ਬਾਸਮਤੀ ਤੋਂ ਵੱਧ ਮੁਨਾਫ਼ਾ ਕਿਵੇਂ ਲਈਏ
ਸਾਉਣੀ ਸੀਜ਼ਨ 2025 ਦੌਰਾਨ ਪੰਜਾਬ ਵਿੱਚ ਬਾਸਮਤੀ ਅਧੀਨ 6.81 ਲੱਖ ਹੈਕਟੇਅਰ ਰਕਬਾ ਹੈ। ਪੰਜਾਬ ਦੇ ਉੱਚ ਗੁਣਵੱਤਾ ਵਾਲੇ ਬਾਸਮਤੀ ਚੌਲ ਉੱਤਰੀ ਅਮਰੀਕਾ, ਯੂਰਪ, ਮੱਧ ਪੂਰਬ ਅਤੇ ਈਰਾਨ ਦੇ ਖਪਤਕਾਰਾਂ ਦੇ ਪਸੰਦੀਦਾ ਹਨ। ਅਪੈਡਾ (APEDA) ਦੇ ਅੰਕੜਿਆਂ ਅਨੁਸਾਰ ਸਾਲ 2024 ਵਿੱਚ ਬਾਸਮਤੀ ਚੌਲਾਂ ਦੇ ਨਿਰਯਾਤ ਤੋਂ ਭਾਰਤ ਦੀ ਵਿਦੇਸ਼ੀ ਮੁਦਰਾ ਕਮਾਈ 50312 ਕਰੋੜ ਰੁਪਏ ਸੀ ਜੋ ਕਿ ਸਾਲ 2023 ਦੀ ਕਮਾਈ ਤੋਂ 1923 ਕਰੋੜ ਰੁਪਏ ਜ਼ਿਆਦਾ ਸੀ। ਇਸ ਵਿੱਚ ਪੰਜਾਬ ਨੇ ਘੱਟੋ-ਘੱਟ 40% ਯੋਗਦਾਨ ਪਾਇਆ ਸੀ ਅਤੇ ਨਿਰਯਾਤ ਦੀਆਂ ਮੁੱਖ ਕਿਸਮਾਂ ਵਿੱਚ ਪੰਜਾਬ ਬਾਸਮਤੀ ਪਹਿਲੇ ਸਥਾਨ ’ਤੇ ਹੈ।
ਕਈ ਮਹੀਨਿਆਂ ਦੀ ਮਿਹਨਤ ਅਤੇ ਲਾਗਤ ਨਾਲ ਪਾਲੀ ਫ਼ਸਲ ਤੋਂ ਉੱਚ ਮੁੱਲ ਪਾਉਣਾ ਹਰੇਕ ਕਿਸਾਨ ਦਾ ਸੁਫ਼ਨਾ ਹੁੰਦਾ ਹੈ ਜੋ ਉਸ ਫ਼ਸਲ ਦੇ ਸਫਲ ਮੰਡੀਕਰਨ ’ਤੇ ਨਿਰਭਰ ਕਰਦਾ ਹੈ। ਹੜ੍ਹਾਂ ਕਾਰਨ ਉਤਪਾਦਨ ਵਿੱਚ ਸੰਭਾਵੀ 20 ਤੋਂ 25 ਪ੍ਰਤੀਸ਼ਤ ਦੀ ਗਿਰਾਵਟ ਦੇ ਬਾਵਜੂਦ ਚੱਲ ਰਹੀ ਮਜ਼ਬੂਤ ਅੰਤਰਰਾਸ਼ਟਰੀ ਮੰਗ ਅਤੇ ਕਾਸ਼ਤ ਖੇਤਰ ਨੂੰ ਵਧਾਉਣ ਦੇ ਯਤਨਾਂ ਤੋਂ ਪਤਾ ਚੱਲਦਾ ਹੈ ਕਿ ਕਿਸਾਨ ਬਿਹਤਰ ਕੀਮਤਾਂ ਅਤੇ ਵਧੇ ਹੋਏ ਮੁਨਾਫ਼ੇ ਦਾ ਮੌਕਾ ਦੇਖ ਸਕਦੇ ਹਨ। ਬਾਸਮਤੀ ਦੇ ਉਤਪਾਦਨ ਵਿੱਚ ਗਿਰਾਵਟ ਆਉਣ ਦੇ ਬਾਵਜੂਦ ਨਿਰਯਾਤਕਾਂ ਦੀ ਪ੍ਰਾਪਤੀ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ ਕਿਉਂਕਿ ਵਿਸ਼ਵ ਵਿਆਪੀ ਸਪਲਾਈ ਸੀਮਤ ਹੋਵੇਗੀ।
