ਸਰਬਪੱਖੀ ਕੀਟ ਪ੍ਰਣਾਲੀ ਵਿੱਚ ਮਿੱਤਰ ਕੀੜਿਆਂ ਦੀ ਭੂਮਿਕਾ
ਸੁਮਨ ਕੁਮਾਰੀ/ਪ੍ਰਭਜੋਤ ਕੌਰ/
ਹਰਿੰਦਰ ਸਿੰਘ
ਪੰਜਾਬ ਦੀਆਂ ਮੁੱਖ ਫ਼ਸਲਾਂ ਜਿਵੇਂ ਕਿ ਝੋਨਾ, ਕਮਾਦ ਅਤੇ ਮੱਕੀ ’ਤੇ ਕਈ ਤਰ੍ਹਾਂ ਦੇ ਕੀੜੇ-ਮਕੌੜਿਆਂ ਦਾ ਹਮਲਾ ਹੁੰਦਾ ਹੈ। ਇਹ ਕੀੜੇ ਜਿੱਥੇ ਇਨ੍ਹਾਂ ਫ਼ਸਲਾਂ ਦਾ ਝਾੜ ਘਟਾਉਂਦੇ ਹਨ, ਉੱਥੇ ਕਿਸਾਨਾਂ ਨੂੰ ਆਰਥਿਕ ਨੁਕਸਾਨ ਵੀ ਪਹੁੰਚਾਉਂਦੇ ਹਨ। ਕੀਟਨਾਸ਼ਕਾਂ ਦੀ ਅੰਧਾਧੁੰਦ ਵਰਤੋਂ ਨਾਲ ਜਿੱਥੇ ਖੇਤੀ ਖ਼ਰਚੇ ਵਧਦੇ ਹਨ, ਉੱਥੇ ਨਾਲ ਹੀ ਇਹ ਵਾਤਾਵਰਨ ਨੂੰ ਵੀ ਦੂਸ਼ਿਤ ਕਰਦੇ ਹਨ। ਅਜਿਹੇ ਸਮੇਂ ਵਿੱਚ ਮਿੱਤਰ ਕੀੜੇ ਅਹਿਮ ਭੂਮਿਕਾ ਨਿਭਾਅ ਸਕਦੇ ਹਨ, ਕਿਉਂਕਿ ਜਿੱਥੇ ਇਹ ਸਸਤੇ ਹੁੰਦੇ ਹਨ, ਉੱਥੇ ਇਹ ਵਾਤਾਵਰਨ ਨੂੰ ਵੀ ਦੂਸ਼ਿਤ ਨਹੀਂ ਕਰਦੇ।
ਪੰਜਾਬ ਵਿੱਚ ਝੋਨਾ, ਕਮਾਦ ਅਤੇ ਮੱਕੀ ਦੇ ਮੁੱਖ ਦੁਸ਼ਮਣ ਕੀੜਿਆਂ (ਗੜੂੰਏਂ) ਨੂੰ ਨਸ਼ਟ ਕਰਨ ਲਈ ਦੋ ਮਿੱਤਰ ਕੀੜਿਆਂ ਟਰਾਈਕੋਗਰਾਮਾ ਕਿਲੋਨਸ ਅਤੇ ਟਰਾਈਕੋਗਰਾਮਾ ਜੈਪੋਨਿਕਮ ਦੀ ਸਿਫਾਰਿਸ਼ ਕੀਤੀ ਗਈ ਹੈ। ਇਹ ਮਿੱਤਰ ਕੀੜੇ ਪ੍ਰਯੋਗਸ਼ਾਲਾ ਵਿੱਚ ਤਿਆਰ ਕੀਤੇ ਗਏ ਟਰਾਈਕੋ-ਕਾਰਡ ਰਾਹੀਂ ਕਿਸਾਨਾਂ ਦੇ ਖੇਤਾਂ ਵਿੱਚ ਛੱਡੇ ਜਾਂਦੇ ਹਨ। ਇਹ ਮਿੱਤਰ ਕੀੜੇ ਦੁਸ਼ਮਣ ਕੀੜੇ ਦੇ ਅੰਡੇ ਅੰਦਰ ਆਪਣੇ ਅੰਡੇ ਦੇ ਕੇ ਆਪਣਾ ਜੀਵਨ ਚੱਕਰ ਪੂਰਾ ਕਰਦੇ ਹਨ। ਇਨ੍ਹਾਂ ਦੇ ਬੱਚੇ ਦੁਸ਼ਮਣ ਕੀੜੇ ਦੇ ਅੰਡੇ ਦੇ ਅੰਦਰ ਪਲਦੇ ਹਨ ਅਤੇ ਅੰਤ ਵਿੱਚ ਉਸ ਨੂੰ ਖ਼ਤਮ ਕਰ ਦਿੰਦੇ ਹਨ।
