ਰਣਜੀਤ ਸਾਗਰ ਡੈਮ ਤੋਂ ਅੱਜ 35,753 ਕਿਊਸਿਕ ਪਾਣੀ ਛੱਡਿਆ
ਅੱਜ ਮੁੜ ਉਸੇ ਜਗ੍ਹਾ ਜਿੱਥੇ ਆਰਜ਼ੀ ਬੰਨ੍ਹ ਬਣਾਇਆ ਗਿਆ ਸੀ, ਉੱਥੇ ਮਿੱਟੀ ਭਰੀਆਂ ਬੋਰੀਆਂ ਪਾਣੀ ਵਿੱਚ ਤੈਰਦੀਆਂ ਵੇਖੀਆਂ ਗਈਆਂ।
ਰਿਪੋਰਟਾਂ ਮੁਤਾਬਕ ਰਣਜੀਤ ਸਾਗਰ ਡੈਮ ਪ੍ਰਾਜੈਕਟ ਦਾ ਫਲੱਡ ਗੇਟ ਨੰਬਰ 4 ਸਵੇਰੇ 11:30 ਵਜੇ 1 ਮੀਟਰ ਖੋਲ੍ਹਿਆ ਗਿਆ। ਇਸ ਤੋਂ ਬਾਅਦ ਗੇਟ ਨੰਬਰ 3 ਅਤੇ 5 ਦੁਪਹਿਰ 1 ਵਜੇ ਇੱਕ-ਇੱਕ ਮੀਟਰ ਖੋਲ੍ਹੇ ਗਏ। ਡੈਮ ਦੀ ਝੀਲ ਅੰਦਰ ਪਾਣੀ ਦਾ ਪੱਧਰ ਦੁਪਹਿਰ ਤਿੰਨ ਵਜੇ 523.440 ਮੀਟਰ ਮਾਪਿਆ ਗਿਆ, ਜਦ ਕਿ ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਸਥਿਤ ਚਮੇਰਾ ਪਣ-ਬਿਜਲੀ ਪ੍ਰਾਜੈਕਟ ਤੋਂ ਇਸ ਸਮੇਂ ਝੀਲ ਵਿੱਚ ਸਿਰਫ਼ 918 ਕਿਊਸਿਕ ਪਾਣੀ ਦਾਖਲ ਹੋ ਰਿਹਾ ਹੈ।
ਰਣਜੀਤ ਸਾਗਰ ਡੈਮ ਵੀ ਇਸ ਸਮੇਂ ਚਾਰਾਂ ਯੂਨਿਟਾਂ ਤੋਂ ਪੂਰੀ ਸਮਰੱਥਾ ਨਾਲ 600 ਮੈਗਾਵਾਟ ਬਿਜਲੀ ਪੈਦਾ ਕਰ ਰਿਹਾ ਹੈ। ਡੈਮ ਅਧਿਕਾਰੀਆਂ ਮੁਤਾਬਕ ਪ੍ਰਾਜੈਕਟ ਦੇ ਤਿੰਨ ਫਲੱਡ ਗੇਟ ਅੱਜ ਖੋਲ੍ਹੇ ਗਏ। ਝੀਲ ਵਿੱਚੋਂ ਇਸ ਵੇਲੇ ਕੁੱਲ 35,754 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ, ਜਿਸ ਵਿੱਚ ਤਿੰਨ ਫਲੱਡ ਗੇਟਾਂ ਰਾਹੀਂ ਛੱਡਿਆ ਗਿਆ ਪਾਣੀ ਅਤੇ ਪ੍ਰਾਜੈਕਟ ਦੇ ਚਾਰ ਯੂਨਿਟਾਂ ਤੋਂ 600 ਮੈਗਾਵਾਟ ਬਿਜਲੀ ਪੈਦਾ ਕਰਨ ਤੋਂ ਬਾਅਦ ਪਾਣੀ ਸ਼ਾਮਲ ਹੈ। ਹਾਲਾਂਕਿ ਮੌਸਮ ਵਿਭਾਗ ਦੇ ਅਨੁਸਾਰ 5 ਤੋਂ 7 ਅਕਤੂਬਰ ਤੱਕ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।
ਪਠਾਨਕੋਟ ਦੇ ਡਿਪਟੀ ਕਮਿਸ਼ਨਰ ਆਦਿੱਤਿਆ ਉੱਪਲ ਨੇ ਵੀ ਲੋਕਾਂ ਨੂੰ ਦਰਿਆ ਦੇ ਕੰਢਿਆਂ ਦੇ ਨੇੜੇ ਜਾਣ ਤੋਂ ਬਚਣ ਦੀ ਅਪੀਲ ਕੀਤੀ ਹੈ। ਕੋਹਲੀਆਂ ਅੱਡਾ ਦੇ ਹੜ੍ਹ ਪ੍ਰਭਾਵਿਤ ਖੇਤਰ ਵਿੱਚ ਰਹਿਣ ਵਾਲੇ ਦੁਕਾਨਦਾਰਾਂ ਸਤਪਾਲ ਸਿੰਘ ਅਤੇ ਬਾਲ ਕ੍ਰਿਸ਼ਨ ਨੇ ਕਿਹਾ ਕਿ ਹੜ੍ਹ ਦੇ ਪਾਣੀ ਕਾਰਨ ਉਨ੍ਹਾਂ ਦਾ ਪਹਿਲਾਂ ਹੀ ਭਾਰੀ ਨੁਕਸਾਨ ਹੋ ਚੁੱਕਾ ਹੈ ਅਤੇ ਹੁਣ ਡੈਮ ਤੋਂ ਛੱਡਿਆ ਗਿਆ ਪਾਣੀ ਮੁੜ ਤੋਂ ਉਨ੍ਹਾਂ ਦੇ ਘਰਾਂ ਅਤੇ ਦੁਕਾਨਾਂ ਵਿੱਚ ਵਹਿਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਨੂੰ ਪਿਛਲੇ ਨੁਕਸਾਨ ਦਾ ਅਜੇ ਤੱਕ ਕੋਈ ਮੁਆਵਜ਼ਾ ਨਹੀਂ ਮਿਲਿਆ ਹੈ ਅਤੇ ਲੋਕ ਆਪਣੇ ਪੈਸੇ ਨਾਲ ਆਪਣੇ ਨੁਕਸਾਨ ਦੀ ਭਰਪਾਈ ਕਰ ਰਹੇ ਹਨ। ਉਨ੍ਹਾਂ ਖਦਸ਼ਾ ਪ੍ਰਗਟ ਕੀਤਾ ਕਿ ਪਠਾਨਕੋਟ ਸਰਹੱਦੀ ਖੇਤਰ ਦੇ ਬਾਕੀ ਹਿੱਸੇ ਹੜ੍ਹ ਦੇ ਪਾਣੀ ਨਾਲ ਪੂਰੀ ਤਰ੍ਹਾਂ ਤਬਾਹ ਹੋ ਜਾਣਗੇ। ਰੇਤਾ ਦੀਆਂ ਬੋਰੀਆਂ ਵਾਲੇ ਆਰਜ਼ੀ ਬੰਨ੍ਹ ਵੀ ਭਾਰੀ ਪਾਣੀ ਕਾਰਨ ਢਹਿਣੇ ਸ਼ੁਰੂ ਹੋ ਗਏ ਹਨ।