ਹੜ੍ਹ ਪੀੜਤਾਂ ਦੀ ਮਦਦ ਲਈ ਹੜ੍ਹ ਰੀਲੀਫ਼ ਫੰਡ ਵਜੋਂ ਇੱਕ ਕਰੋੜ ਦਾ ਚੈੱਕ ਸੌਂਪਿਆ
ਸੰਸਥਾ ਵੱਲੋਂ ਦੋ ਕਰੋੜ ਰੁਪਏ ਇੱਕਠੇ ਕਰਕੇ ਦੇਣ ਦਾ ਐਲਾਨ
Advertisement
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿੱਥੇ ਸੰਸਥਾ ਰਾਹੀ ਹੜ੍ਹ ਪੀੜਤਾਂ ਦੀ ਮਦਦ ਕੀਤੀ ਜਾ ਰਹੀ ਹੈ, ਉੱਥੇ ਹੀ ਸੰਸਥਾ ਦੇ ਕਰਮਚਾਰੀਆਂ ਵੱਲੋਂ ਵੀ ਹੜ੍ਹ ਪੀੜਤਾਂ ਵਾਸਤੇ ਰਿਲੀਫ ਫੰਡ ਵਿੱਚ ਦੋ ਕਰੋੜ ਰੁਪਏ ਇਕੱਠੇ ਕਰਕੇ ਦੇਣ ਦਾ ਐਲਾਨ ਕੀਤਾ ਗਿਆ ਹੈ। ਜਿਸ ਵਿੱਚੋਂ ਇਕ ਕਰੋੜ ਰੁਪਏ ਦਾ ਚੈੱਕ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਸੌਂਪਿਆ ਗਿਆ ਹੈ।
ਇਸ ਸੰਬੰਧ ਵਿੱਚ ਇੱਕ ਪੱਤਰਕਾਰ ਸੰਮੇਲਨ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਦੱਸਿਆ ਕਿ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਵੱਲੋਂ ਹੜ੍ਹ ਰਿਲੀਫ ਫੰਡ ਸ਼ੁਰੂ ਕੀਤਾ ਗਿਆ ਹੈ ਤਾਂ ਜੋ ਪੰਜਾਬ ਦੇ ਹੜ੍ਹ ਪੀੜਿਤ ਲੋਕਾਂ ਨੂੰ ਵੱਧ ਤੋਂ ਵੱਧ ਰਾਹਤ ਅਤੇ ਮਦਦ ਪਹੁੰਚਾਈ ਜਾ ਸਕੇ। ਉਨ੍ਹਾਂ ਇਸ ਸੰਬੰਧ ਵਿੱਚ ਦੋ ਬੈਂਕ ਖਾਤਿਆਂ ਦੇ ਨੰਬਰ ਵੀ ਜਾਰੀ ਕੀਤੇ ਹਨ। ਇੱਕ ਬੈਂਕ ਖਾਤੇ ਵਿੱਚ ਵਿਦੇਸ਼ਾਂ ਤੋਂ ਭਾਈਚਾਰਾ ਰਿਲੀਫ ਫੰਡ ਵਿੱਚ ਮਦਦ ਭੇਜ ਸਕੇਗਾ ਜਦੋਂ ਕਿ ਦੂਜੇ ਬੈਂਕ ਖਾਤੇ ਵਿੱਚ ਆਰਾਮ ਨਾਗਰਿਕ ਮਦਦ ਭੇਜ ਸਕਣਗੇ।
ਉਨ੍ਹਾਂ ਆਖਿਆ ਕਿ ਮੌਜੂਦਾ ਸਥਿਤੀ ਵਿੱਚ ਸੂਬੇ ਦੀ ਸਰਕਾਰ ਆਪਣੀ ਬਣਦੀ ਜਿੰਮੇਵਾਰੀ ਪੂਰੀ ਤਰਾਂ ਨਹੀਂ ਨਿਭਾਅ ਸਕੀ। ਹੜ ਪੀੜਤ ਕਿਸਾਨਾਂ ਨੂੰ ਫਸਲਾਂ ਦੇ ਮੁਆਵਜੇ ਲਈ ਘੱਟੋ ਘੱਟ 50 ਹਜਾਰ ਰੁਪਏ ਪ੍ਰਤੀ ਏਕੜ ਮਦਦ ਦਿੱਤੀ ਜਾਣੀ ਚਾਹੀਦੀ ਹੈ।
ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਅਤੇ ਇਸ ਦੇ ਸਮੂਹ ਅਧਿਕਾਰੀ ਤੇ ਕਰਮਚਾਰੀ ਸੰਗਤ ਦੇ ਸਹਿਯੋਗ ਨਾਲ ਹੜ ਪੀੜਤਾਂ ਦੀ ਮਦਦ ਵਾਸਤੇ ਨਿਰੰਤਰ ਯਤਨਸ਼ੀਲ ਹਨ ਅਤੇ ਵੱਖ ਵੱਖ ਥਾਵਾਂ ਤੇ ਪ੍ਰਭਾਵਿਤ ਲੋਕਾਂ ਨੂੰ ਲੰਗਰ, ਦਵਾਈਆਂ ਅਤੇ ਹੋਰ ਲੋੜੀਂਦਾ ਸਮਾਨ ਦਿੱਤਾ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਲਈ ਸ੍ਰੀ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਅਤੇ ਹਸਪਤਾਲ ਦਾ ਅਮਲਾ ਜਿੱਥੇ ਹੜ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਦੀ ਮੈਡੀਕਲ ਚੈੱਕ ਅਪ ਅਤੇ ਮਦਦ ਕਰ ਰਿਹਾ ਹੈ, ਉੱਥੇ ਇਹ ਕਰਮਚਾਰੀ ਆਪਣੀ ਜੇਬ ਤੋਂ ਵੀ ਪ੍ਰਭਾਵਿਤ ਲੋਕਾਂ ਦੀ ਮਦਦ ਕਰ ਰਹੇ ਹਨ।
ਧਾਮੀ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਨੂੰ ਹੁਣ ਲੰਗਰ ਤੋਂ ਬਾਅਦ ਸੁੱਕੇ ਰਾਸ਼ਨ ,ਦਵਾਈਆਂ ਬੱਚਿਆਂ ਲਈ ਸੁੱਕੇ ਦੁੱਧ, ਮੱਛਰਦਾਨੀ, ਮੱਖੀ ਮੱਛਰ ਤੋਂ ਬਚਾਅ ਲਈ ਸਪਰੇਅ ਵਾਲੀਆਂ ਦਵਾਈਆਂ, ਮੁੜ ਵਸੇਬੇ ਲਈ ਲੋੜੀਦੀ ਹੋਰ ਮਦਦ ਦੀ ਵੱਡੀ ਲੋੜ ਹੈ। ਸ਼੍ਰੋਮਣੀ ਕਮੇਟੀ ਵੱਲੋਂ ਹੜਾਂ ਦਾ ਪਾਣੀ ਉਤਰਨ ਤੋਂ ਬਾਅਦ ਅਤੇ ਲੋਕਾਂ ਦੇ ਮੁੜ ਵਸੇਬੇ ਤੱਕ ਗੁਰੂ ਘਰ ਤੋਂ ਮਦਦ ਦਾ ਇਹ ਸਿਲਸਿਲਾ ਨਿਰੰਤਰ ਜਾਰੀ ਰੱਖਿਆ ਜਾਵੇਗਾ।
Advertisement
Advertisement