ਸਾਉਣੀ ਦੀਆਂ ਮੁੱਖ ਫ਼ਸਲਾਂ ਦੇ ਹਾਨੀਕਾਰਕ ਕੀੜੇ ਅਤੇ ਉਨ੍ਹਾਂ ਦੇ ਹਮਲੇ ਦੀਆਂ ਨਿਸ਼ਾਨੀਆਂ
ਝੋਨਾ: ਪੀਲੇ ਤਣੇ ਦੇ ਗੜੂੰਏਂ: ਇਹ ਜੁਲਾਈ ਤੋਂ ਅਕਤੂਬਰ ਤੱਕ ਫ਼ਸਲ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਸ ਦੀਆਂ ਸੁੰਡੀਆਂ ਤਣੇ ਦੇ ਜੋੜ ਵਿੱਚ ਵੜ ਜਾਂਦੀਆਂ ਹਨ ਅਤੇ ਗੋਭ ਨੂੰ ਅੰਦਰੋਂ-ਅੰਦਰ ਖਾਈ ਜਾਂਦੀਆਂ ਹਨ, ਜਿਸ ਨਾਲ ਗੋਭ ਸੁੱਕ ਜਾਂਦੀ ਹੈ। ਹਮਲੇ ਵਾਲੇ ਇਹ ਬੂਟੇ ਆਸਾਨੀ ਨਾਲ ਖਿੱਚੇ ਜਾ ਸਕਦੇ ਹਨ। ਜੇਕਰ ਹਮਲਾ ਮੁੰਜਰਾਂ ਨਿਕਲਣ ਤੋਂ ਬਾਅਦ ਹੋਵੇ ਤਾਂ ਇਹ ਸੁੱਕ ਜਾਂਦੀਆਂ ਹਨ ਅਤੇ ਇਸ ਵਿੱਚ ਦਾਣੇ ਨਹੀਂ ਬਣਦੇ। ਇਹ ਮੁੰਜਰਾਂ ਸਫ਼ੈਦ ਰੰਗ ਦੀਆਂ ਦਿਸਦੀਆਂ ਹਨ ਅਤੇ ਖੇਤ ਵਿੱਚ ਦੂਰੋਂ ਹੀ ਪਛਾਣੀਆਂ ਜਾ ਸਕਦੀਆਂ ਹਨ।
ਪੱਤਾ ਲਪੇਟ ਸੁੰਡੀ : ਇਸ ਕੀੜੇ ਦਾ ਬਹੁਤਾ ਨੁਕਸਾਨ ਅਗਸਤ ਤੋਂ ਅਕਤੂਬਰ ਦੇ ਦੌਰਾਨ ਹੁੰਦਾ ਹੈ। ਛੋਟੀਆਂ ਸੁੰਡੀਆਂ ਪੱਤਿਆਂ ਨੂੰ ਬਿਨਾਂ ਲਪੇਟੇ ਅਤੇ ਵੱਡੀਆਂ ਸੁੰਡੀਆਂ ਪੱਤਿਆਂ ਨੂੰ ਲਪੇਟ ਕੇ ਅੰਦਰੋਂ-ਅੰਦਰ ਹਰਾ ਮਾਦਾ ਖਾਂਦੀਆਂ ਹਨ ਜਿਸ ਕਰਕੇ ਪੱਤਿਆਂ ’ਤੇ ਚਿੱਟੇ ਰੰਗ ਦੀਆਂ ਧਾਰੀਆਂ ਪੈ ਜਾਂਦੀਆਂ ਹਨ।
ਕਮਾਦ ਦੇ ਗੜੂੰਏਂ
