ਤੋਰੀਏ ਦੀ ਸਫਲ ਕਾਸ਼ਤ ਲਈ ਕੁਝ ਨੁਕਤੇ
ਅੱਜ ਦੇ ਸਮੇਂ ਦੀ ਲੋੜ ਹੈ ਕਿ ਕਣਕ-ਝੋਨੇ ਦੇ ਫ਼ਸਲੀ ਚੱਕਰ ਹੇਠੋਂ ਕੁਝ ਰਕਬਾ ਘਟਾ ਕੇ ਹੋਰ ਫ਼ਸਲੀ ਚੱਕਰਾਂ ਹੇਠ ਵਧਾਇਆ ਜਾਵੇ ਤਾਂ ਜੋ ਕਿਸਾਨ ਦੀ ਆਮਦਨ ਵਿੱਚ ਵਾਧਾ ਹੋਵੇ ਅਤੇ ਵਾਤਾਵਰਨ ਸਬੰਧੀ ਸਮੱਸਿਆਵਾਂ ਦਾ ਵੀ ਹੱਲ ਹੋਵੇ। ਇਸੇ ਤਰ੍ਹਾਂ ਤੋਰੀਆ ਹਾੜੀ ਰੁੱਤੇ ਬੀਜੀਆਂ ਜਾਣ ਵਾਲੀਆਂ ਤੇਲਬੀਜ ਫ਼ਸਲਾਂ ਵਿੱਚੋਂ ਇੱਕ ਲਾਹੇਵੰਦ ਫ਼ਸਲ ਹੈ ਜੋ ਕਿ ਫ਼ਸਲੀ ਵਿਭਿੰਨਤਾ ਵਿੱਚ ਅਹਿਮ ਯੋਗਦਾਨ ਪਾ ਸਕਦੀ ਹੈ। ਇਸ ਨੂੰ ਪਸ਼ੂਆਂ ਦੀ ਫੀਡ, ਭੋਜਨ ਅਤੇ ਚਾਰੇ ਤੋਂ ਇਲਾਵਾਂ ਤੇਲ ਅਤੇ ਖਾਦ ਵਜੋਂ ਵਰਤਿਆ ਜਾਂਦਾ ਹੈ। ਤੋਰੀਏ ਦੀ ਫ਼ਸਲ ਤੋਂ ਵਧੇਰੇ ਝਾੜ ਲੈਣ ਲਈ ਕਿਸਾਨਾਂ ਨੂੰ ਹੇਠ ਲਿਖੀਆਂ ਖੇਤੀ ਵਿਗਿਆਨਕ ਵਿਧੀਆਂ ਅਪਣਾਉਣੀਆਂ ਚਾਹੀਦੀਆਂ ਹਨ।
ਜ਼ਮੀਨ ਦੀ ਚੋਣ ਅਤੇ ਖੇਤ ਦੀ ਤਿਆਰੀ: ਤੋਰੀਏ ਦੀ ਭਰਪੂਰ ਫ਼ਸਲ ਲੈਣ ਲਈ ਚੰਗੇ ਜਲ ਨਿਕਾਸ ਵਾਲੀ, ਹਲਕੀ ਮੈਰਾ ਅਤੇ ਦਰਮਿਆਨੀ ਤੋਂ ਭਾਰੀ ਜ਼ਮੀਨ ਬਹੁਤ ਅਨੁਕੂਲ ਹੈ। ਫ਼ਸਲ ਦੀ ਵਧੀਆ ਉਪਜ ਲਈ ਖੇਤ ਦੀ ਤਿਆਰੀ ਕਰਨੀ ਬਹੁਤ ਜ਼ਰੂਰੀ ਹੈ। ਖੇਤ ਨੂੰ 2 ਤੋਂ 4 ਵਾਰ ਵਾਹੋ ਅਤੇ ਹਰ ਵਾਹੀ ਬਾਅਦ ਸੁਹਾਗਾ ਜ਼ਰੂਰ ਫੇਰੋ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕਿਸਮਾਂ ਟੀ ਐੱਲ 17 (90 ਦਿਨ ਵਿੱਚ ਪੱਕਣ ਲਈ ਅਤੇ ਔਸਤਨ ਝਾੜ 5.2 ਕੁਇੰਟਲ ਪ੍ਰਤੀ ਏਕੜ) ਅਤੇ ਟੀ ਐੱਲ 15 (88 ਦਿਨ ਵਿੱਚ ਪੱਕਣ ਲਈ ਅਤੇ ਔਸਤਨ ਝਾੜ 4.5 ਕੁਇੰਟਲ ਪ੍ਰਤੀ ਏਕੜ) ਦੀ ਵਰਤੋਂ ਕਰੋ।
ਬਿਜਾਈ ਦਾ ਸਮਾਂ, ਬੀਜ ਦੀ ਮਾਤਰਾ ਅਤੇ ਬਿਜਾਈ ਦਾ ਢੰਗ: ਪੂਰਾ ਝਾੜ ਲੈਣ ਲਈ ਤੋਰੀਏ ਦੀ ਬਿਜਾਈ 1-30 ਸਤੰਬਰ ਤੱਕ ਕੀਤੀ ਜਾ ਸਕਦੀ ਹੈ। ਫ਼ਸਲ ਦੇ ਵਧੀਆਂ ਜੰਮ ਲਈ 1.5 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ। ਜੇਕਰ ਖੇਤ ਵਿੱਚ ਨਮੀ ਘੱਟ ਹੋਵੇ ਤਾਂ ਬਿਜਾਈ ਤੋਂ ਇੱਕ ਰਾਤ ਪਹਿਲਾਂ ਬੀਜ ਨੂੰ ਗਿੱਲੀ ਮਿੱਟੀ ਵਿੱਚ ਮਿਲਾ ਕੇ ਰੱਖੋ। ਤੋਰੀਏ ਦੀ ਬਿਜਾਈ ਲਈ ਕਤਾਰ ਤੋਂ ਕਤਾਰ ਦਾ ਫਾਸਲਾ 30 ਸੈਂਟੀਮੀਟਰ ਰੱਖੋ ਅਤੇ ਬੀਜ ਦੀ ਡੂੰਘਾਈ 4-5 ਸੈਂਟੀਮੀਟਰ ਰੱਖੋ। ਬੀਜ ਦੀ ਖੇਤ ਵਿੱਚ ਇਕਸਾਰ ਅਤੇ ਸਹੀ ਵੰਡ ਲਈ ਤੋਰੀਏ ਦੀ ਬਿਜਾਈ ਤੇਲਬੀਜ ਡਰਿੱਲ ਨਾਲ ਵੀ ਕੀਤੀ ਜਾ ਸਕਦੀ ਹੈ। ਬਿਜਾਈ ਤੋਂ 3 ਹਫ਼ਤੇ ਬਾਅਦ ਫ਼ਸਲ ਨੂੰ ਵਿਰਲਾ ਕਰੋ ਤਾਂ ਜੋ ਬੂਟੇ ਤੋਂ ਬੂਟੇ ਵਿਚਕਾਰ ਸਿਫਾਰਸ਼ ਕੀਤਾ ਫਾਸਲਾ 10-15 ਸੈਂਟੀਮੀਟਰ ਰੱਖਿਆ ਜਾ ਸਕੇ।
