ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪ੍ਰਕਾਸ਼ ਪੁਰਬ ਮਨਾਉਣ ਲਈ 2100 ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਪਹੁੰਚਿਆ

ਪਾਕਿਸਤਾਨ ਵਿੱਖੇ ਸਿੱਖ ਸ਼ਰਧਾਲੂਆਂ ਦਾ ਨਿੱਘਾ ਸਵਾਗਤ
ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਹੋਰ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਲਈ ਰਵਾਨਾ ਹੋਣ ਤੋਂ ਪਹਿਲਾਂ ਜੈਕਾਰਾ ਲਾਉਂਦੇ ਹੋਏ। ਫੋਟੋ: ਵਿਸ਼ਾਲ ਕੁਮਾਰ
Advertisement

ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਨਾਲ ਸਬੰਧਤ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ, ਲਗਭਗ 2,100 ਭਾਰਤੀ ਸਿੱਖ ਸ਼ਰਧਾਲੂ ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਪਹੁੰਚੇ ਹਨ।

ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (PSGPC) ਦੇ ਪ੍ਰਧਾਨ, ਸਰਦਾਰ ਰਮੇਸ਼ ਸਿੰਘ ਅਰੋੜਾ (ਜੋ ਕਿ ਪੰਜਾਬ ਦੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਵੀ ਹਨ), ਨੇ ਸ਼ਰਧਾਲੂਆਂ ਦਾ ਸਵਾਗਤ ਕੀਤਾ।

Advertisement

ਈਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ETPB) ਦੇ ਮੁਖੀ ਸਾਜਿਦ ਮਹਿਮੂਦ ਚੌਹਾਨ  ਅਤੇ ਵਧੀਕ ਸਕੱਤਰ ਸ਼੍ਰਾਈਨਜ਼ ਨਾਸਿਰ ਮੁਸ਼ਤਾਕ ਨੇ ਵੀ ਵਾਹਗਾ ਚੈੱਕ ਪੋਸਟ ’ਤੇ ਭਾਰਤੀ ਸ਼ਰਧਾਲੂਆਂ ਦਾ ਨਿੱਘਾ ਸਵਾਗਤ ਕੀਤਾ।

ਇਸ ਤੋਂ ਪਹਿਲਾਂ ਸਿੱਖ ਧਰਮ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਵਾਸਤੇ ਸਿੱਖ ਸ਼ਰਧਾਲੂਆਂ ਦਾ ਇੱਕ ਵੱਡਾ ਜੱਥਾ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰ ਤੋਂ ਪਾਕਿਸਤਾਨ ਸਥਿਤ ਗੁਰੂਧਾਮਾਂ ਦੀ ਯਾਤਰਾ ਵਾਸਤੇ ਰਵਾਨਾ ਹੋਇਆ ਸੀ। ਇਸ ਜੱਥੇ ਨਾਲ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੀ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਗਏ ਹਨ।

ਦੱਸ ਦੇਈਏ ਕਿ ਪਹਿਲਗਾਮ ਦਹਿਸ਼ਤੀ ਹਮਲੇ ਤੇ Operation Sindoor ਮਗਰੋਂ ਇਹ ਪਹਿਲਾ ਸਿੱਖ ਜਥਾ ਹੈ ਜਿਸ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ 5 ਨਵੰਬਰ ਨੂੰ ਹੈ। ਇਸ ਸਾਲ ਕੇਂਦਰ ਸਰਕਾਰ ਨੇ ਸਿਰਫ਼ ਭਾਰਤੀ ਨਾਗਰਿਕਾਂ ਨੂੰ ਹੀ ਜਥੇ ਦਾ ਹਿੱਸਾ ਬਣਨ ਦੀ ਇਜਾਜ਼ਤ ਦਿੱਤੀ ਹੈ। ਇਸ ਤੋਂ ਪਹਿਲਾਂ, ਗੈਰ-ਨਿਵਾਸੀ ਭਾਰਤੀਆਂ (ਐਨਆਰਆਈ) ਨੂੰ ਵੀ ਯਾਤਰਾ ਵਿੱਚ ਸ਼ਾਮਲ ਹੋਣ ਦੀ ਖੁੱਲ੍ਹ ਸੀ।

