ਨੌਰਾ-ਮ੍ਰਿਤੁੰਜਯ ਗਰੁੱਪ ਵੱਲੋਂ ਪ੍ਰਧਾਨਗੀ ਤੇ ਸਕੱਤਰ ਦੀ ਸੀਟ ’ਤੇ ਕਬਜ਼ਾ
ਕੁਲਦੀਪ ਸਿੰਘ
ਚੰਡੀਗੜ੍ਹ, 5 ਅਕਤੂਬਰ
ਪੰਜਾਬ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ (ਪੂਟਾ) ਦੀ ਅੱਜ ਹੋਈ ਚੋਣ ਵਿੱਚ ਫਸਵਾਂ ਤਿਕੋਣਾ ਮੁਕਾਬਲੇ ਹੋਇਆ, ਜਿਸ ’ਚ ਨੌਰਾ-ਮ੍ਰਿਤੁੰਜਯ ਗਰੁੱਪ ਨੇ ਪ੍ਰਧਾਨਗੀ ਅਤੇ ਸਕੱਤਰ ਦੀ ਸੀਟ ’ਤੇ ਫਤਹਿ ਹਾਸਲ ਕੀਤੀ। ਇਸ ਦੇ ਚਲਦਿਆਂ ਪ੍ਰੋ. ਅਮਰਜੀਤ ਸਿੰਘ ਨੌਰਾ 237 ਵੋਟਾਂ ਹਾਸਿਲ ਕਰ ਕੇ ਪ੍ਰਧਾਨ ਅਤੇ ਡਾ. ਮ੍ਰਿਤੁੰਜਯ ਕੁਮਾਰ 223 ਵੋਟਾਂ ਹਾਸਿਲ ਕਰ ਕੇ ਸਕੱਤਰ ਦੀ ਚੋਣ ਜਿੱਤ ਗਏ ਹਨ। ਮੁਕਾਬਲਾ ਇੰਨਾ ਫਸਵਾਂ ਸੀ ਕਿ ਪ੍ਰੋ. ਨੌਰਾ ਨੇ ਆਪਣੇ ਵਿਰੋਧੀ ਪ੍ਰੋ. ਰਤਨ ਸਿੰਘ ਤੋਂ ਸਿਰਫ਼ 8 ਵੋਟਾਂ ਦੇ ਫ਼ਰਕ ਨਾਲ ਪ੍ਰਧਾਨਿਗੀ ਦੀ ਸੀਟ ਜਿੱਤੀ, ਜਦੋਂਕਿ ਡਾ. ਮ੍ਰਿਤੁੰਜਯ ਨੇ ਆਪਣੇ ਮੁੱਖ ਵਿਰੋਧੀ ਕਸ਼ਮੀਰ ਸਿੰਘ ਤੋਂ ਸਿਰਫ਼ 2 ਵੋਟਾਂ ਦੇ ਫਰਕ ਨਾਲ ਹੀ ਸਕੱਤਰ ਦੀ ਸੀਟ ਜਿੱਤੀ।
ਲਾਅ ਵਿਭਾਗ ਦੇ ਆਡੀਟੋਰੀਅਮ ਵਿੱਚ ਵੋਟਿੰਗ ਕਰਵਾਉਣ ਉਪਰੰਤ ਬਾਅਦ ਦੁਪਹਿਰ ਰਿਟਰਨਿੰਗ ਅਫ਼ਸਰ ਵਿਜੈ ਨਾਗਪਾਲ ਵੱਲੋਂ ਨਤੀਜਿਆਂ ਦਾ ਐਲਾਨ ਕੀਤਾ ਗਿਆ। ਇਸ ਤੋਂ ਇਲਾਵਾ ਮੀਤ ਪ੍ਰਧਾਨ ਦੀ ਸੀਟ ਰਤਨ-ਕਸ਼ਮੀਰ ਧੜੇ ਦੀ ਸੁਮਨ ਸੁੰਮੀ ਨੇ 236 ਵੋਟਾਂ ਹਾਸਲ ਕਰ ਕੇ ਜਿੱਤੀ, ਜੁਆਇੰਟ ਸਕੱਤਰ ਦੀ ਚੋੋਣ ਅਸ਼ੋਕ ਧੜੇ ਦੇ ਸੁਰਿੰਦਰਪਾਲ ਸਿੰਘ ਨੇ 223 ਵੋਟਾਂ, ਜਦੋਂਕਿ ਖਜ਼ਾਨਚੀ ਦੀ ਚੋਣ ਵਿਸ਼ਾਲ ਸ਼ਰਮਾ ਨੇ 266 ਵੋਟਾਂ ਹਾਸਿਲ ਕਰ ਕੇ ਜਿੱਤੀ।
ਬਾਕੀ ਕਾਰਜਕਾਰਨੀ ਵਿੱਚ ਗਰੁੱਪ-1 ’ਚ ਰਤਨ-ਕਸ਼ਮੀਰ ਧੜੇ ਦੀ ਦੀਪਤੀ ਗੁਪਤਾ ਅਤੇ ਗੌਰਵ ਕਲੋਤਰਾ ਤੇ ਨੌਰਾ-ਮ੍ਰਿਤੁੰਜਯ ਧੜੇ ਦੇ ਗੌਤਮ ਬਹਿਲ ਅਤੇ ਨਿਤਨਿ ਅਰੋੜਾ ਨੇ ਚੋਣ ਜਿੱਤੀ।
ਗਰੁੱਪ-2 ਦੀ ਚੋਣ ’ਤੇ ਰਤਨ-ਕਸ਼ਮੀਰ ਧੜੇ ਨੇ ਚਾਰੋਂ ਸੀਟਾਂ ’ਤੇ ਕਬਜ਼ਾ ਕੀਤਾ। ਇਨ੍ਹਾਂ ਵਿੱਚ ਕਵਿਤਾ ਤਨੇਜਾ, ਨਵੀਨ ਕੌਸ਼ਲ, ਨਵਦੀਪ ਗੋਇਲ, ਐੱਮਸੀ ਸਿੱਧੂ ਚੋਣ ਜਿੱਤੇ। ਗਰੁੱਪ-3 ਦੀ ਚੋਣ ਨਵਦੀਪ ਗੋਇਲ ਧੜੇ ਦੇ ਤਿੰਨ ਉਮੀਦਵਾਰ ਅਨੁਪਮ ਬਾਹਰੀ, ਜਗਜੀਤ ਸਿੰਘ ਅਤੇ ਨਰੇਸ਼ ਕੁਮਾਰ ਚੋਣ ਜਿੱਤੇ। ਇਸ ਤੋਂ ਇਲਾਵਾ ਨੌਰਾ-ਮ੍ਰਿਤੁੰਜਯ ਧੜੇ ਦੇ ਦੀਪਕ ਗੁਪਤਾ ਨੇ ਚੋਣ ਜਿੱਤੀ।
ਗਰੁੱਪ-4 ਦੀ ਚੋਣ ਲਈ ਕੋਈ ਵੀ ਹੋਰ ਉਮੀਦਵਾਰ ਨਾ ਹੋਣ ਕਰ ਕੇ ਕੇਸ਼ਵ ਮਲਹੋਤਰਾ ਅਤੇ ਗਰੁੱਪ-5 ’ਚੋਂ ਪ੍ਰਵੀਨ ਕੁਮਾਰ ਨੂੰ ਨਿਰਵਿਰੋਧ ਚੁਣ ਲਿਆ ਗਿਆ।