ਖਾਦ-ਖੁਰਾਕ, ਪਾਣੀ ਅਤੇ ਨਦੀਨ ਪ੍ਰਬੰਧਨ: ਖੇਤੀ ਲਾਗਤਾਂ ਘਟਾਉਣ ਲਈ ਖਾਦਾਂ ਦੀ ਵਰਤੋਂ ਮਿੱਟੀ ਪਰਖ ਦੀ ਰਿਪੋਰਟ ਅਨੁਸਾਰ ਕਰੋ। ਜੇਕਰ ਮਿੱਟੀ ਦੀ ਪਰਖ ਨਹੀਂ ਕਰਵਾਈ ਤਾਂ ਦਰਮਿਆਨੀ ਉਪਜਾਊ ਸ਼ਕਤੀ ਵਾਲੀ ਜ਼ਮੀਨ ਦੇ ਹਿਸਾਬ ਨਾਲ ਫ਼ਸਲ ਨੂੰ 25 ਕਿਲੋ ਨਾਈਟ੍ਰੋਜਨ (55 ਕਿਲੋ ਯੂਰੀਆ) ਅਤੇ 8 ਕਿਲੋ ਫਾਸਫੋਰਸ (50 ਕਿਲੋ ਸੁਪਰਫਾਸਫੇਟ) ਪ੍ਰਤੀ ਏਕੜ ਪਾਓ। ਸੇਂਜੂ ਵਾਲੀ ਹਾਲਤ ਵਿੱਚ ਦੋਵੇ ਖਾਦਾਂ ਬਿਜਾਈ ਸਮੇਂ ਪਾਓ। ਫਾਸਫੋਰਸ ਤੱਤ ਲਈ ਸਿੰਗਲ ਸੁਪਰਫਾਸਫੇਟ ਖਾਦ ਨੂੰ ਤਰਜੀਹ ਦਿਓ ਕਿਉਂਕਿ ਇਸ ਵਿੱਚ ਗੰਧਕ ਵੀ ਹੁੰਦਾ ਹੈ ਜੋ ਕਿ ਤੇਲ ਬੀਜ ਫ਼ਸਲ ਲਈ ਜ਼ਰੂਰੀ ਹੁੰਦਾ ਹੈ। ਭਰਵੀਂ ਰੌਣੀ ਤੋਂ ਬਾਅਦ ਤੋਰੀਏ ਦੀ ਬਿਜਾਈ ਕਰੋ ਅਤੇ ਲੋੜ ਅਨੁਸਾਰ ਫੁੱਲ ਪੈਣ ਸਮੇਂ ਇੱਕ ਪਾਣੀ ਦਿਓ। ਨਦੀਨ ਫ਼ਸਲ ਨਾਲ ਬਿਜਾਈ ਤੋਂ ਲੈ ਕੇ ਵੱਢਣ ਤੱਕ ਨਮੀ ਪੌਸ਼ਟਕਿ ਤੱਤ, ਧੁੱਪ ਅਤੇ ਜਗ੍ਹਾ ਆਦਿ ਲਈ ਮੁਕਾਬਲਾ ਕਰਦੇ ਹਨ। ਸੋ, ਨਦੀਨਾਂ ਦੀ ਸਹੀ ਸਮੇਂ ’ਤੇ ਰੋਕਥਾਮ ਕਰਨੀ ਬਹੁਤ ਜ਼ਰੂਰੀ ਹੈ। ਤੋਰੀਏ ਵਿੱਚ ਨਦੀਨਾਂ ਨੂੰ ਬਿਜਾਈ ਤੋਂ 3 ਹਫ਼ਤੇ ਬਾਅਦ ਗੋਡੀ ਕਰਕੇ ਕਾਬੂ ਕੀਤਾ ਜਾ ਸਕਦਾ ਹੈ।
ਤੋਰੀਏ ਦੀ ਕਟਾਈ ਅਤੇ ਗਹਾਈ: ਸਹੀ ਸਮੇਂ ’ਤੇ ਬੀਜੀ ਫ਼ਸਲ ਦਸੰਬਰ ਦੇ ਮਹੀਨੇ ਵਿੱਚ ਵੱਢਣ ਲਈ ਤਿਆਰ ਹੋ ਜਾਂਦੀ ਹੈ। ਜਦੋਂ ਫਲੀਆਂ ਪੀਲੀਆਂ ਭੂਰੀਆਂ ਹੋ ਜਾਣ ਤਾਂ ਫ਼ਸਲ ਦੀ ਕਟਾਈ ਕਰੋ। ਕਟਾਈ ਤੋਂ ਬਾਅਦ ਫ਼ਸਲ ਦਾ 7-10 ਦਿਨ ਤੱਕ ਢੇਰ ਬਣਾ ਕੇ ਰੱਖੋ ਅਤੇ ਗਹਾਈ ਲਈ ਕਿੱਲੀਆਂ ਵਾਲਾ ਕਣਕ ਦਾ ਥਰੈਸ਼ਰ, ਕੁਝ ਫੇਰ ਬਦਲ ਕਰਕੇ ਵਰਤੋ।