ਉਤਪਾਦਕ ਕੋਲ ਮੰਡੀਕਰਨ ਦੇ ਕਈ ਵਿਕਲਪ ਹਨ; ਇੱਕ ਤਾਂ ਨਿੱਜੀ ਮੰਡੀਕਰਨ ਵਿਕਲਪ ਅਤੇ ਦੂਸਰਾ ਸੰਸਥਾਗਤ ਮੰਡੀਕਰਨ ਵਿਕਲਪ। ਨਿੱਜੀ ਮੰਡੀਕਰਨ ਵਿਕਲਪ ਵਿੱਚ ਬਾਸਮਤੀ ਦਾ ਸਵੈ ਮੰਡੀਕਰਨ, ਘਰੇਲੂ ਬਾਜ਼ਾਰੀਕਰਨ ਅਤੇ ਨਿਰਯਾਤ ਵਪਾਰ ਰਾਹੀਂ ਚੰਗੇ ਮੁਨਾਫ਼ੇ ਨਾਲ ਸਫਲ ਵਪਾਰ ਕਰ ਸਕਦਾ ਹੈ। ਸੰਸਥਾਗਤ ਮੰਡੀਕਰਨ ਵਿਕਲਪ ਵਿੱਚ ਉਹ ਉਪਜ ਮੰਡੀ ਵਿੱਚ ਸਰਕਾਰ ਵੱਲੋਂ ਤੈਅ ਨੋਡਲ ਏਜੰਸੀਆਂ ਜਾਂ ਪ੍ਰਾਈਵੇਟ ਵਪਾਰੀਆਂ ਨੂੰ ਵੇਚ ਸਕਦਾ ਹੈ।
ਬਾਸਮਤੀ ਦਾ ਸਵੈ ਮੰਡੀਕਰਨ : ਬਾਸਮਤੀ ਦਾ ਚੰਗਾ ਮੁੱਲ ਲੈਣ ਲਈ ਸਵੈ ਮੰਡੀਕਰਨ ਇੱਕ ਬਹੁਤ ਵਧੀਆ ਵਿਕਲਪ ਹੈ। ਸਭ ਤੋਂ ਛੋਟਾ ਅਤੇ ਕੁਸ਼ਲ ਮਾਰਕੀਟਿੰਗ ਚੈਨਲ ਅਪਣਾਉਂਦੇ ਹੋਏ ਬਾਸਮਤੀ ਦੇ 15-20% ਹਿੱਸੇ ਦੀ ਮਿਲਿੰਗ, ਪਿੰਡਾਂ ਵਿੱਚ ਲਗਾਏ ਐਗਰੋ ਪ੍ਰੋਸੈਸਿੰਗ ਕੰਪਲੈਕਸਾਂ ਜਾਂ ਕਿਸਾਨ ਖੁਦ ਦੀ ਮਿੰਨੀ ਰਾਈਸ ਮਿੱਲ ਮਸ਼ੀਨ ਖ਼ਰੀਦ ਕੇ ਕਰ ਸਕਦਾ ਹੈ। ਮਿੰਨੀ ਰਾਈਸ ਮਿੱਲ ਮਸ਼ੀਨ, ਜਿਸ ਦੀ ਮਿਲਿੰਗ ਸਮਰੱਥਾ 2.5 ਕੁਇੰਟਲ ਪ੍ਰਤੀ ਘੰਟਾ ਦੀ ਹੈ, ਦੀ ਅੰਦਾਜ਼ਨ ਕੀਮਤ 3 ਲੱਖ ਰੁਪਏ ਹੈ। ਕੁਝ ਕਿਸਾਨ ਸਮੂਹ ਬਣਾ ਕੇ ਵੀ ਇਹ ਮਸ਼ੀਨ ਖ਼ਰੀਦ ਸਕਦੇ ਹਨ ਜਾਂ ਕਿਸੇ ਐਗਰੋ ਪ੍ਰੋਸੈਸਿੰਗ ਯੂਨਿਟ ਤੋਂ ਮਿਲਿੰਗ ਕਰਵਾ ਸਕਦੇ ਹਨ। ਮਿਲਿੰਗ ਤੋਂ ਬਾਅਦ ਗ੍ਰੇਡਿੰਗ ਅਤੇ ਪੈਕਿੰਗ ਵੱਲ ਵਿਸ਼ੇਸ਼ ਧਿਆਨ ਦੇਣਾ ਹੋਵੇਗਾ। ਪੈਕ ਕੀਤੇ ਬਾਸਮਤੀ ਚਾਵਲਾਂ ਦੀ ਸਿੱਧੀ ਮਾਰਕੀਟਿੰਗ (ਬਿਨਾਂ ਕਿਸੇ ਵਿਚੋਲੇ ਦੇ) ਖਪਤਕਾਰਾਂ ਤੱਕ ਜਾਂ ਰੀਟੇਲ ਆਊਟਲੈਟਾਂ ’ਤੇ ਮਾਰਕੀਟ ਰੇਟ ’ਤੇ ਕਰ ਸਕਦਾ ਹੈ। ਇਸ ਤੋਂ ਇਲਾਵਾ ਕਿਸਾਨ ਬਾਜ਼ਾਰ, ਕਿਸਾਨ ਸਿਖਲਾਈ ਕੈਂਪ, ਕਿਸਾਨ ਮੇਲੇ, ਕਿਸਾਨ ਹੱਟਸ, ਖੇਡ ਮੇਲੇ, ਵਿਰਾਸਤੀ ਮੇਲੇ, ਵਾਤਾਵਰਨ ਸੰਭਾਲ ਮੇਲੇ ਆਦਿ ਪਲੈਟਫਾਰਮਾਂ ’ਤੇ ਪੈਕਡ ਚਾਵਲਾਂ ਦੀ ਸਿੱਧੀ ਸੇਲ ਖਪਤਕਾਰਾਂ ਨੂੰ ਕਰ ਸਕਦੇ ਹਨ। ਖਪਤਕਾਰਾਂ ਨਾਲ ਭਵਿੱਖ ਵਿੱਚ ਵੀ ਸਿੱਧਾ ਸੰਪਰਕ ਰੱਖਣ ਲਈ ਉਨ੍ਹਾਂ ਦਾ ਪਤਾ, ਫੋਨ ਨੰਬਰ ਲੈ ਕੇ ਲਿਸਟ ਤਿਆਰ ਕੀਤੀ ਜਾਵੇ ਅਤੇ ਹਰ ਸਾਲ ਉਨ੍ਹਾਂ ਦੀ ਮੰਗ ਅਤੇ ਲੋੜ ਅਨੁਸਾਰ ਮਿਲਿੰਗ ਦੀ ਮਾਤਰਾ ਵਧਾਈ ਜਾ ਸਕਦੀ ਹੈ। ਬਾਸਮਤੀ ਦੇ ਕੁਦਰਤੀ ਭੌਤਿਕ ਗੁਣ ਅਤੇ ਸੰਵੇਦੀ ਗੁਣ (ਗੰਧ ਅਤੇ ਸਵਾਦ) ਬਰਕਰਾਰ ਰੱਖਣ ਲਈ ਗ੍ਰੇਡਿੰਗ ਅਤੇ ਸਾਫ਼ ਸਵੱਛ ਢੁੱਕਵੀਂ ਪੈਕਿੰਗ ਕਰਨੀ ਚਾਹੀਦੀ ਹੈ ਤਾਂ ਜੋ ਉਪਜ ਦਾ ਉੱਚਿਤ ਰੀਟੇਲ ਮੁੱਲ ਪ੍ਰਾਪਤ ਕਰ ਸਕੋ। ਆਪਣੇ ਉਤਪਾਦ ਦੀ ਗੁਣਵੱਤਾ ਬਾਰੇ ਸੋਸ਼ਲ ਮੀਡੀਆ (ਵਟਸਐਪ, ਯੂ-ਟਿਊਬ, ਇੰਸਟਾਗ੍ਰਾਮ, ਫੇਸ ਬੁੱਕ) ਰਾਹੀਂ ਪ੍ਰਚਾਰ ਵੀ ਕਰ ਸਕਦੇ ਹੋ ਤਾਂ ਜੋ ਉਸ ਦੀ ਜਾਣਕਾਰੀ ਘਰ ਬੈਠੇ ਬਹੁਤ ਲੋਕਾਂ ਤੱਕ ਪਹੁੰਚ ਸਕੇ। ਨਿਰੰਤਰ ਸਪਲਾਈ ਲਈ ਗਾਹਕਾਂ ਵਿੱਚ ਗੁਣਵੱਤਾ ਦਾ ਭਰੋਸਾ ਬਣਾਈ ਰੱਖਣਾ ਵੀ ਜ਼ਰੂਰੀ ਹੈ।
ਬਾਸਮਤੀ ਉਤਪਾਦਾਂ ਦਾ ਵਪਾਰ: ਪ੍ਰੋਸੈਸਿੰਗ ਅਤੇ ਗ੍ਰੇਡਿੰਗ ਦੌਰਾਨ ਚਾਵਲਾਂ ਦੀ ਟੁੱਟ-ਭੱਜ ਤੋਂ ਚਾਵਲਾਂ ਦਾ ਪਾਊਡਰ/ ਆਟਾ ਤਿਆਰ ਕੀਤਾ ਜਾ ਸਕਦਾ ਹੈ। ਇਸ ਆਟੇ ਤੋਂ ਬਹੁਤ ਸਾਰੇ ਰੇਡੀਮੇਡ ਨਾਸ਼ਤੇ (ਇਡਲੀ ਮਿਕਸ/ਉਤਪਮ ਮਿਕਸ/ਡੋਸਾ ਬੈਟਰ), ਸੇਵੀਆਂ, ਨੂਡਲਜ਼, ਪੈਨਕੇਕਸ ਮਿਕਸ, ਕੇਕ, ਪੂੜਾ, ਰੋਟੀ, ਪਾਪੜ ਆਦਿ ਬਣਾਏ ਜਾਂਦੇ ਹਨ। ਗਲੂਟਨ ਫਰੀ ਹੋਣ ਕਾਰਨ ਚਾਵਲਾਂ ਤੋਂ ਬਣੇ ਉਤਪਾਦਾਂ ਦੀ ਮਾਰਕੀਟ ਵਿੱਚ ਅੱਜਕੱਲ੍ਹ ਬਹੁਤ ਮੰਗ ਵਧੀ ਹੈ। ਰੇਡੀਮੇਡ ਸੂਪ ਪਾਊਡਰ ਤਿਆਰ ਕਰਨ ਵੇਲੇ ਚਾਵਲਾਂ ਦਾ ਆਟਾ ਸੂਪ ਨੂੰ ਸੰਘਣਾ ਕਰਨ ਵਜੋਂ ਵਰਤਿਆ ਜਾ ਸਕਦਾ। ਬਹੁਤ ਸਾਰੀਆਂ ਮਠਿਆਈਆਂ ਚਾਵਲਾਂ ਦੇ ਆਟੇ ਤੋਂ ਬਣਾਈਆਂ ਜਾਂਦੀਆਂ ਹਨ। ਟੋਟਾ ਚਾਵਲਾਂ ਤੋਂ ਬਹੁਤ ਸਾਰੇ ਉਤਪਾਦ ਅਤੇ ਵਿਅੰਜਨ ਤਿਆਰ ਕਰਕੇ ਉਸ ਦੇ ਮੁੱਲ ਵਿੱਚ ਹੋਰ ਵਾਧਾ ਕੀਤਾ ਜਾ ਸਕਦਾ ਹੈ ਅਤੇ ਮੁਨਾਫ਼ੇ ਦੀ ਸਮਰੱਥਾ ਨੂੰ ਵਧਾਇਆ ਜਾ ਸਕਦਾ ਹੈ। ਸੈਲਫ਼ ਹੈਲਪ ਗਰੁੱਪ ਬਣਾ ਕੇ ਵੀ ਇਸ ਤਰ੍ਹਾਂ ਦੇ ਉਤਪਾਦ ਤਿਆਰ ਕੀਤੇ ਜਾ ਸਕਦੇ ਹਨ।
ਬਾਸਮਤੀ ਦਾ ਘਰੇਲੂ ਵਪਾਰ: ਮੰਡੀਆਂ ਵਿੱਚ ਬਾਸਮਤੀ ਝੋਨਾ ਲਿਜਾਉਣ ਤੋਂ ਪਹਿਲਾਂ Agmarknet.nic.in.portal ਜਾਂ e-mandikaran ਸਾਈਟ ’ਤੇ ਵੱਖ-ਵੱਖ ਮੰਡੀਆਂ ਦੇ ਰੋਜ਼ਾਨਾ ਦੇ ਰੇਟ ਪਤਾ ਕਰਕੇ ਹੀ ਉਸ ਮੁਤਾਬਿਕ ਵੱਧ ਰੇਟ ਮੁਹੱਈਆ ਕਰਾਉਣ ਵਾਲੀ ਮੰਡੀ ਵਿੱਚ ਜਿਣਸ ਲੈ ਕੇ ਜਾਓ। ਕੁਝ ਮੰਡੀਆਂ ਜਿੱਥੇ ਰਾਈਸ ਪ੍ਰੋਸੈਸਿੰਗ ਅਤੇ ਐਕਸਪੋਰਟ ਕਰਨ ਵਾਲੀਆਂ ਕੰਪਨੀਆਂ ਜਿਵੇਂ ਕਿ ਕੇਆਰਬੀਐੱਲ, ਲਾਲ ਕਿਲ੍ਹਾ ਰਾਈਸ ਐਕਸਪੋਰਟਰ, ਹਰਿਆਣਾ ਦੇ ਪ੍ਰਾਈਵੇਟ ਖ਼ਰੀਦਦਾਰਾਂ ਵੱਲੋਂ ਪੰਜਾਬ ਦੇ ਉਤਪਾਦਕਾਂ ਤੋਂ ਬਾਸਮਤੀ ਦੀ ਸਭ ਤੋਂ ਵੱਧ ਖ਼ਰੀਦ ਕੀਤੀ ਜਾਂਦੀ ਹੈ, ਅਜਿਹੀਆਂ ਮੰਡੀਆਂ ਤੱਕ ਉਪਜ ਦੀ ਪਹੁੰਚ ਕੀਤੀ ਜਾਣੀ ਚਾਹੀਦੀ ਹੈ। ਪੰਜਾਬ ਦੀਆਂ ਕੁਝ ਮੰਡੀਆਂ ਜਿਵੇਂ ਕਿ ਰਾਜਪੁਰਾ, ਖੰਨਾ, ਚੀਕਾ, ਜਗਰਾਉਂ ਆਦਿ ਜਿੱਥੇ ਬਾਸਮਤੀ ਦੇ ਰੇਟ ਜ਼ਿਆਦਾਤਰ ਵੱਧ ਹੁੰਦੇ ਹਨ, ਅਜਿਹੀਆਂ ਮੰਡੀਆਂ ਰਾਹੀਂ ਮੰਡੀਕਰਨ ਕਰ ਕੇ ਜਿਣਸ ਦਾ ਉੱਚ ਮੁੱਲ ਪਾ ਸਕਦੇ ਹੋ।
ਬਾਸਮਤੀ ਦਾ ਨਿਰਯਾਤ ਵਪਾਰ : ਭਾਰਤ ਵਿਸ਼ਵ ਮੰਡੀ ਵਿੱਚ ਬਾਸਮਤੀ ਚੌਲਾਂ ਦਾ ਮੁੱਖ ਨਿਰਯਾਤਕ ਹੈ। ਪੰਜਾਬ ਦੇ ਉੱਚ ਗੁਣਵੱਤਾ ਵਾਲੇ ਬਾਸਮਤੀ ਚੌਲ ਉੱਤਰੀ ਅਮਰੀਕਾ, ਯੂਰਪ, ਮੱਧ ਪੂਰਬ ਅਤੇ ਈਰਨ ਦੇ ਖਪਤਕਾਰਾਂ ਦੇ ਪਸੰਦੀਦਾ ਹਨ। ਇਸ ਸਾਲ ਪੰਜਾਬ ਵਿੱਚ ਬਾਸਮਤੀ ਹੇਠ ਰਕਬਾ ਵੀ ਪਿਛਲੇ ਸਾਲ ਨਾਲੋਂ ਵਧਿਆ ਹੈ।
