ਹੜ੍ਹ ਪੀੜਤ ਕਿਸਾਨਾਂ ਨੂੰ 50 ਮੱਝਾਂ ਦਿੱਤੀਆਂ
ਐਸੋਸੀਏਸ਼ਨ ਦੇ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਨੇ ਕਿਹਾ ਕਿ ਇਸ ਪੁਨਰਵਾਸ ਯੋਜਨਾ ਦਾ ਮਕਸਦ ਕਿਸਾਨਾਂ ਦੀ ਡੇਅਰੀ ਸਰਗਰਮੀ ਨੂੰ ਮੁੜ ਸ਼ੁਰੂ ਕਰਨਾ, ਉਨ੍ਹਾਂ ਨੂੰ ਆਰਥਿਕ ਮਜ਼ਬੂਤੀ ਦੇਣਾ ਤੇ ਲੰਬੇ ਸਮੇਂ ਲਈ ਸਹਾਇਤਾ ਪ੍ਰਦਾਨ ਕਰਨੀ ਹੈ। ਉਨ੍ਹਾਂ ਦੱਸਿਆ ਕਿ ਐਸੋਸੀਏਸ਼ਨ ਦੇ ਸਭ ਮੈਂਬਰਾਂ ਨੇ ਮਿਲ ਕੇ 1.9 ਕਰੋੜ ਰੁਪਏ ਦਾ ਰਾਹਤ ਫੰਡ ਤਿਆਰ ਕੀਤਾ ਹੈ। ਰਾਹਤ ਦੇ ਪਹਿਲੇ ਪੜਾਅ ਵਿੱਚ 55 ਲੱਖ ਰੁਪਏ ਦੀ ਲਾਗਤ ਨਾਲ ਚਾਰਾ, ਦਵਾਈਆਂ, ਖਾਦ, ਬੀਜ਼ ਤੇ ਹੋਰ ਜਰੂਰੀ ਸਮੱਗਰੀ ਦਿੱਤੀ ਗਈ ਸੀ। ਦੂਜੇ ਪੜਾਅ ਵਿੱਚ 51 ਲੱਖ ਰੁਪਏ ਦੀ ਲਾਗਤ ਨਾਲ ਖਰੀਦੀਆਂ ਗਈਆਂ ਇਹ ਮੱਝਾਂ ਸ਼ਨਿਚਰਵਾਰ ਨੂੰ ਚੁਣੇ ਗਏ ਲਾਭਪਾਤਰੀਆਂ ਨੂੰ ਸੌਂਪੀਆਂ ਗਈਆਂ। ਉਨ੍ਹਾਂ ਇਹ ਵੀ ਭਰੋਸਾ ਦਿਵਾਇਆ ਕਿ ਫੰਡ ਵਿੱਚ ਬਚੀ ਰਕਮ ਵੀ ਜਲਦੀ ਹੀ ਹੋਰ ਪੁਨਰਵਾਸ ਕੰਮਾਂ ’ਤੇ ਖਰਚ ਕੀਤੀ ਜਾਵੇਗੀ।
ਰਾਮਦਾਸ ਤੇ ਡੇਰਾ ਬਾਬਾ ਨਾਨਕ ਖੇਤਰ ਦੇ ਕਈ ਪਿੰਡਾਂ ਮਾਚੀਵਾਲਾ, ਘੋਣੇਵਾਲਾ, ਸਾਹਿਜ਼ਾਦਾ, ਕੋਟ ਗੁਰਬਕਸ਼, ਫਤਿਹਵਾਲ ਵੱਡਾ, ਮਹਮਦ ਮੰਦਰਵਾਲਾ, ਹਰੂਵਾਲ, ਸਦਾਵਾਲੀ, ਪੱਖੋਕੇ, ਚੰਦੂਨੰਗਲ, ਸਾਹਪੁਰ, ਖੋੜੇਬੇਟ, ਧਰਮਕੋਟ ਅਤੇ ਡਿਅਲ ਭੱਟੀ ਦੇ ਕਿਸਾਨਾਂ ਨੂੰ ਇਸ ਯੋਜਨਾ ਦਾ ਲਾਭ ਮਿਲਿਆ। ਲਾਭਪਾਤਰੀਆਂ ਨੇ ਇਸ ਮਦਦ ਲਈ ਐਸੋਸੀਏਸ਼ਨ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਨਾਲ ਉਨ੍ਹਾਂ ਦੀ ਡੇਅਰੀ ਐਕਟੀਵਿਟੀ ਮੁੜ ਪਟੜੀ `ਤੇ ਆ ਜਾਵੇਗੀ।
ਸਮਾਰੋਹ ਵਿੱਚ ਸਥਾਨਕ ਪੰਚਾਇਤ ਪ੍ਰਤੀਨਿਧੀਆਂ ਨੇ ਵੀ ਹਿੱਸਾ ਲਿਆ ਅਤੇ ਪਿੰਡਾਂ ਦੇ ਕਿਸਾਨਾਂ ਦੀ ਜੀਵਨ-ਜਾਂਚ ਮੁੜ ਸਥਾਪਨਾ ਲਈ ਕੀਤੇ ਇਸ ਯੋਗਦਾਨ ਲਈ ਐਸੋਸੀਏਸ਼ਨ ਦਾ ਸਨਮਾਨ ਕੀਤਾ। ਸਮਾਰੋਹ ਦੇ ਬਾਅਦ ਐਸੋਸੀਏਸ਼ਨ ਦੇ ਅਹੁਦੇਦਾਰ ਅਤੇ ਮੈਂਬਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਰਦਾਸ ਕਰਨ ਪਹੁੰਚੇ ਅਤੇ ਖੇਤਰ ਦੀ ਜਲਦ ਪੁਨਰਬਹਾਲੀ ਲਈ ਦੁਆ ਮੰਗੀ।
ਮੌਕੇ ’ਤੇ ਮੌਜੂਦ ਮੁੱਖ ਅਧਿਕਾਰੀਆਂ ਵਿੱਚ ਦਲਜੀਤ ਸਿੰਘ ਸਦਰਪੁਰਾ, ਰਣਜੀਤ ਸਿੰਘ ਲੰਗਿਆਣਾ, ਰੇਸ਼ਮ ਸਿੰਘ ਭੁੱਲਰ, ਸੁਖਜਿੰਦਰ ਸਿੰਘ ਘੁੰਮਣ, ਗੁਰਮੀਤ ਸਿੰਘ ਰੋਡੇ, ਡਾ. ਜੇ.ਐਸ ਭੱਟੀ, ਬਲਜਿੰਦਰ ਸਿੰਘ ਸਠਿਆਲਾ, ਮਨਜੀਤ ਸਿੰਘ ਮੋਹੀ, ਅਮਰਿੰਦਰ ਸਿੰਘ (ਜਲੰਧਰ), ਨਿਰਮਲ ਸਿੰਘ (ਬਠਿੰਡਾ), ਕਰਮਜੀਤ ਸਿੰਘ (ਮਲੇਰਕੋਟਲਾ), ਹਰਦੀਪ ਸਿੰਘ (ਹੁਸ਼ਿਆਰਪੁਰ), ਗੁਰਸ਼ਰਨ ਸਿੰਘ (ਤਰਨ ਤਾਰਨ), ਗੁਰਪ੍ਰੀਤ ਸਿੰਘ (ਤਰਨ ਤਾਰਨ), ਅਮਨਦੀਪ ਸਿੰਘ (ਅੰਮ੍ਰਿਤਸਰ), ਹਰਪ੍ਰੀਤ ਸਿੰਘ, ਅਮਨਦੀਪ ਸਿੰਘ ਅਤੇ ਹਰਪ੍ਰੀਤ ਸਿੰਘ ਸ਼ਾਮਲ ਸਨ।