ਕੀੜੇ-ਮਕੌੜਿਆਂ ਦੀ ਰੋਕਥਾਮ
ਤੋਰੀਏ ਵਿੱਚ ਆਮਤੌਰ ’ਤੇ ਚਿਤਕਬਰੀ ਭੂੰਡੀ ਦਾ ਹਮਲਾ ਫ਼ਸਲ ਦੇ ਪੁੰਗਰਨ ਸਮੇਂ (ਅਕਤੂਬਰ ਦੇ ਮਹੀਨੇ) ਅਤੇ ਪੱਕਣ ਸਮੇਂ (ਮਾਰਚ/ਅਪਰੈਲ ਦੇ ਮਹੀਨੇ) ਜ਼ਿਆਦਾ ਹੁੰਦਾ ਹੈ। ਇਸ ਭੂੰਡੀ ਦੇ ਛੋਟੇ ਅਤੇ ਬਾਲਗ ਕੀੜੇ ਪੱਤਿਆਂ ਅਤੇ ਫ਼ਲੀਆਂ ਵਿੱਚੋਂ ਰਸ ਚੂਸਦੇ ਹਨ, ਜਿਸ ਨਾਲ ਪੱਤੇ ਅਤੇ ਫ਼ਲੀਆਂ ਸੁੱਕ ਜਾਂਦੀਆਂ ਹਨ। ਇਸ ਦੇ ਹਮਲੇ ਨੂੰ ਘਟਾਉਣ ਲਈ ਪਹਿਲਾ ਪਾਣੀ ਬਿਜਾਈ ਤੋਂ 3-4 ਹਫ਼ਤੇ ਬਾਅਦ ਲਾਓ। ਸਲੇਟੀ ਸੁੰਡੀ ਫ਼ਸਲ ਦੀ ਛੋਟੀ ਅਵਸਥਾ ’ਤੇ ਹਮਲਾ ਕਰਦੀ ਹੈ ਅਤੇ ਪੱਤੇ ਖਾ ਕੇ ਮੋਰੀਆਂ ਕਰ ਦਿੰਦੀ ਹੈ। ਜੇ ਇਸ ਦੀ ਗਿਣਤੀ ਜ਼ਿਆਦਾ ਹੋਵੇ ਤਾਂ ਸਾਰੇ ਪੱਤੇ ਹੀ ਖਾ ਜਾਂਦੀ ਹੈ। ਇਸ ਦੀ ਰੋਕਥਾਮ ਲਈ ਏਕਾਲਕਸ 25 ਈ ਸੀ (ਕੁਇਨਲਫਾਸ) 250 ਮਿਲੀਲਿਟਰ ਪ੍ਰਤੀ ਏਕੜ ਨੂੰ 60 ਤੋਂ 80 ਲਿਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰੋ। ਪੱਤੇ ਦੇ ਸੁਰੰਗੀ ਕੀੜੇ ਦੀਆਂ ਸੁੰਡੀਆਂ ਪੱਤੇ ਵਿੱਚ ਸੁਰੰਗਾਂ ਬਣਾ ਕੇ ਬਹੁਤ ਨੁਕਸਾਨ ਕਰਦੇ ਹਨ। ਇਸ ਦੀ ਰੋਕਥਾਮ ਲਈ ਰੋਗਰ 30 ਈ ਸੀ (ਡਾਈਮੈਥੋਏਟ) 400 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਜਾਂ ਦਾਣੇਦਾਰ ਕੀਟਨਾਸ਼ਕ 13 ਕਿਲੋ ਫਿਊਰਾਡਾਨ 3 ਜੀ ਪ੍ਰਤੀ ਏਕੜ ਦਾ ਛੱਟਾ ਮਾਰ ਕੇ ਹਲਕੀ ਸਿੰਚਾਈ ਕਰੋ। ਵਾਲਾਂ ਵਾਲੀ ਸੁੰਡੀ ਜਾਂ ਕੁਤਰਾ ਅਤੇ ਬੰਦ ਗੋਭੀ ਦੀ ਸੁੰਡੀ ਪੱਤਿਆਂ, ਨਰਮ ਕਰੂੰਬਲਾਂ ਅਤੇ ਹਰੀਆਂ ਫ਼ਲੀਆਂ ’ਤੇ ਹਮਲਾ ਕਰਦੀ ਹੈ। ਛੋਟੀ ਉਮਰ ਵਿੱਚ ਸੁੰਡੀਆਂ ਝੁੰਡਾਂ ਵਿੱਚ ਬੂਟੇ ਨੂੰ ਖਾਂਦੀਆਂ ਹਨ ਅਤੇ ਵੱਡੀਆਂ ਹੋ ਕੇ ਇੱਕ ਖੇਤ ਤੋਂ ਦੂਜੇ ਖੇਤ ਵਿੱਚ ਚਲੀਆਂ ਜਾਂਦੀਆਂ ਹਨ। ਸੁੰਡੀ ਦੇ ਹਮਲੇ ਵਾਲੇ ਪੱਤਿਆਂ ਨੂੰ (ਜਿਨ੍ਹਾਂ ’ਤੇ ਇਹ ਸੁੰਡੀਆਂ ਝੁੰਡਾਂ ਵਿੱਚ ਹੁੰਦੀਆਂ ਹਨ) ਤੋੜ ਕੇ ਨਸ਼ਟ ਕਰ ਦਿਓ। ਚੇਪੇ ਦਾ ਵਾਧਾ ਆਮ ਤੌਰ ’ਤੇ ਠੰਢੇ ਅਤੇ ਬੱਦਲਵਾਈ ਵਾਲੇ ਮੌਸਮ ਵਿੱਚ ਹੁੰਦਾ ਹੈ। ਇਹ ਕੀੜਾ ਬੂਟਿਆਂ ਵਿੱਚੋਂ ਰਸ ਚੂਸਦਾ ਹੈ। ਜਿਸ ਕਰਕੇ ਬੂਟੇ ਮਧਰੇ ਰਹਿ ਜਾਂਦੇ ਹਨ, ਫ਼ਲੀਆਂ ਸੁੱਕ ਜਾਦੀਆਂ ਹਨ ਅਤੇ ਬੀਜ ਨਹੀਂ ਬਣਦੇ। ਜਦੋਂ 40-50 ਪ੍ਰਤੀਸ਼ਤ ਬੂਟਿਆਂ ’ਤੇ ਚੇਪਾ ਨਜ਼ਰ ਆਵੇ ਤਾਂ ਐਕਟਾਰਾ 25 ਡਬਲਯੂ ਜੀ (ਥਾਇਆਮੈਥੋਕਸਮ) 40 ਗ੍ਰਾਮ ਜਾਂ ਮੈਟਾਸਿਸਟਾਕਸ 25 ਈ ਸੀ (ਔਕਸੀਡੈਮੀਟੋਨ ਮੀਥਾਈਲ) 400 ਮਿਲੀਲਿਟਰ ਜਾਂ ਰੋਗਰ 30 ਈ ਸੀ (ਡਾਈਮੈਥੋਏਟ) 400 ਮਿਲੀਲਿਟਰ ਜਾਂ ਡਰਸਬਾਨ/ਕੋਰੋਬਾਨ 20 ਈ ਸੀ (ਕਲੋਰਪਾਈਰੀਫਾਸ) 600 ਮਿਲੀਲਿਟਰ ਨੂੰ 80 