ਬਾਸਮਤੀ ਚਾਵਲਾਂ ਦਾ ਪੂਰਾ ਮੁਨਾਫ਼ਾ ਲੈਣ ਲਈ ਜੇਕਰ ਤੁਸੀਂ ਨਿਰਯਾਤ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਆਪਣੀ ਫਰਮ/ਕਾਰੋਬਾਰ ਦਾ ਨਾਮ ਰੱਖ ਲਿਆ ਜਾਵੇ ਅਤੇ ਜੀ.ਐੱਸ.ਟੀ. ਨੰਬਰ ਵੀ ਲੈ ਲਿਆ ਜਾਵੇ ਤਾਂ ਜੋ ਵਿਦੇਸ਼ੀ ਮੁਦਰਾ ਵਿੱਚ ਲੈਣ ਦੇਣ ਲਈ ਅਧਿਕਾਰਤ ਬੈਂਕ ਵਿੱਚ ਚਾਲੂ ਖਾਤਾ (ਕਰੰਟ ਅਕਾਊਂਟ) ਖੁੱਲ੍ਹਵਾਇਆ ਜਾ ਸਕੇ। ਨਿਰਯਾਤ ਲਈ ਤੁਹਾਨੂੰ ਅਪੈਡਾ ਨਾਲ ਰਜਿਸਟਰ ਕਰਨਾ ਹੋਵੇਗਾ ਜਿਸ ਲਈ ਅਪੈਡਾ ਦੀ ਵੈੱਬਸਾਈਟ apeda.gov.in ’ਤੇ ਜਾ ਕੇ “Register as member’’ ਕਲਿਕ ਕਰੋ ਅਤੇ ਆਰ.ਸੀ.ਐੱਮ.ਸੀ. (ਰਜਿਸਟ੍ਰੇਸ਼ਨ ਕਮ ਮੈਂਬਰਸ਼ਿਪ ਸਰਟੀਫਿਕੇਟ) ਲਈ ਫਾਰਮ ਭਰੋ। ਇਮਪੋਰਟ-ਐਕਸਪੋਰਟ ਕੋਡ ਨੰਬਰ ਲਈ ਭਾਰਤ ਸਰਕਾਰ ਦੇ ਆਨਲਾਈਨ ਪੋਰਟਲ ’ਤੇ ਅਪਲਾਈ ਕਰ ਸਕਦੇ ਹੋ। ਇਸ ਦੇ ਲਈ ਫਾਈਟੋਸੈਨਟਰੀ ਸਰਟੀਫਿਕੇਟ ਦੀ ਵੀ ਜ਼ਰੂਰਤ ਹੁੰਦੀ ਹੈ ਜੋ ਸਰਕਾਰੀ ਵੈੱਬਸਾਈਟ www.indiafilings.com ’ਤੇ ਆਨਲਾਈਨ ਪ੍ਰਾਪਤ ਕਰ ਸਕਦੇ ਹੋ। ਜੇਕਰ ਆਨਲਾਈਨ ਅਪਲਾਈ ਕਰਨ ਵਿੱਚ ਦਿੱਕਤ ਹੈ ਤਾਂ ਇਹ ਸਰਟੀਫਿਕੇਟ ਲੇਣ ਲਈ ਡੀ.ਜੀ.ਐੱਫ.ਟੀ. (ਡਾਇਰੈਕਟੋਰੇਟ ਜਨਰਲ ਫੌਰਨ ਟਰੇਡ) ਦਫ਼ਤਰ (ਬਲਾਕ-ਈ, ਬੀ.ਆਰ.