ਰਈਆ ਰੇਲਵੇ ਫਾਟਕ ਨੇੜੇ ਸਭਰਾਉ ਬਰਾਂਚ ਨਹਿਰ ਵਿਚ ਵੱਡਾ ਪਾੜ ਪਿਆ
ਇੱਥੇ ਨੇੜਿਓਂ ਲੰਘਦੀ ਸਭਰਾਉ ਬਰਾਂਚ ਨਹਿਰ ਵਿਚ ਫਾਟਕ ਨਜ਼ਦੀਕ ਪਾੜ ਪੈਣ ਕਾਰਨ ਨੀਵੇਂ ਖੇਤਾਂ ਵਿਚ ਕਰੀਬ ਪੰਜ ਛੇ ਫੁੱਟ ਤੋ ਵੱਧ ਪਾਣੀ ਭਰ ਗਿਆ। ਜਿਸ ਨਾਲ ਤਿੰਨ ਪਿੰਡਾ ਦੇ ਕਿਸਾਨ ਦੀ ਫ਼ਸਲ ਪਾਣੀ ਵਿਚ ਪੂਰੀ ਤਰ੍ਹਾਂ ਡੁੱਬ ਗਈ ਅਤੇ ਪਾਣੀ ਰਈਆ ਨਾਥ ਦੀ ਖੂਹੀ ਨੂੰ ਜਾਂਦੀ ਸੜਕ ਨੂੰ ਪਾਰ ਕਰਕੇ ਦੂਸਰੇ ਪਾਸੇ ਖੇਤਾਂ ਵਿਚ ਪਹੁੰਚ ਗਿਆ।
ਇਸ ਦੌਰਾਨ ਪਿੰਡਾਂ ਵਾਸੀਆਂ ਵੱਲੋਂ ਪ੍ਰਸ਼ਾਸਨ ਦੀ ਸਹਾਇਤਾ ਨਾਲ ਪਾੜ ਪੂਰਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਮੌਕੇ ’ਤੇ ਪਹੁੰਚੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਵਿਚ ਪੈ ਰਹੀ ਲਗਾਤਾਰ ਬਰਸਾਤ ਕਾਰਨ ਨਹਿਰ ਵਿਚ ਪਾਣੀ ਦਾ ਪੱਧਰ ਵਧ ਗਿਆ ਹੈ। ਇਸ ਕਿਸਾਨਾਂ ਦੀਆ ਫ਼ਸਲਾਂ ਬੁਰੀ ਤਰ੍ਹਾਂ ਤਬਾਹ ਹੋ ਗਈਆਂ ਅਤੇ ਖੇਤਾਂ ਵਿਚ ਪੰਜ ਛੇ ਫੁੱਟ ਪਾਣੀ ਭਰ ਗਿਆ।
ਸਥਾਨਕ ਲੋਕਾਂ ਨੇ ਦੋਸ਼ ਲਾਇਆ ਕਿ ਨਹਿਰੀ ਕੰਢਾ ਖੁਰਨ ਸਬੰਧੀ ਕਈ ਵਾਰ ਨਹਿਰੀ ਵਿਭਾਗ ਨੂੰ ਸੂਚਿਤ ਵੀ ਕੀਤਾ ਗਿਆ ਸੀ ਪਰ ਉਨ੍ਹਾਂ ਕੋਈ ਧਿਆਨ ਨਾ ਦਿੱਤਾ ਜਿਸ ਕਾਰਨ ਅੱਜ ਕਿਸਾਨਾਂ ਦੀ ਸੈਂਕੜੇ ਏਕੜ ਫ਼ਸਲ ਬਰਬਾਦ ਹੋ ਗਈ ਹੈ।