ਪ੍ਰਕਾਸ਼ ਪੁਰਬ ਲਈ ਰਵਾਨਾ ਹੋਣ ਮੌਕੇ ਜੈਕਾਰ ਲਾਉਂਦੇ ਹੋਏ ਸਿੱਖ ਜਥੇ ਵਿਚ ਸ਼ਾਮਲ ਯਾਤਰੀ। ਫੋਟੋ:ਵਿਸ਼ਾਲ ਕੁਮਾਰ

ਦੱਸਣ ਯੋਗ ਹੈ ਕਿ ਪਹਿਲਗਾਮ ਵਿੱਚ ਹੋਏ ਦਹਿਸ਼ਤੀ ਹਮਲੇ ਅਤੇ ਆਪਰੇਸ਼ਨ ਸਿੰਧੂਰ ਤੋਂ ਬਾਅਦ ਇਹ ਪਹਿਲਾ ਸਿੱਖ ਸ਼ਰਧਾਲੂਆਂ ਦਾ ਜੱਥਾ ਹੈ, ਜਿਸ ਨੂੰ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਜਾਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਹੁਣ ਤੱਕ ਅਟਾਰੀ-ਵਾਹਗਾ ਸਰਹੱਦ ਰਸਤੇ ਆਵਾਜਾਈ, ਵਪਾਰ ਅਤੇ ਹੋਰ ਗਤੀਵਿਧੀਆਂ ਬੰਦ ਸਨ।

ਲਗਪਗ 2000 ਤੋਂ ਵੱਧ ਸਿੱਖ ਸ਼ਰਧਾਲੂਆਂ ਦਾ ਇਹ ਜੱਥਾ ਅਟਾਰੀ ਵਾਹਗਾ ਸਰਹੱਦ ਰਸਤੇ ਸੜਕ ਮਾਰਗ ਰਾਹੀਂ ਭਾਰਤ ਤੋਂ ਪਾਕਿਸਤਾਨ ਪਹੁੰਚਿਆ। ਸਿੱਖ ਸ਼ਰਧਾਲੂਆਂ ਦੇ ਜੱਥੇ ਨੂੰ ਰਵਾਨਾ ਕਰਨ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਦਫਤਰ ਕੰਪਲੈਕਸ ਵਿਖੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ, ਮੈਂਬਰ ਫੁੱਮਣ ਸਿੰਘ, ਸਕੱਤਰ ਪ੍ਰਤਾਪ ਸਿੰਘ, ਬਲਵਿੰਦਰ ਸਿੰਘ ਕਾਹਲਵਾਂ ਨੇ ਜਥੇ ਦੇ ਲੀਡਰ ਅਤੇ ਹੋਰਨਾਂ ਨੂੰ ਸਿਰਪਾਓ ਦੇ ਕੇ ਜੈਕਾਰਿਆਂ ਦੀ ਗੂੰਜ ਵਿੱਚ ਰਵਾਨਾ ਕੀਤਾ ਗਿਆ ।

ਤਸਵੀਰ: ਵਿਸ਼ਾਲ ਕੁਮਾਰ

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਹੇਠ ਗਏ ਸਿੱਖ ਸ਼ਰਧਾਲੂਆਂ ਦੇ ਜੱਥੇ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਜਥਾ ਲੀਡਰ ਵਜੋਂ ਬੀਬੀ ਗੁਰਿੰਦਰ ਕੌਰ ਭੋਲੂਵਾਲਾ ਤੇ ਡਿਪਟੀ ਲੀਡਰ ਗੁਰਮੀਤ ਸਿੰਘ ਬੂਹ ਸ਼ਾਮਲ ਹਨ। ਬੁਲਾਰੇ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੀ ਅਗਵਾਈ ਹੇਠ ਲਗਪਗ 1796 ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਰਵਾਨਾ ਹੋਇਆ ਹੈ। ਸਿੱਖ ਸ਼ਰਧਾਲੂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਪ੍ਰਕਾਸ਼ ਪੁਰਬ ਮਨਾਉਣਗੇ ਤੇ ਉਸ ਤੋਂ ਬਾਅਦ ਵੱਖ-ਵੱਖ ਗੁਰੂਧਾਮਾਂ ਦੇ ਦਰਸ਼ਨ ਕਰਨ ਤੋਂ ਬਾਅਦ 13 ਨਵੰਬਰ ਨੂੰ ਭਾਰਤ ਵਾਪਸ ਪਰਤਣਗੇ।

