ਰਈਆ ਬਲਾਕ ਵਿਚ ਬੀਡੀਪੀਓ ਸਮੇਤ 12 ਵਿਚੋਂ 7 ਕਰਮਚਾਰੀ ਡਿਊਟੀ ਤੋਂ ਗੈਰਹਾਜ਼ਰ
ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਰਈਆ ਦੇ ਦਫ਼ਤਰ ਵਿਚ 11 ਵਜੇ ਤੱਕ ਬੀਡੀਪੀਓ ਰਈਆ ਸਮੇਤ 7 ਕਰਮਚਾਰੀ ਗੈਰ ਹਾਜ਼ਰ ਹਨ। ਕੁੱਲ 12 ਕਰਮਚਾਰੀਆਂ ਵਿਚੋਂ 5 ਕਰਮਚਾਰੀ ਹੀ ਸੁਪਰਡੈਂਟ ਦੇ ਹਾਜ਼ਰੀ ਰਜਿਸਟਰ ਵਿਚ ਹਾਜ਼ਰ ਸਨ। ਖ਼ਬਰ ਲਿਖੇ ਜਾਣ ਤੱਕ ਪੰਚਾਇਤੀ ਵਿਭਾਗ ਦੇ ਐੱਸਡੀਓ ਦਫ਼ਤਰ ਨੂੰ ਵੀ ਤਾਲਾ ਲੱਗਾ ਹੋਇਆ ਸੀ, ਜਿਸ ਕਾਰਨ ਪਿੰਡਾਂ ਤੋ ਕੰਮ ਕਰਵਾਉਣ ਆਏ ਲੋਕ ਖੱਜਲ ਖ਼ੁਆਰ ਹੋ ਰਹੇ ਹਨ।
ਲੋਕਾਂ ਦੀ ਸ਼ਿਕਾਇਤ ’ਤੇ ਪੱਤਰਕਾਰਾਂ ਦੀ ਇਕ ਟੀਮ ਅੱਜ ਕਰੀਬ 11 ਵਜੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਰਈਆ ਦੇ ਦਫ਼ਤਰ ਪੁੱਜੀ ਤਾਂ ਉਥੇ ਵੱਡੀ ਗਿਣਤੀ ਵਿਚ ਕਮਰਿਆਂ ਨੂੰ ਤਾਲੇ ਲੱਗੇ ਹੋਏ ਸਨ ਅਤੇ ਬੀਡੀਪੀਓ ਰਈਆ ਦੇ ਦਫ਼ਤਰ ਵਿਚ ਪੱਖਾ ਚੱਲ ਰਿਹਾ ਸੀ ਅਤੇ ਉੱਥੇ ਕੋਈ ਵੀ ਅਧਿਕਾਰੀ ਹਾਜ਼ਰ ਨਹੀਂ ਸੀ। ਦਫ਼ਤਰ ਦੇ ਸੁਪਰਡੈਂਟ ਮੇਜਰ ਸਿੰਘ ਨੂੰ ਮਿਲਣ ’ਤੇ ਉਨ੍ਹਾਂ ਦੱਸਿਆ ਕਿ ਦਫ਼ਤਰ ਵਿਚ ਬੀਡੀਪੀਓ ਸਮੇਤ ਕੁਲ 12 ਕਰਮਚਾਰੀ ਕੰਮ ਕਰਦੇ ਹਨ ਅਤੇ ਹੁਣ ਤੱਕ ਸਿਰਫ਼ 5 ਕਰਮਚਾਰੀ ਹੀ ਹਾਜ਼ਰ ਹਨ। ਉਨ੍ਹਾਂ ਕਿਹਾ ਬੀਡੀਪੀਓ ਸਬੰਧੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ।
ਇਸ ਪ੍ਰਤੀਨਿਧ ਵੱਲੋਂ ਬੀਡੀਪੀਓ ਸਰਬਜੀਤ ਸਿੰਘ ਨੂੰ ਟੈਲੀਫ਼ੋਨ ਕਰਕੇ ਇਸ ਸਬੰਧੀ ਪੁੱਛਣ ’ਤੇ ਉਨ੍ਹਾਂ ਦਾ ਫ਼ੋਨ ਵੁਆਇਸ ਮੇਲ ਵਿਚ ਜਾ ਰਿਹਾ ਸੀ। ਪੰਜਾਬ ਸਰਕਾਰ ਵੱਲੋਂ ਅਧਿਕਾਰੀਆਂ ਨੂੰ ਮੋਬਾਇਲ ਭੱਤਾ ਦਿੱਤਾ ਜਾਂਦਾ ਹੈ ਪਰ ਬੀਡੀਪੀਓ ਰਈਆ ਵੱਲੋਂ ਫ਼ੋਨ ਨਹੀਂ ਚੁੱਕਿਆ ਗਿਆ। ਇਸ ਸਬੰਧੀ ਸਬ ਡਿਵੀਜ਼ਨ ਬਾਬਾ ਬਕਾਲਾ ਦੇ ਐੱਸ ਡੀ ਐੱਮ ਅਮਨਦੀਪ ਸਿੰਘ ਨਾਲ ਫ਼ੋਨ ’ਤੇ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਬੀਡੀਪੀਓ ਰਈਆ ਕਿਸੇ ਮੀਟਿੰਗ ਵਿਚ ਹੋ ਸਕਦੇ ਹਨ। ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਲਵਿੰਦਰਜੀਤ ਸਿੰਘ ਨਾਲ ਦਫ਼ਤਰ ਦੀ ਗੈਰ ਹਾਜ਼ਰੀ ਸਬੰਧੀ ਫ਼ੋਟੋ ਅਤੇ ਵੀਡੀਉ ਭੇਜ ਕੇ ਪੱਖ ਜਾਣਨ ’ਤੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਏਡੀਸੀ (ਵਿਕਾਸ) ਨੂੰ ਆਖ ਦਿੱਤਾ ਗਿਆ ਹੈ।