ਅਗੇਤੀ ਫੋਟ ਦਾ ਗੜੂੰਆਂ : ਇਹ ਕੀੜਾ ਅਪਰੈਲ ਤੋਂ ਜੂਨ ਤੱਕ ਨੁਕਸਾਨ ਕਰਦਾ ਹੈ। ਗੰਨੇ ਦੀ ਮੁੱਢਲੀ ਹਾਲਤ ਵਿੱਚ ਇਹ ਕੀੜੇ ਪੱਤੇ ਦੇ ਥੱਲੇ ਸਮੂਹਾਂ ਵਿੱਚ ਅੰਡੇ ਦਿੰਦੇ ਹਨ। ਸੁੰਡੀ ਮਿੱਟੀ ਦੀ ਸਤਿਹ ਦੇ ਨਜ਼ਦੀਕ ਮੋਰੀ ਕਰਕੇ ਤਣੇ ਵਿੱਚ ਦਾਖਲ ਹੋ ਜਾਂਦੀ ਹੈ, ਨਤੀਜੇ ਵਜੋਂ ਗੋਭ ਸੁੱਕ ਜਾਂਦੀ ਹੈ ਅਤੇ ਆਸਾਨੀ ਨਾਲ ਟੁੱਟ ਜਾਂਦੀ ਹੈ ਅਤੇ ਇਸ ਵਿੱਚੋਂ ਬਦਬੂਦਾਰ ਗੰਧ ਪੈਦਾ ਹੁੰਦੀ ਹੈ।
ਆਗ ਦਾ ਗੜੂੰਆਂ : ਇਹ ਕੀੜਾ ਮਾਰਚ ਤੋਂ ਅਕਤੂਬਰ ਤੱਕ ਹਮਲਾ ਕਰਦਾ ਹੈ, ਪਰ ਜੁਲਾਈ-ਅਗਸਤ ਦੌਰਾਨ ਬਹੁਤ ਹਾਨੀਕਾਰਕ ਹੁੰਦਾ ਹੈ। ਇਸ ਦੇ ਹਮਲੇ ਕਰਕੇ ਗੰਨੇ ਦੇ ਸਿਰੇ ’ਤੇ ਗੋਭ ਵਾਲਾ ਪੱਤਾ ਸੁੱਕ ਜਾਂਦਾ ਹੈ ਅਤੇ ਕਾਲੇ ਰੰਗ ਦਾ ਹੋ ਜਾਂਦਾ ਹੈ। ਇਸ ਦੇ ਹਮਲੇ ਦੀਆਂ ਹੋਰ ਨਿਸ਼ਾਨੀਆਂ ਹਨ ਕਿ ਇਹ ਆਗ ਵਿੱਚ ਮੋਰੀਆਂ ਕਰ ਦਿੰਦਾ ਹੈ, ਪੱਤੇ ਦੀ ਰੀੜ੍ਹ ਤੇ ਉੱਪਰਲੇ ਸਿਰੇ ਵੱਲ ਚਿੱਟੀਆਂ ਜਾਂ ਲਾਲ ਧਾਰੀਆਂ ਪੈ ਜਾਂਦੀਆਂ ਹਨ ਅਤੇ ਗੰਨਾ ਛਾਂਗਾ ਹੋ ਜਾਂਦਾ ਹੈ।
ਤਣੇ ਦਾ ਗੜੂੰਆਂ : ਇਸ ਕੀੜੇ ਦੀਆਂ ਸੁੰਡੀਆਂ ਸਰਦੀਆਂ ਵਿੱਚ ਨਵੇਂ ਪੜਸੂਇਆਂ ਜਾਂ ਮੁੱਢਾਂ ਵਿੱਚ ਰਹਿੰਦੀਆਂ ਹਨ। ਇਸ ਕੀੜੇ ਦਾ ਹਮਲਾ ਅਪਰੈਲ, ਮਈ ਅਤੇ ਜੂਨ ਵਿੱਚ ਕੁਝ ਘੱਟ ਹੁੰਦਾ ਹੈ, ਪਰ ਜੁਲਾਈ ਵਿੱਚ ਵਧ ਜਾਂਦਾ ਹੈ। ਅਕਤੂਬਰ ਅਤੇ ਨਵੰਬਰ ਵਿੱਚ ਇਹ ਸਭ ਤੋਂ ਵੱਧ ਸਰਗਰਮ ਹੁੰਦਾ ਹੈ। ਇਸ ਕੀੜੇ ਦੇ ਹਮਲੇ ਦੀਆਂ ਬਾਹਰੋਂ ਕੋਈ ਨਿਸ਼ਾਨੀਆਂ ਨਹੀਂ ਪਤਾ ਲੱਗਦੀਆਂ। ਇਸ ਕੀੜੇ ਦੀਆਂ ਤਣੇ ਵਿੱਚ ਵੜਨ ਅਤੇ ਨਿਕਲਣ ਵਾਲੀਆਂ ਮੋਰੀਆਂ ਕੇਵਲ ਗੰਨਾ ਛਿਲ ਕੇ ਹੀ ਵੇਖੀਆਂ ਜਾ ਸਕਦੀਆਂ ਹਨ। ਇੱਕ ਸੁੰਡੀ ਕਈ ਵਾਰ ਤਿੰਨ ਗੰਢਾਂ ਤੱਕ ਨੁਕਸਾਨ ਕਰ ਦਿੰਦੀ ਹੈ ਅਤੇ ਗੰਨੇ ਉੱਪਰ ਕਈ ਥਾਵਾਂ ’ਤੇ ਹਮਲਾ ਕਰਦੀ ਹੈ। ਜ਼ਿਆਦਾ ਹਮਲੇ ਵਿੱਚ ਗੰਨੇ ਦੇ ਝਾੜ ਅਤੇ ਮਿਠਾਸ ’ਤੇ ਮਾੜਾ ਅਸਰ ਪੈਂਦਾ ਹੈ।
ਮੱਕੀ ਦਾ ਗੜੂੰਆਂ : ਇਹ ਮੱਕੀ ਦਾ ਮੁੱਖ ਕੀੜਾ ਹੈ ਅਤੇ ਜੂਨ ਤੋਂ ਸਤੰਬਰ ਤੱਕ ਫ਼ਸਲ ਦਾ ਨੁਕਸਾਨ ਕਰਦਾ ਹੈ। ਇਸ ਕੀੜੇ ਦੀਆਂ ਸੁੰਡੀਆਂ ਪਹਿਲਾਂ ਬੂਟੇ ਦੇ ਪੱਤਿਆਂ ਉੱਪਰ ਝਰੀਟਾਂ ਪਾ ਦਿੰਦੀਆਂ ਹਨ ਅਤੇ ਗੋਭ ਰਾਹੀਂ ਤਣੇ ਵਿੱਚ ਮੋਰੀਆਂ ਕਰ ਦਿੰਦੀਆਂ ਹਨ। ਗੋਭ ਦਾ ਵਿਚਕਾਰਲਾ ਪੱਤਾ ਛਲਣੀ-ਛਲਣੀ ਹੋ ਜਾਂਦਾ ਹੈ। ਛੋਟੇ ਬੂਟਿਆਂ ਦੀਆਂ ਗੋਭਾਂ ਸੁੱਕ ਜਾਂਦੀਆਂ ਹਨ।
ਸਾਉਣੀ ਦੀਆਂ ਫ਼ਸਲਾਂ ਵਿੱਚ ਵਰਤੇ ਜਾਣ ਵਾਲੇ ਮਿੱਤਰ ਕੀੜਿਆਂ ਦੀ ਸੂਚੀ ਅਤੇ ਵਰਤੋਂ ਦਾ ਸਹੀ ਸਮਾਂ:
ਜੈਵਿਕ ਝੋਨੇ ਵਿੱਚ ਪੱਤਾ ਲਪੇਟ ਸੁੰਡੀ ਜਿੱਥੇ ਨੁਕਸਾਨ ਵਾਲਾ ਕੀੜਾ ਹੈ ਤਾਂ ਟਰਾਈਕੋਗਰਾਮਾ ਕਿਲੋਨਸ ਮਿੱਤਰ ਕੀੜਾ ਹੈ। ਪੱਤਾ ਲਪੇਟ ਸੁੰਡੀ ਤੋਂ ਛੁਟਕਾਰਾ ਪਾਉਣ ਲਈ ਪ੍ਰਤੀ ਏਕੜ 2 ਟਰਾਈਕੋਕਾਰਡ (40,000 ਅੰਡੇ) ਪ੍ਰਤੀ ਏਕੜ ਪਾਓ। ਇਨ੍ਹਾਂ ਨੂੰ ਖੇਤ ਵਿੱਚ ਛੱਡਣ ਦਾ ਸਮਾਂ ਝੋਨਾ ਲਾਉਣ ਤੋਂ 30 ਦਿਨਾਂ ਬਾਅਦ 7 ਦਿਨਾਂ ਦੇ ਵਕਫ਼ੇ ’ਤੇ 5 ਤੋਂ 6 ਵਾਰ ਖੇਤ ਵਿੱਚ ਛੱਡੋ। ਇਸ ਦੇ ਨਾਲ ਹੀ ਪੀਲੇ ਤਣੇ ਦਾ ਗੜੂੰਆਂ ਵੀ ਜੈਵਿਕ ਝੋਨੇ ਦਾ ਦੁਸ਼ਮਣ ਕੀੜਾ ਹੈ ਜਦੋਂਕਿ ਟਰਾਈਕੋਗਰਾਮਾ ਜੈਪੋਨਕਿਮ ਮਿੱਤਰ ਕੀੜਾ ਹੈ। ਇਸ ਤੋਂ ਛੁਟਕਾਰੇ ਲਈ ਵੀ ਪ੍ਰਤੀ ਏਕੜ 2 ਟਰਾਈਕੋਕਾਰਡ (40,000 ਅੰਡੇ) ਪ੍ਰਤੀ ਏਕੜ ਪਾਓ। ਇਨ੍ਹਾਂ ਨੂੰ ਖੇਤ ਵਿੱਚ ਛੱਡਣ ਦਾ ਸਮਾਂ ਝੋਨਾ ਲਾਉਣ ਤੋਂ 30 ਦਿਨਾਂ ਬਾਅਦ 7 ਦਿਨਾਂ ਦੇ ਵਕਫ਼ੇ ’ਤੇ 5 ਤੋਂ 6 ਵਾਰ ਖੇਤ ਵਿੱਚ ਛੱਡਣ ਦਾ ਹੈ।
ਕਮਾਦ ਦਾ ਦੁਸ਼ਮਣ ਕੀੜਾ ਅਗੇਤੀ ਫੋਟ ਦਾ ਗੜੂੰਆਂ ਹੈ। ਜਦੋਂਕਿ ਮਿੱਤਰ ਕੀੜਾ ਟਰਾਈਕੋਗਰਾਮਾ ਕਿਲੋਨਸ ਹੈ। ਆਗ ਦਾ ਗੜੂੰਆਂ ਦੁਸ਼ਮਣ ਕੀੜਾ ਅਤੇ ਟਰਾਈਕੋਗਰਾਮਾ ਜੈਪੋਨਕਿਮ ਮਿੱਤਰ ਕੀੜਾ ਹੈ। ਤਣੇ ਦਾ ਗੜੂੰਆਂ ਦੁਸ਼ਮਣ ਅਤੇ ਟਰਾਈਕੋਗਰਾਮਾ ਕਿਲੋਨਸ ਮਿੱਤਰ ਕੀੜਾ ਹੈ। ਪਹਿਲੇ ਦੋ ਦੁਸ਼ਮਣ ਕੀੜਿਆਂ ਤੋਂ ਛੁਟਕਾਰੇ ਲਈ ਪ੍ਰਤੀ ਏਕੜ 1 ਟਰਾਈਕੋਕਾਰਡ (20,000 ਅੰਡੇ) ਅੱਧ ਅਪਰੈਲ ਤੋਂ ਜੂਨ ਅਖੀਰ ਤੱਕ 10 ਦਿਨਾਂ ਦੇ ਫ਼ਰਕ ਨਾਲ 8 ਵਾਰੀ ਖੇਤ ਵਿੱਚ ਛੱਡੋ। ਤਣੇ ਦੇ ਗੜੂੰਏਂ ਤੋਂ ਛੁਟਕਾਰੇ ਲਈ ਪ੍ਰਤੀ ਏਕੜ 1 ਟਰਾਈਕੋਕਾਰਡ (20,000 ਅੰਡੇ) ਜੁਲਾਈ ਤੋਂ ਲੈ ਕੇ ਅਕਤੂਬਰ ਤੱਕ 10 ਦਿਨਾਂ ਦੇ ਫ਼ਰਕ ਨਾਲ 10-12 ਵਾਰ ਖੇਤ ਵਿੱਚ ਛੱਡੋ।