ਐੱਸ. ਨਗਰ, ਲੁਧਿਆਣਾ) ਵਿਖੇ ਸੰਪਰਕ ਕਰ ਸਕਦੇ ਹੋ। ਬਾਸਮਤੀ ਦੇ ਖ਼ਰੀਦਦਾਰ ਲੱਭਣ ਲਈ ਅਪੈਡਾ ਵੱਲੋਂ ਲਗਾਏ ਵਪਾਰ ਮੇਲਿਆਂ, eximpedia,app ਵਰਗੇ ਔਨਲਾਈਨ ਬਾਜ਼ਾਰਾਂ ਰਾਹੀਂ ਸਿੱਧੇ ਆਯਾਤਕਾਂ ਨਾਲ ਨਿਰਯਾਤ ਵਪਾਰ ਲਈ ਸੰਪਰਕ ਕਰ ਸਕਦੇ ਹੋ। ਅਪੈਡਾ ਵੀ ਇਸ਼ਤਿਹਾਰਬਾਜ਼ੀ, ਪੈਕੇਜ਼ਿੰਗ ਵਿਕਾਸ ਅਤੇ ਮਾਰਕੀਟਿੰਗ ਵਿੱਚ ਸਹਾਇਤਾ ਕਰਦਾ ਹੈ। ਜ਼ਿਲ੍ਹਾ ਉਦਯੋਗ ਸੈਂਟਰ ਵੀ ਉੱਦਮੀ ਕਿਸਾਨਾਂ ਨੂੰ ਐਕਸਪੋਰਟ ਸਬੰਧੀ ਸਪੈਸ਼ਲ ਸਿਖਲਾਈ ਮੁਹੱਈਆ ਕਰਵਾਉਂਦੇ ਹਨ।
ਐੱਗਮਾਰਕ ਪ੍ਰਮਾਣਿਕਤਾ : ਐੱਗਮਾਰਕ ਭਾਰਤ ਸਰਕਾਰ ਦੀ ਗੁਣਵੱਤਾ ਪ੍ਰਮਾਣਿਕਤਾ ਸਕੀਮ ਹੈ ਜਿਸ ਅਧੀਨ ਖੇਤੀਬਾੜੀ ਅਤੇ ਸਹਾਇਕ ਧੰਦਿਆਂ (ਬਾਗਬਾਨੀ, ਪਸ਼ੂ ਧੰਨ, ਮਧੂ ਮੱਖੀ ਪਾਲਣ) ਤੋਂ ਪ੍ਰਾਪਤ ਉਤਪਾਦਾਂ ਦੀ ਗੁਣਵੱਤਾ ਦੇ ਆਧਾਰ ’ਤੇ ਦਰਜਾਬੰਦੀ ਕਰਕੇ ਪੈਕਿੰਗ ਅਤੇ ਮਾਰਕਿੰਗ ਕਰਵਾਈ ਜਾਂਦੀ ਹੈ। ਬਾਸਮਤੀ ਦੇ ਨਿਰਯਾਤ ਵਪਾਰ ਲਈ ਐੱਗਮਾਰਕ ਪ੍ਰਮਾਣਿਕਤਾ ਕਰਵਾਉਣੀ ਲਾਜ਼ਮੀ ਹੈ । ਐੱਗਮਾਰਕ ਪ੍ਰਮਾਣਿਕਤਾ ਲਈ ਭਾਰਤ ਸਰਕਾਰ ਦੀ ਸਾਈਟ www.dmi.gov.in ’ਤੇ ਜਾ ਕੇ AGMARK online ’ਤੇ ਕਲਿਕ ਕਰੋ ਅਤੇ ਐੱਗਮਾਰਕ ਦਾ ਸੀ.ਏ.-ਸਰਟੀਫਿਕੇਟ ਆਫ ਆਥੋਰਾਈਜੇਸ਼ਨ (ਅਧਿਕਾਰ ਪੱਤਰ) ਪ੍ਰਾਪਤ ਕਰ ਸਕਦੇ ਹੋ। ਭਾਰਤ ਸਰਕਾਰ ਵੱਲੋਂ ਪ੍ਰਮਾਣਿਤ ਬਾਸਮਤੀ ਦੇ ਮਾਪਦੰਡਾਂ ਦੀ ਪੂਰੀ ਜਾਣਕਾਰੀ ਲਈ www.dmi.gov.in ’ਤੇ ਜਾ ਕੇ AGMARK ’ਤੇ ਕਲਿਕ ਕਰੋ ਅਤੇ ਫਿਰ Grading and Standadization ’ਤੇ ਜਾ ਕੇ ਬਾਸਮਤੀ ਦੇ ਗ੍ਰੇਡ ਅਤੇ ਉਨ੍ਹਾਂ ਦੇ ਮਾਪਦੰਡ ਦੇਖ ਸਕਦੇ ਹੋ।
