368 ਕਿਲੋ ਮਿਲਾਵਟੀ ਦੇਸੀ ਘਿਓ ਬਰਾਮਦ
ਸਿਹਤ ਵਿਭਾਗ ਨੇ ਪੁਲੀਸ ਦੀ ਮਦਦ ਨਾਲ ਇੱਕ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਨਕਲੀ ਅਤੇ ਘਟੀਆ ਕਿਸਮ ਦਾ ਮਿਲਾਵਟੀ ਦੇਸੀ ਘਿਓ ਤਿਆਰ ਕਰਨ ਵਾਲੀ ਇੱਕ ਫੈਕਟਰੀ ’ਚ ਛਾਪਾ ਮਾਰਿਆ ਹੈ, ਜਿੱਥੋਂ ਸਾਢੇ ਤਿੰਨ ਕੁਇੰਟਲ ਤੋਂ ਵੱਧ ਅਜਿਹਾ ਮਿਲਾਵਟੀ ਦੇਸੀ ਘਿਓ ਬਰਾਮਦ ਕੀਤਾ ਹੈ। ਇਸ ਤੋਂ ਇਲਾਵਾ ਤਿੰਨ ਕੁਇੰਟਲ ਤੋਂ ਵੱਧ ਵਨਸਪਤੀ ਘਿਓ ਅਤੇ ਰਿਫਾਈਡ ਆਇਲ ਬਰਾਮਦ ਕੀਤਾ ਹੈ। ਸਿਹਤ ਵਿਭਾਗ ਨੇ ਤਿਆਰ ਕੀਤੇ ਦੇਸੀ ਘਿਓ ਦੇ ਚਾਰ ਸੈਂਪਲ ਵੀ ਭਰੇ ਹਨ ਅਤੇ ਜਾਂਚ ਵਾਸਤੇ ਪ੍ਰਯੋਗਸ਼ਾਲਾ ਵਿੱਚ ਭੇਜੇ ਹਨ।
ਸਿਹਤ ਵਿਭਾਗ ਦੇ ਸਹਾਇਕ ਕਮਿਸ਼ਨਰ ਫੂਡ ਸੇਫਟੀ ਰਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਸੂਚਨਾ ਦੇ ਆਧਾਰ ’ਤੇ ਪੁਲੀਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਜਦੋਂ ਪਿੰਡ ਗਿਲਵਾਲੀ ਨੇੜੇ ਜੀਕੇ ਫੂਡ ਟ੍ਰੇਡਿੰਗ ਕੰਪਨੀ ਦੇ ਨਾਂ ’ਤੇ ਚੱਲ ਰਹੀ ਫੈਕਟਰੀ ’ਤੇ ਛਾਪਾ ਮਾਰਿਆ ਤਾਂ ਮਾਲਕ ਫਰਾਰ ਹੋ ਗਿਆ ਗਿਆ, ਜਦੋਂ ਕਿ ਇੱਕ ਕਰਮਚਾਰੀ ਨੂੰ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਫੈਕਟਰੀ ਵਿੱਚ ਤਿਆਰ ਕੀਤਾ ਹੋਇਆ 368 ਕਿਲੋ ਘਟੀਆ ਕਿਸਮ ਦਾ ਮਿਲਾਵਟੀ ਦੇਸੀ ਘਿਓ ਬਰਾਮਦ ਕੀਤਾ ਗਿਆ ਹੈ। ਇਸ ਤੋਂ ਇਲਾਵਾ 330 ਕਿਲੋ ਤੋਂ ਵੱਧ ਵਨਸਪਤੀ ਅਤੇ ਰਿਫਾਈਡ ਆਇਲ ਵੀ ਬਰਾਮਦ ਕੀਤਾ ਹੈ। ਇਥੋ ਪੰਜ ਕਿਲੋ ਦੇਸੀ ਘਿਓ ਫਲੇਵਰ ਵੀ ਬਰਾਮਦ ਕੀਤਾ ਹੈ, ਜੋ ਖੁਸ਼ਬੂ ਵਾਸਤੇ ਵਰਤਿਆ ਜਾ ਰਿਹਾ ਸੀ।
ਮਾਮਲੇ ਦੀ ਜਾਂਚ ਕਰ ਰਹੀ ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਸੂਚਨਾ ਤੇ ਪੁਲੀਸ ਵੱਲੋਂ ਇਥੇ ਸਾਂਝੀ ਕਾਰਵਾਈ ਕੀਤੀ ਗਈ ਹੈ ਅਤੇ ਤਿਆਰ ਕੀਤਾ ਮਿਲਾਵਟੀ ਦੇਸੀ ਘਿਓ ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕੇਸ ਦਰਜ ਕੀਤਾ ਹੈ ਅਤੇ ਇਸ ਮਾਮਲੇ ਵਿੱਚ ਅਗਲੇਰੀ ਜਾਂਚ ਤੇ ਕਾਰਵਾਈ ਜਾਰੀ ਹੈ।