ਮੱਕੀ ਦੀ ਫਸਲ ਲਈ ਮੱਕੀ ਦਾ ਗੜੂੰਆਂ ਦੁਸ਼ਮਣ ਕੀੜਾ ਅਤੇ ਟਰਾਈਕੋਗਰਾਮਾ ਕਿਲੋਨਸ ਮਿੱਤਰ ਕੀੜਾ ਹੈ। ਇਸ ਦੀ ਰੋਕਥਾਮ ਲਈ ਦੋ ਵਾਰੀ 10 ਅਤੇ 17 ਦਿਨਾਂ ਦੀ ਫ਼ਸਲ ’ਤੇ ਪ੍ਰਤੀ ੲਕੜ ਦੇ ਹਿਸਾਬ ਨਾਲ 2 ਟਰਾਈਕੋਕਾਰਡ (40,000 ਅੰਡੇ) ਖੇਤ ਵਿੱਚ ਛੱਡੋ।
ਟਰਾਈਕੋਕਾਰਡਸ ਖੇਤ ਵਿੱਚ ਲਗਾਉਣ ਦੀ ਵਿਧੀ:
ਜੈਵਿਕ ਝੋਨਾ: ਝੋਨੇ ਵਿੱਚ ਪੱਤਾ ਲਪੇਟ ਸੁੰਡੀ ਅਤੇ ਪੀਲੇ ਤਣੇ ਦੇ ਗੜੂੰਏਂ ਦੀ ਟਰਾਈਕੋਗਰਾਮਾ ਕਿਲੋਨਸ ਅਤੇ ਟਰਾਈਕੋਗਰਾਮਾ ਜੈਪੋਨਿਕਮ ਦੇ ਦੋ-ਦੋ ਟਰਾਈਕੋ-ਕਾਰਡਾਂ ਨੂੰ 5×1.5 ਸੈਂਟੀਮੀਟਰ ਛੋਟੇ ਆਕਾਰ ਦੇ 40 ਬਰਾਬਰ ਹਿੱਸਿਆਂ ਵਿੱਚ ਕੱਟੋ; ਹਰ ਹਿੱਸੇ ਉੱਪਰ ਲਗਭਗ 1000 ਪਰਜੀਵੀ ਕਿਰਿਆ ਕੀਤੇ ਹੋਏ ਅੰਡੇ ਲੱਗੇ ਹੁੰਦੇ ਹਨ। ਇਨ੍ਹਾਂ ਹਿੱਸਿਆਂ ਨੂੰ ਇੱਕ ਏਕੜ ਖੇਤ ਵਿੱਚ ਬਰਾਬਰ ਦੂਰੀ ’ਤੇ 40 ਥਾਵਾਂ ਵਿੱਚ ਪੱਤਿਆਂ ਦੇ ਹੇਠਲੇ ਪਾਸੇ ਪਿੰਨਾਂ ਨਾਲ ਨੱਥੀ ਕਰੋ।
ਕਮਾਦ: ਖੇਤ ਵਿਚ ਮਿੱਤਰ ਕੀੜੇ ਛੱਡਣ ਲਈ ਇੱਕ ਟਰਾਈਕੋ-ਕਾਰਡ (10×15 ਸੈਂਟੀਮੀਟਰ), ਜਿਸ ਉੱਪਰ 20,000 ਪਰਜੀਵੀ ਕਿਰਿਆ ਕੀਤੇ ਹੋਏ ਕੌਰਸਾਇਰਾ ਦੇ ਅੰਡੇ ਲੱਗੇ ਹੁੰਦੇ ਹਨ, ਨੂੰ 5×0.75 ਸੈਂਟੀਮੀਟਰ ਦੇ ਆਕਾਰ ਦੇ 40 ਛੋਟੇ ਬਰਾਬਰ ਹਿੱਸਿਆਂ ਵਿੱਚ ਕੱਟੋ। ਹਰ ਛੋਟੇ ਹਿੱਸੇ ਉੱਪਰ ਤਕਰੀਬਨ 500 ਅੰਡੇ ਲੱਗੇ ਹੁੰਦੇ ਹਨ। ਇਨ੍ਹਾਂ ਹਿੱਸਿਆਂ ਨੂੰ ਕਮਾਦ ਦੇ ਪੱਤਿਆਂ ’ਤੇ ਹੇਠਲੇ ਪਾਸੇ ਇੱਕ ਏਕੜ ਵਿੱਚ ਬਰਾਬਰ ਦੂਰੀ ’ਤੇ 40 ਥਾਵਾਂ ’ਤੇ ਸ਼ਾਮ ਵੇਲੇ ਪਿੰਨਾਂ ਨਾਲ ਨੱਥੀ ਕਰੋ।
