ਫ਼ਾਜ਼ਿਲਕਾ: ਅਰਨੀਵਾਲਾ ਦੇ ਪਿੰਡਾਂ ’ਚ ਨਰਮੇ ’ਤੇ ਗੁਲਾਬੀ ਸੁੰਡੀ ਦਾ ਹਮਲਾ, ਖੇਤੀਬਾੜੀ ਮੰਤਰੀ ਕਿਸਾਨਾਂ ਕੋਲ ਪੁੱਜੇ
ਪਰਮਜੀਤ ਸਿੰਘ
ਫ਼ਾਜ਼ਿਲਕਾ, 25 ਸਤੰਬਰ
ਅਰਨੀਵਾਲਾ ਦੇ ਪਿੰਡਾਂ ਵਿਚ ਗੁਲਾਬੀ ਸੁੰਡੀ ਦੇ ਹਮਲੇ ਨੇ ਕਿਸਾਨਾਂ ਦੀਆਂ ਨੀਦਾਂ ਹਰਾਮ ਕਰ ਦਿੱਤੀਆਂ ਹਨ, ਜਿਹੜੇ ਕਿਸਾਨਾਂ ਨੂੰ ਨਰਮੇ ਦੀ ਫ਼ਸਲ ਦੇ 50 ਮਣ ਝਾੜ ਦੀ ਆਸ ਸੀ, ਉਹ ਹੁਣ ਘੱਟ ਕੇ 15 ਮਣ ਰਹਿ ਗਿਆ ਹੈ। ਅੱਜ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵਲੋਂ ਅਰਨੀਵਾਲਾ, ਝੋਟਿਆਂ ਵਾਲੀ ਤੇ ਜੰਡਵਾਲਾ ਪਿੰਡਾਂ ਦਾ ਦੌਰਾ ਕੀਤਾ ਗਿਆ ਹੈ, ਜਿੱਥੇ ਉਨ੍ਹਾਂ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ ਹਨ ਅਤੇ ਨੁਕਸਾਨ ਦੀ ਭਰਪਾਈ ਦਾ ਭਰੋਸਾ ਦਿੱਤਾ। ਇਸ ਖੇਤਰ ਵਿਚ 15 ਦਿਨਾਂ ਵਿਚ ਗੁਲਾਬੀ ਸੁੰਡੀ ਦਾ ਹਮਲਾ ਹੋਇਆ। ਕਿਸਾਨਾਂ ਨੂੰ ਆਸ ਸੀ ਕਿ ਇਸ ਵਾਰ ਫ਼ਸਲਾਂ ਦਾ ਝਾੜ ਵਧੀਆ ਰਹੇਗਾ ਅਤੇ ਉਨ੍ਹਾਂ ਦੀ ਆਰਥਿਕਤਾ ਦੀ ਗੱਡੀ ਲੀਹ ’ਤੇ ਆ ਜਾਵੇਗੀ ਪਰ ਗੁਲਾਬੀ ਸੁੰਡੀ ਦੇੋ ਕਾਰਨ ਨਰਮੇ ਦੇ ਘੱਟ ਰਹੇ ਝਾੜ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਵਿਚ ਹੋਰ ਵਾਧਾ ਕਰ ਦਿੱਤਾ ਹੈ। ਮੰਡੀ ਅਰਨੀਵਾਲਾ ਵਿਚ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਹਾਲੇ ਸਾਲ 2022 ਵਿਚ ਹੋਏ ਨੁਕਸਾਨ ਦਾ ਮੁਆਵਜ਼ਾ ਨਹੀਂ ਮਿਲਿਆ ਤੇ ਉਪਰੋਂ ਇਸ ਵਾਰ ਫਿਰ ਵੱਡੀ ਸੱਟ ਵੱਜੀ ਹੈ। ਕਿਸਾਨਾਂ ਨੇੋ ਕਿਹਾ ਕਿ ਉਨ੍ਹਾਂ ਨੂੰ ਨਰਮੇ ’ਤੇ ਕੀਤੀਆਂ ਜਾ ਰਹੀਆਂ ਸਪਰੇਆਂ ’ਤੇ ਸ਼ੱਕ ਹੈ। ਮੰਤਰੀ ਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਸਪਰੇਆਂ ਦੇ ਸੈਂਪਲ ਭਰਨ ਦੇ ਆਦੇਸ਼ ਵੀ ਦਿੱਤੇ ਹਨ। ਪਿੰਡ ਜੰਡਵਾਲਾ ਦੇ ਕਿਸਾਨ ਸਤਨਾਮ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਨਰਮੇ ਦੇ ਵੱਡੇ ਝਾੜ ਦੀ ਆਸ ਸੀ ਪਰ ਹੁਣ ਇਕ ਦਮ ਹੀ ਨਰਮਾ ਕਾਲਾ ਪੈ ਗਿਆ। ਮੰਤਰੀ ਨਾਲ ਹਲਕਾ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਅਤੇ ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਵੀ ਹਾਜ਼ਰ ਸਨ।