ਅਬਦੁਲ ਹਮੀਦ ਦਾ ਪਰਿਵਾਰ ਦਰਬਾਰ ਸਾਹਿਬ ਨਤਮਸਤਕ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 8 ਸਤੰਬਰ
ਭਾਰਤ-ਪਾਕਿ ਦਰਮਿਆਨ 1965 ਦੀ ਜੰਗ ਦੇ ਹੀਰੋ ਅਬਦੁਲ ਹਮੀਦ ਦੇ ਪਰਿਵਾਰਕ ਮੈਂਬਰਾਂ ਨੇ ਅੱਜ ਇੱਥੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਦੇਸ਼ ਵਿੱਚ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਦੀ ਅਰਦਾਸ ਕੀਤੀ। ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਉਨ੍ਹਾਂ ਦੇ ਜੱਦੀ ਪਿੰਡ ਹਮੀਦਧਾਮ ਧਾਮੂਪੁਰ, ਉੱਤਰ ਪ੍ਰਦੇਸ਼ ਤੋਂ ਇਥੇ ਆਏ ਹਨ ਜੋ ਭਲਕੇ 9 ਸਤੰਬਰ ਨੂੰ ਆਸਲ ਉਤਾੜ ਵਿਚ ਅਬਦੁਲ ਹਮੀਦ ਦੀ ਸਮਾਧ ’ਤੇ ਚਾਦਰ ਚੜ੍ਹਾਉਣਗੇ ਅਤੇ ਸ਼ਰਧਾਂਜਲੀ ਦੇਣਗੇ। ਸ਼ਹੀਦ ਅਬਦੁਲ ਹਮੀਦ ਦੇ ਪੋਤੇ ਜਮੀਲ ਆਲਮ ਸਮੇਤ ਪਰਿਵਾਰਕ ਮੈਂਬਰਾਂ ਨੇ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਪਰਿਵਾਰ ਦੇ ਮੈਂਬਰ ਜੱਲ੍ਹਿਆਂਵਾਲਾ ਬਾਗ ਗਏ ਜਿੱਥੇ ਉਨ੍ਹਾਂ ਨੇ ਸ਼ਹੀਦਾਂ ਨੂੰ ਨਮਨ ਕੀਤਾ। ਸ਼ਾਮ ਵੇਲੇ ਉਨ੍ਹਾਂ ਅਟਾਰੀ ਸਰਹੱਦ ’ਤੇ ਝੰਡਾ ਉਤਾਰਨ ਦੀ ਰਸਮ ਦੇਖੀ। ਉਹ ਅੱਜ ਇੱਥੇ ਜਾਮਾ ਮਸਜਿਦ ਵੀ ਗਏ। ਸ੍ਰੀ ਜਮੀਲ ਨੇ ਦੱਸਿਆ ਕਿ ਭਲਕੇ ਅਬਦੁਲ ਹਮੀਦ ਦਾ 58ਵਾਂ ਸ਼ਹੀਦੀ ਦਿਵਸ ਮਨਾਇਆ ਜਾਵੇਗਾ। ਪਰਿਵਾਰ ਵੱਲੋਂ ਅਬਦੁਲ ਹਮੀਦ ਦਾ ਸ਼ਹੀਦੀ ਦਿਵਸ 1999 ਤੋਂ ਉੱਤਰ ਪ੍ਰਦੇਸ਼ ਵਿਚ ਉਨ੍ਹਾਂ ਦੇ ਜੱਦੀ ਪਿੰਡ ਹਮੀਦਧਾਮ ਧਾਮੂਪੁਰ, ਜ਼ਿਲ੍ਹਾ ਗਾਜ਼ੀਪੁਰ ਵਿਚ ਹਰ ਸਾਲ ਜਦੋਂਕਿ ਭਾਰਤੀ ਫੌਜ ਵੱਲੋਂ ਆਸਲ ਉਤਾੜ ਵਿਚ ਵੀ ਹਰ ਵਰ੍ਹੇ ਮਨਾਇਆ ਜਾਂਦਾ ਹੈ। ਦੱਸਣਯੋਗ ਹੈ ਕਿ 1965 ਦੀ ਭਾਰਤ ਪਾਕਿ ਜੰਗ ਵੇਲੇ ਅਬਦੁਲ ਹਮੀਦ ਖੇਮਕਰਨ ਸੈਕਟਰ ਵਿੱਚ ਤਾਇਨਾਤ ਸਨ। ਉਦੋਂ ਪਾਕਿਸਤਾਨੀ ਫੌਜ ਭਾਰਤੀ ਖੇਤਰ ਵਿੱਚ ਦਾਖਲ ਹੋ ਗਈ ਸੀ, ਜਿਸ ਨੂੰ ਮੋੜਵਾਂ ਜਵਾਬ ਦੇਣ ਲਈ ਅਬਦੁਲ ਹਮੀਦ ਨੇ ਆਪਣੀ ਸ਼ਹਾਦਤ ਦਿੱਤੀ। ਉਨ੍ਹਾਂ ਅੱਠ ਪੈਟਨ ਟੈਂਕਾਂ ਨੂੰ ਤਬਾਹ ਕੀਤਾ ਸੀ।