ਬਾਸਮਤੀ ਦੇ ਸਫਲ ਅਤੇ ਲਾਹੇਵੰਦ ਵਪਾਰ ਦੇ ਨੁਕਤੇ:- ਬਾਸਮਤੀ ਚਾਵਲਾਂ ਦੇ ਸਫਲ ਅਤੇ ਲਾਹੇਵੰਦ ਨਿਰਯਾਤ ਵਪਾਰ ਲਈ ਉੱਚ ਗੁਣਵੱਤਾ ਵਾਲੇ, ਕੀਟ ਨਾਸ਼ਕ ਰਹਿੰਦ ਖੂੰਹਦ ਮੁਕਤ ਬਾਸਮਤੀ ਦਾ ਉਤਪਾਦਨ ਬੇਹੱਦ ਜ਼ਰੂਰੀ ਹੈ। ਇਸ ਦੇ ਲਈ ਖ਼ਾਸ ਕੀਟਨਾਸ਼ਕਾਂ ਦੀ ਪੂਰਨ ਪਾਬੰਦੀ ਅਤੇ ਬਾਸਮਤੀ ਨੈੱਟ ਵਰਗੇ ਨਵੇਂ ਟਰੇਸੀਬਿਲਟੀ ਸਿਸਟਮ ਨੂੰ ਉਤਸ਼ਾਹਤ ਕੀਤਾ ਜਾਣਾ ਜ਼ਰੂਰੀ ਹੈ ਤਾਂ ਜੋ ਪੰਜਾਬ ਦੇ ਪ੍ਰੀਮੀਅਮ ਚੌਲਾਂ ਦੇ ਨਿਰਯਾਤ ਨੂੰ ਯਕੀਨੀ ਅਤੇ ਸੁਰੱਖਿਅਤ ਰੱਖਿਆ ਜਾ ਸਕੇ। ਜਿਣਸ ਦਾ ਉੱਚ ਵਪਾਰਕ ਮੁੱਲ ਲੈਣ ਲਈ ਐੱਗਮਾਰਕ ਪ੍ਰਮਾਣਿਕਤਾ, ਸਹੀ ਮੰਡੀ ਦੀ ਚੋਣ ਅਤੇ ਨਿਰਧਾਰਤ ਗੁਣਵੱਤਾ ਮਾਪਦੰਡਾਂ ’ਤੇ ਪੂਰਾ ਉਤਰਨ ਨੂੰ ਯਕੀਨੀ ਬਣਾਇਆ ਜਾਵੇ। ਨਿਰਧਾਰਤ ਮਾਪਦੰਡਾਂ ਅਨੁਸਾਰ ਆਪਣੇ ਪੱਧਰ ’ਤੇ ਵੀ ਜਿਣਸ ਦੀ ਗ੍ਰੇਡਿੰਗ ਕੀਤੀ ਜਾਣੀ ਚਾਹੀਦੀ ਹੈ। ਜਿਣਸ ਪੂਰੀ ਤਰ੍ਹਾਂ ਸੁੱਕੀ, ਸਾਫ਼ ਸਵੱਛ, ਸੁਗੰਧਿਤ, ਦਾਣਿਆਂ ਦੇ ਰੰਗ ਅਤੇ ਸਾਈਜ਼ ਵਿੱਚ ਇਕਸਾਰਤਾ ਹੋਣੀ ਚਾਹੀਦੀ ਹੈ। ਇਹ ਗੰਧ, ਉੱਲੀ, ਕੀੜਿਆਂ ਅਤੇ ਅਸ਼ੁੱਧੀਆਂ ਤੋਂ ਰਹਿਤ ਹੋਣੀ ਚਾਹੀਦੀ ਹੈ ਤਾਂ ਜੋ ਮੰਡੀਕਰਨ ਸੌਖਾਲਾ, ਸੁਚੱਜਾ, ਸਮੇਂ ਸਿਰ, ਕੁਸ਼ਲ ਅਤੇ ਉੱਚ ਮੁੱਲ ਦਿਵਾਉਣ ਵਾਲਾ ਹੋਵੇ।
*ਖੇਤੀਬਾੜੀ ਮਾਰਕੀਟਿੰਗ ਅਫ਼ਸਰ, ਲੁਧਿਆਣਾ