ਮੱਕੀ: ਮੱਕੀ ਵਿੱਚ ਗੰੜੂਏ ਦੀ ਰੋਕਥਾਮ ਲਈ ਟਰਾਈਕੋਕਾਰਡ ਦੋ ਵਾਰ ਵਰਤੋ। ਪਹਿਲੀ ਵਾਰ ਜਦੋਂ ਫ਼ਸਲ 10 ਦਿਨ ਦੀ ਹੋਵੇ ਤੇ ਦੂਜੀ ਵਾਰ ਜਦੋਂ 17 ਦਿਨ ਦੀ ਹੋਵੇ। ਦੋ ਟਰਾਈਕੋਕਾਰਡਾਂ ਨੂੰ 5×1.5 ਸੈਂਟੀਮੀਟਰ ਆਕਾਰ ਦੇ 40 ਹਿੱਸਿਆਂ ਵਿੱਚ ਬਰਾਬਰ ਕੱਟ ਲਵੋ, ਹਰ ਛੋਟੇ ਹਿੱਸੇ ਉੱਪਰ ਤਕਰੀਬਨ 1000 ਪਰਜੀਵੀ ਕਿਰਿਆ ਕੀਤੇ ਹੋਏ ਅੰਡੇ ਲੱਗੇ ਹੁੰਦੇ ਹਨ। ਇਨ੍ਹਾਂ ਹਿੱਸਿਆਂ ਨੂੰ ਗੋਭ ਦੇ ਪੱਤਿਆਂ ਦੇ ਹੇਠਲੇ ਪਾਸੇ ਸ਼ਾਮ ਦੇ ਸਮੇਂ ਖੇਤ ਵਿੱਚ ਇਕਸਾਰ ਦੂਰੀ ’ਤੇ ਪਿੰਨ ਨਾਲ ਨੱਥੀ ਕਰੋ।
ਜ਼ਰੂਰੀ ਸਾਵਧਾਨੀਆਂ
•ਟਰਾਈਕੋ-ਕਾਰਡ ਸ਼ਾਮ ਦੇ ਸਮੇਂ ਖੇਤਾਂ ਵਿੱਚ ਨੱਥੀ ਕਰਨੇ ਚਾਹੀਦੇ ਹਨ।
•ਮੀਂਹ ਵਾਲੇ ਦਿਨ ਟਰਾਈਕੋ-ਕਾਰਡ ਨਾ ਲਗਾਓ।
•ਜਿਹੜੇ ਖੇਤਾਂ ਵਿੱਚ ਟਰਾਈਕੋਗਰਾਮਾ ਛੱਡਿਆ ਹੋਵੇ, ਉਨ੍ਹਾਂ ਵਿੱਚ ਕੀਟਨਾਸ਼ਕਾਂ ਦਾ ਛਿੜਕਾਅ ਨਾ ਕਰੋ।
ਕਿਸਾਨ ਇਹ ਕਾਰਡ ਪੀ.ਏ.ਯੂ. ਲੁਧਿਆਣਾ ਦੇ ਕੀਟ ਵਿਭਾਗ ਦੀ ਜੈਵਿਕ ਰੋਕਥਾਮ ਪ੍ਰਯੋਗਸ਼ਾਲਾ ਤੋਂ ਲੈ ਸਕਦੇ ਹਨ ਜਾਂ ਫਿਰ ਆਪਣੇ ਜ਼ਿਲ੍ਹੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰਕੇ ਵੀ ਪ੍ਰਾਪਤ ਕਰ ਸਕਦੇ ਹਨ।
*ਕ੍ਰਿਸ਼ੀ ਵਿਗਿਆਨ ਕੇਂਦਰ, ਕਪੂਰਥਲਾ
*ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