ਤੋਂ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ। ਕੀਟਨਾਸ਼ਕਾਂ ਦਾ ਛਿੜਕਾਅ ਦੁਪਹਿਰ ਤੋਂ ਬਾਅਦ ਹੀ ਕਰਨਾ ਚਾਹੀਦਾ ਹੈ। ਇਸ ਸਮੇਂ ਪ੍ਰਾਗਣ ਕਿਰਿਆ ਕਰਨ ਵਾਲੇ ਕੀੜੇ-ਮਕੌੜੇ ਘੱਟ ਹਰਕਤ ਵਿੱਚ ਹੁੰਦੇ ਹਨ।
ਬਿਮਾਰੀਆਂ ਦੀ ਰੋਕਥਾਮ
ਝੁਲਸ ਰੋਗ ਨਾਲ ਪੱਤਿਆਂ, ਫ਼ਲੀਆਂ ਅਤੇ ਤਣੇ ’ਤੇ ਭੂਰੇ ਤੋਂ ਕਾਲੇ ਰੰਗ ਦੇ ਗੋਲ ਧੱਬੇ ਪੈ ਜਾਂਦੇ ਹਨ। ਇਸ ਬਿਮਾਰੀ ਦੇ ਵਧੇਰੇ ਹਮਲੇ ਨਾਲ ਤਣੇ ਦਾ ਉੱਪਰਲਾ ਹਿੱਸਾ ਅਤੇ ਫ਼ਲੀਆਂ ਝੜ ਜਾਂਦੀਆਂ ਹਨ। ਇਸ ਰੋਗ ਨੂੰ ਰੋਕਣ ਲਈ ਪਹਿਲੀ ਫ਼ਸਲ ਦੇ ਮੁੱਢਾਂ ਨੂੰ ਇਕੱਠੇ ਕਰਕੇ ਨਸ਼ਟ ਕਰ ਦਿਓ। ਪੀਲੇ ਧੱਬਿਆਂ ਦਾ ਰੋਗ ਜੜ੍ਹਾਂ ਨੂੰ ਛੱਡ ਕੇ ਬਾਕੀ ਸਾਰੇ ਬੂਟੇ ’ਤੇ ਹਮਲਾ ਕਰਦਾ ਹੈ। ਇਸ ਬਿਮਾਰੀ ਦਾ ਵਧੇਰੇ ਹਮਲਾ ਪੱਤਿਆਂ ਅਤੇ ਫ਼ਲੀਆਂ ਉੱਪਰ ਹੁੰਦਾ ਹੈ। ਪੱਤਿਆਂ ’ਤੇ ਹੇਠਲੇ ਪਾਸੇ ਛੋਟੇ-ਛੋਟੇ ਹਲਕੇ ਹਰੇ-ਪੀਲੇ ਰੰਗ ਦੇ ਧੱਬੇ ਪੈ ਜਾਂਦੇ ਹਨ, ਜਿਹੜੇ ਕਿ ਬਾਅਦ ਵਿੱਚ ਵੱਡੇ ਹੋ ਜਾਂਦੇ ਹਨ ਅਤੇ ਇਨ੍ਹਾਂ ਦੀ ਗਿਣਤੀ ਵੀ ਵੱਧ ਜਾਂਦੀ ਹੈ। ਪੱਤੇ ਸੁੱਕ ਜਾਂਦੇ ਹਨ ਅਤੇ ਤਣੇ ਬੇ-ਸ਼ਕਲ ਹੋ ਜਾਂਦੇ ਹਨ। ਇਸ ਬਿਮਾਰੀ ਤੋਂ ਬਚਾਅ ਲਈ ਪਹਿਲੀ ਫ਼ਸਲ ਦੇ ਮੁੱਢਾਂ ਨੂੰ ਇਕੱਠੇ ਕਰਕੇ ਨਸ਼ਟ ਕਰ ਦਿਓ। ਚਿੱਟੀ ਕੁੰਗੀ ਨਾਲ ਪੱਤਿਆਂ ਦੀ ਹੇਠਲੀ ਸਤ੍ਵਾਂ ਉੱਪਰ ਚਿੱਟੇ ਜਾਂ ਬਦਾਮੀ ਰੰਗ ਦੇ ਦਾਣੇ ਬਣ ਜਾਂਦੇ ਹਨ। ਬਿਮਾਰੀ ਦੇ ਹਮਲੇ ਵਾਲੇ ਹਿੱਸੇ ਫੁੱਲ ਜਾਂਦੇ ਹਨ, ਫੁੱਲਾਂ ਦੀ ਸ਼ਕਲ ਵਿਗੜ ਜਾਂਦੀ ਹੈ ਅਤੇ ਫ਼ਲੀਆਂ ਵਿੱਚ ਬੀਜ ਨਹੀਂ ਪੈਂਦੇ। ਇਹ ਬਿਮਾਰੀ ਜੜ੍ਹਾਂ ਨੂੰ ਛੱਡ ਕੇ ਬਾਕੀ ਸਾਰੇ ਬੂਟੇ ’ਤੇ ਹਮਲਾ ਕਰਦੀ ਹੈ। ਇਸ ਬਿਮਾਰੀ ਦੀ ਰੋਕਥਾਮ ਲਈ ਰਿਡੋਮਿਲ ਗੋਲਡ (ਮੈਟਾਲੈਕਸਿਲ 4% ਮੈਂਕੋਜ਼ਿਬ 64%) 250 ਗ੍ਰਾਮ ਪ੍ਰਤੀ ਏਕੜ ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਬਿਜਾਈ ਤੋਂ 60 ਅਤੇ 80 ਦਿਨਾਂ ਬਾਅਦ ਸਪਰੇਅ ਕਰੋ। ਲੋੜ ਪੈਣ ’ਤੇ 20 ਦਿਨਾਂ ਬਾਅਦ ਦੁਬਾਰਾ ਸਪਰੇਅ ਕਰੋ। ਵਿਸ਼ਾਣੂ ਰੋਗ ਦੇ ਹਮਲੇ ਨਾਲ ਬੂਟੇ ਝਾੜੀ ਦੀ ਤਰ੍ਹਾਂ ਬਣ ਜਾਂਦੇ ਹਨ ਅਤੇ ਫੁੱਲਾਂ ਦੀ ਥਾਂ ਛੋਟੀਆਂ-ਛੋਟੀਆਂ ਹਰੀਆਂ ਪੱਤੀਆਂ ਬਣ ਜਾਂਦੀਆਂ ਹਨ। ਇਸ ਰੋਗ ਨੂੰ ਰੋਕਣ ਲਈ ਅਗੇਤੀ ਬਿਜਾਈ ਨਾ ਕਰੋ। ਬਿਮਾਰੀ ਵਾਲੇ ਬੂਟੇ ਖੇਤ ਵਿੱਚੋਂ ਪੁੱਟ ਕੇ ਦੱਬ ਦਿਓ। ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਪਹਿਲੀ ਫ਼ਸਲ ਦੇ ਮੁੱਢਾਂ ਨੂੰ ਇਕੱਠੇ ਕਰਕੇ ਨਸ਼ਟ ਕਰ ਦਿਓ।
*ਫਾਰਮ ਸਲਾਹਕਾਰ ਸੇਵਾ ਕੇਂਦਰ, ਬਰਨਾਲਾ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ, ਖੇੜੀ, ਸੰਗਰੂਰ
ਸੰਪਰਕ: 78892-94391