ਪਾਕਿਸਤਾਨ ਰਵਾਨਾ ਹੋਣ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਮੀਡੀਆ ਨਾਲ ਗੱਲ ਕਰਦਿਆਂ ਸਮੁੱਚੀ ਸਿੱਖ ਕੌਮ ਅਤੇ ਨਾਨਕ ਨਾਮ ਲੇਵਾ ਸੰਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਹੈ ਅਤੇ ਗੁਰੂ ਸਾਹਿਬ ਵੱਲੋਂ ਦਿੱਤੇ ਉਪਦੇਸ਼ ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ ਨੂੰ ਜ਼ਿੰਦਗੀ ਵਿੱਚ ਅਪਣਾਉਣ ਅਤੇ ਗੁਰੂ ਸਾਹਿਬ ਵੱਲੋਂ ਦਰਸਾਏ ਮਾਰਗ ’ਤੇ ਚੱਲਣ ਦੀ ਪ੍ਰੇਰਨਾ ਕੀਤੀ।

ਉਨ੍ਹਾਂ ਉਮੀਦ ਪ੍ਰਗਟਾਈ ਕਿ ਜਿਵੇਂ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਸਿੱਖ ਸ਼ਰਧਾਲੂਆਂ ਦੇ ਜਥੇ ਨੂੰ ਪਾਕਿਸਤਾਨ ਸਥਿਤ ਗੁਰੂਧਾਮਾਂ ਦੀ ਯਾਤਰਾ ਵਾਸਤੇ ਪ੍ਰਵਾਨਗੀ ਦਿੱਤੀ ਗਈ ਹੈ। ਇਸੇ ਤਰ੍ਹਾਂ ਜਲਦੀ ਹੀ ਗੁਰਦੁਆਰਾ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਵੀ ਪ੍ਰਵਾਨਗੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਲਾਂਘਾ ਸਿਰਫ ਗੁਰਦੁਆਰੇ ਦਾ ਲਾਂਘਾ ਨਹੀਂ ਹੈ ਸਗੋਂ ਇਹ ਵੰਡ ਵੇਲੇ ਵਿਛੜੇ ਕਈ ਪਰਿਵਾਰਾਂ ਨੂੰ ਮਿਲਾਉਣ ਦਾ ਇੱਕ ਰਾਹ ਵੀ ਸਾਬਤ ਹੋਇਆ ਹੈ। ਇਸ ਦੌਰਾਨ ਸ਼੍ਰੋਮਣੀ ਕਮੇਟੀ ਤੋਂ ਇਲਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਸਿੱਖ ਸ਼ਰਧਾਲੂਆਂ ਦਾ ਜਥਾ ਅੱਜ ਇਸੇ ਜਥੇ ਦੇ ਨਾਲ ਪਾਕਿਸਤਾਨ ਰਵਾਨਾ ਹੋਵੇਗਾ।

Advertisement
Tags :
Faith JourneyGuru Nanak JayantiIndia Pakistan RelationsKartarpur SahibPakistan VisitPrakash Purabpunjab newsReligious TourismSikh CommunitySikh Pilgrimsਸਿੱਖ ਜਥਾ ਪਾਕਿਸਤਾਨ ਲਈ ਰਵਾਨਾਸਿੱਖ ਜਥਾ ਰਵਾਨਾਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜਗੁਰਪੁਰਬਪਾਕਿਤਸਾਨ ਸਥਿਤ ਗੁਰਧਾਮਾਂ ਦੀ ਯਾਤਰਾ
Show comments