱਚ ਅੰਮ੍ਰਿਤਸਰ ਵਿੱਚ ਕੌਮਾਂਤਰੀ ਕ੍ਰਿਕਟ ਸਟੇਡੀਅਮ ਬਣਾਉਣ ਦੀ ਮੰਗ ਰੱਖੀ ਸੀ ਤੇ ਉਸ ਵੇਲੇ ਅੰਮ੍ਰਿਤਸਰ ਦੇ ਕ੍ਰਿਕਟ ਖਿਡਾਰੀਆਂ ਸਬੰਧੀ ਇਤਿਹਾਸ ਵੀ ਦੱਸਿਆ ਸੀ। ਉਨ੍ਹਾਂ ਕਿਹਾ ਕਿ ਇਸੇ ਇਤਿਹਾਸ ਵਿੱਚ ਹੁਣ ਅਭਿਸ਼ੇਕ ਸ਼ਰਮਾ ਦਾ ਨਾਂ ਵੀ ਜੁੜ ਗਿਆ ਹੈ।